ਹਾਲ-ਏ-ਬਦਲਾਅ; ਪੰਜਾਬ ਦੇ ਕਈ ਇਲਾਕਿਆਂ ‘ਚ 24 ਘੰਟਿਆਂ ਤੋਂ ਬਿਜਲੀ ਗਾਇਬ..!
ਚੰਡੀਗੜ੍ਹ/ ਜਲੰਧਰ, 26 ਜੁਲਾਈ 2026 –
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਬਿਜਲੀ ਲਗਭਗ ਗਾਇਬ ਹੈ। ਸਰਹੱਦੀ ਇਲਾਕਿਆਂ ਵਿੱਚ ਤਾਂ ਬਹੁਤ ਬੁਰਾ ਹਾਲ ਹੈ। ਸਰਹੱਦੀ ਇਲਾਕੇ ਤਰਨ ਤਾਰਨ, ਫਿਰੋਜ਼ਪੁਰ, ਫਾਜਿਲਕਾ, ਅਬੋਹਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਬਹੁ-ਗਿਣਤੀ ਹਿੱਸਿਆਂ ਦੇ ਵਿੱਚ ਬਿਜਲੀ ਦਾ ਅੱਠ ਘੰਟੇ ਤੋਂ ਲੈ ਕੇ 16-17 ਘੰਟੇ ਤੱਕ ਦਾ ਕੱਟ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੀ ਜੇਕਰ ਗੱਲ ਕਰੀਏ ਤਾਂ, ਇੱਥੇ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਲਗਾਤਾਰ 24 ਘੰਟੇ ਬੰਦ ਰਹਿਣ ਕਾਰਨ ਆਖ਼ਿਰਕਾਰ ਲੋਕਾਂ ਦਾ ਸਬਰ ਟੁੱਟ ਗਿਆ ਅਤੇ ਉਨ੍ਹਾਂ ਦਾ ਗੁੱਸਾ ਸੜਕਾਂ ‘ਤੇ ਨਿਕਲ ਆਇਆ। ਸ਼ਹਿਰ ਦੇ ਟੀ.ਵੀ. ਟਾਵਰ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਵੀ ਕਾਫ਼ੀ ਸਮਾਂ ਪ੍ਰਭਾਵਿਤ ਰਹੀ।
ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਬਿਜਲੀ ਦਾ ਫ਼ਾਲਟ ਆਉਣ ਤੋਂ ਬਾਅਦ ਪੂਰੀ ਸਪਲਾਈ ਠੱਪ ਹੋ ਗਈ ਸੀ। ਇੱਕ ਦਿਨ ਬੀਤ ਜਾਣ ਦੇ ਬਾਵਜੂਦ ਵਿਭਾਗ ਵੱਲੋਂ ਫ਼ਾਲਟ ਨੂੰ ਦੂਰ ਨਹੀਂ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਦੇ ਵਿਚਕਾਰ ਬਿਜਲੀ ਨਾ ਹੋਣ ਕਾਰਨ ਘਰਾਂ ਵਿੱਚ ਰਹਿ ਰਹੇ ਬਜ਼ੁਰਗਾਂ, ਮਾਸੂਮ ਬੱਚਿਆਂ ਅਤੇ ਬਿਮਾਰ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸੰਕਟ ਦੇ ਚਲਦਿਆਂ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਇਨਵਰਟਰ ਅਤੇ ਹੋਰ ਜ਼ਰੂਰੀ ਘਰੇਲੂ ਉਪਕਰਣ ਵੀ ਬੰਦ ਪਏ ਹਨ, ਜਿਸ ਨਾਲ ਆਮ ਜਨਜੀਵਨ ਪੂਰੀ ਤਰ੍ਹਾਂ ਅਸਥਿਰ ਹੋ ਗਿਆ ਹੈ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਸ਼ਿਕਾਇਤ ਕੇਂਦਰ ‘ਤੇ ਵਾਰ-ਵਾਰ ਫੋਨ ਕਰਕੇ ਸੂਚਨਾ ਦਿੱਤੀ ਸੀ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਜਲਦੀ ਫ਼ਾਲਟ ਠੀਕ ਹੋਣ ਦਾ ਕੋਰਾ ਭਰੋਸਾ ਹੀ ਮਿਲਿਆ। ਜਦੋਂ ਜ਼ਿੰਮੇਵਾਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸੇ ਲਾਪਰਵਾਹੀ ਤੋਂ ਨਾਰਾਜ਼ ਹੋ ਕੇ ਲੋਕਾਂ ਨੇ ਟੀ.ਵੀ. ਟਾਵਰ ਰੋਡ ‘ਤੇ ਧਰਨਾ ਲਾ ਦਿੱਤਾ।
ਧਰਨੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ।
















