NEET ਪੇਪਰ ਲੀਕ ਮਾਮਲਾ: ਮੈਂ ਖੁਸ਼ ਹਾਂ..! ਸਿੱਖਿਆ ਮੰਤਰੀ ਦੇ ਅਸਤੀਫ਼ੇ ‘ਤੇ ਬੋਲੀ ਭਾਜਪਾ MP ਦੀ ਬੇਟੀ! ਇੰਸਟਾਗ੍ਰਾਮ ਅਕਾਊਂਟ ਹੋ ਗਿਆ ਬੰਦ, MP ਦੀ ਧੀ ਨੇ ਪੋਸਟ ਡਿਲੀਟ ਕਰਨ ਤੋਂ ਕੀਤਾ ਸੀ ਇਨਕਾਰ!
ਨਵੀਂ ਦਿੱਲੀ/ਭੁਬਨੇਸ਼ਵਰ, 26 ਜੁਲਾਈ 2026:
ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਦੇਸ਼ ਭਰ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਨਵਾਂ ਸਿਆਸੀ ਬਵਾਲ ਖੜ੍ਹਾ ਹੋ ਗਿਆ ਹੈ। ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਕਥਿਤ ਅਸਤੀਫ਼ੇ ਦੀਆਂ ਖ਼ਬਰਾਂ ਤੋਂ ਬਾਅਦ ਜਿੱਥੇ ਦੇਸ਼ ਦੇ ਕਈ ਹਿੱਸਿਆਂ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਜਸ਼ਨ ਮਨਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਉੱਥੇ ਹੀ ਓਡੀਸ਼ਾ ਦੀ ਭੁਬਨੇਸ਼ਵਰ ਤੋਂ ਭਾਰਤੀ ਜਨਤਾ ਪਾਰਟੀ (BJP) ਦੀ ਮੈਂਬਰ ਪਾਰਲੀਮੈਂਟ (MP) ਅਪਰਾਜਿਤਾ ਸਾਰੰਗੀ ਦੀ ਧੀ ਅਰਚਿਤਾ ਸਚਿਨ ਰਾਹਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਭਾਜਪਾ ਦੇ ਅੰਦਰੂਨੀ ਖੇਮੇ ਵਿੱਚ ਭੂਚਾਲ ਲਿਆ ਦਿੱਤਾ ਹੈ।
ਅਰਚਿਤਾ ਰਾਹਰ ਨੇ ਆਪਣੇ ਇੰਸਟਾਗ੍ਰਾਮ (Instagram) ਅਕਾਊਂਟ ‘ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਬੈਕਗ੍ਰਾਊਂਡ ‘ਚ ਤਿਰੰਗਾ ਝੰਡਾ ਦਿਖਾਈ ਦੇ ਰਿਹਾ ਸੀ। ਤਸਵੀਰ ਦੇ ਨਾਲ ਉਸ ਨੇ ਲਿਖਿਆ, “ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਭਾਰੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ।” ਇਸ ਪੋਸਟ ਦੇ ਵਾਇਰਲ ਹੁੰਦੇ ਹੀ ਭਾਜਪਾ ਆਗੂਆਂ ਅਤੇ ਸਮਰਥਕਾਂ ‘ਚ ਖਲਬਲੀ ਮੱਚ ਗਈ। ਬਵਾਲ ਵਧਦਾ ਦੇਖ, ਕੁਝ ਹੀ ਸਮੇਂ ਬਾਅਦ ਅਰਚਿਤਾ ਦਾ ਇੰਸਟਾਗ੍ਰਾਮ ਅਕਾਊਂਟ ਹੀ ਬੰਦ (ਡੀਐਕਟੀਵੇਟ) ਹੋ ਗਿਆ।
PA ‘ਤੇ ਮੈਸੇਜ ਭੇਜਣ ਦੇ ਦੋਸ਼, ਪੋਸਟ ਹਟਾਉਣ ਤੋਂ ਕੀਤਾ ਸੀ ਇਨਕਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਪੋਸਟ ਤੋਂ ਬਾਅਦ ਧਰਮਿੰਦਰ ਪ੍ਰਧਾਨ ਦੇ ਦਫ਼ਤਰ ਵੱਲੋਂ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੂੰ ਫੋਨ ਕੀਤਾ ਗਿਆ ਸੀ ਤਾਂ ਜੋ ਉਹ ਆਪਣੀ ਧੀ ਤੋਂ ਇਹ ਪੋਸਟ ਹਟਵਾ ਸਕਣ। ਹਾਲਾਂਕਿ, ਇਹ ਪੋਸਟ ਕਾਫ਼ੀ ਦੇਰ ਤੱਕ ਅਰਚਿਤਾ ਦੀ ਪ੍ਰੋਫਾਈਲ ‘ਤੇ ਮੌਜੂਦ ਰਹੀ। ਇਸ ਤੋਂ ਵੀ ਵੱਧ ਧਮਾਕੇਦਾਰ ਗੱਲ ਇਹ ਰਹੀ ਕਿ ਅਰਚਿਤਾ ਨੇ ਇੱਕ ਹੋਰ ਸੁਨੇਹਾ ਲਿਖ ਕੇ ਪੋਸਟ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਲਿਖਿਆ, “ਧਰਮਿੰਦਰ ਪ੍ਰਧਾਨ ਦੇ ਨਿੱਜੀ ਸਹਾਇਕ (PA), ਜੋ ਮੇਰੀ ਮਾਂ ਨੂੰ ਮੇਰੀ ਪਿਛਲੀ ਸਟੋਰੀ ਹਟਾਉਣ ਲਈ ਮੈਸੇਜ ਭੇਜਣ ਵਾਲੇ ਹਨ, ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਪਰੇਸ਼ਾਨ ਨਾ ਹੋਣ। ਮੈਂ ਇਸ ਪੋਸਟ ਨੂੰ ਬਿਲਕੁਲ ਨਹੀਂ ਹਟਾਵਾਂਗੀ। ਜੈ ਜਗਨਨਾਥ। ਜੈ ਹਿੰਦ।”

ਇਸ ਪੋਸਟ ਤੋਂ ਬਾਅਦ ਓਡੀਸ਼ਾ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਅਪਰਾਜਿਤਾ ਸਾਰੰਗੀ ਦੀ ਧੀ ਦੇ ਰਵੱਈਏ ‘ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਮਿੰਦਰ ਪ੍ਰਧਾਨ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਭਾਜਪਾ ਨੇਤਾ ਜਗਨਨਾਥ ਪ੍ਰਧਾਨ ਨੇ ਖੁੱਲ੍ਹ ਕੇ ਇਸ ਦੀ ਨਿਖੇਧੀ ਕਰਦਿਆਂ ਕਿਹਾ, “ਧਰਮਿੰਦਰ ਪ੍ਰਧਾਨ ਨਾਲ ਜੁੜੀ ਇਸ ਖ਼ਬਰ ਨਾਲ ਸਾਰਿਆਂ ਨੂੰ ਦੁੱਖ ਪਹੁੰਚਿਆ ਹੈ। ਓਡੀਸ਼ਾ ਦੇ ਲੋਕਾਂ ਨੇ ਬਿਹਾਰ ਦੀ ਧੀ ਅਪਰਾਜਿਤਾ ਸਾਰੰਗੀ ਨੂੰ ਦੋ ਵਾਰ ਸੰਸਦ ਮੈਂਬਰ ਚੁਣ ਕੇ ਵੱਡਾ ਮਾਣ ਦਿੱਤਾ ਹੈ, ਪਰ ਉਨ੍ਹਾਂ ਦੀ ਧੀ ਵੱਲੋਂ ਕੀਤੀ ਗਈ ਅਜਿਹੀ ਪੋਸਟ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ।”
ਧੀ ਦੀ ਪੋਸਟ ‘ਤੇ ਵੱਡੇ ਪੱਧਰ ‘ਤੇ ਹੰਗਾਮਾ ਹੋਣ ਤੋਂ ਬਾਅਦ, ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਸ਼ਨੀਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਿਖਿਆ, “ਧਰਮਿੰਦਰ ਪ੍ਰਧਾਨ ਜੀ ਨੇ ਅੱਜ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਅਸਤੀਫ਼ਾ ਦੇਣਾ ਬਹੁਤ ਵੱਡੇ ਹੌਂਸਲੇ ਦਾ ਕੰਮ ਹੈ। ਇਸ ਔਖੀ ਘੜੀ ਵਿੱਚ ਮੈਂ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹਾਂ। ਆਉਣ ਵਾਲੇ ਦਿਨਾਂ ਲਈ ਉਨ੍ਹਾਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਭਗਵਾਨ ਜਗਨਨਾਥ ਜੀ ਉਨ੍ਹਾਂ ‘ਤੇ ਆਪਣੀ ਮਿਹਰ ਬਣਾਈ ਰੱਖਣ।” ਇਸ ਪੂਰੇ ਘਟਨਾਕ੍ਰਮ ਨੇ ਨੀਟ ਵਿਵਾਦ ਦੇ ਨਾਲ-ਨਾਲ ਓਡੀਸ਼ਾ ਭਾਜਪਾ ਦੇ ਅੰਦਰੂਨੀ ਸਿਆਸੀ ਸਮੀਕਰਨਾਂ ਨੂੰ ਵੀ ਗਰਮਾ ਦਿੱਤਾ ਹੈ।
















