Join WhatsApp

Join Now

Education Department ਵੱਲੋਂ ਅਧਿਆਪਕਾਂ ਦੀਆਂ ਮੁੱਖ ਮੰਤਰੀ ਦੇ ਪਿੰਡ ਜ਼ਬਰੀ ਡੈਪੂਟੇਸ਼ਨਾਂ!

On: ਅਕਤੂਬਰ 1, 2026 7:00 ਬਾਃ ਦੁਃ

 

Education Department! ਇਹ ਕਿਹੋ ਰਿਹਾ ਬਦਲਾਅ? ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਨਵੇਂ ਅਪਗਰੇਡ ਕੀਤੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਕੀਤੀ ਜ਼ਬਰੀ ਡੈਪੂਟੇਸ਼ਨ, ਡੀਟੀਐਫ਼ ਨੇ ਲਿਆ ਸਖ਼ਤ ਨੋਟਿਸ- ਸੰਘਰਸ਼ ਦੀ ਚੇਤਾਵਨੀ

Education Department! ਸੰਗਰੂਰ, 1 ਅਕਤੂਬਰ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਦੁਆਰਾ ਚੀਮਾ ਬਲਾਕ ਦੇ ਵੱਖ ਵੱਖ ਸਕੂਲਾਂ ਵਿੱਚੋਂ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਨਵੇਂ ਅਪਗਰੇਡ ਕੀਤੇ ਸਰਕਾਰੀ ਸਕੂਲ ਵਿੱਚ ਕੀਤੀ ਜ਼ਬਰੀ ਡੈਪੂਟੇਸ਼ਨ ਦਾ ਸਖ਼ਤ ਨੋਟਿਸ ਲਿਆ ਗਿਆ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਕਿਸੇ ਨਵੇਂ ਅਪਗਰੇਡ ਕੀਤੇ ਸਕੂਲ ਨੂੰ ਚਲਾਉਣ ਲਈ ਬਲਾਕ ਦੇ ਹੋਰ ਪੰਜ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨਾਸ ਕਰਨਾ ਤਰਕਹੀਣ ਕਾਰਵਾਈ ਅਤੇ ਰਾਜਨੀਤਕ ਸਟੰਟ ਹੈ ਕਿਉਂਕਿ ਜਿਹੜੇ ਸਕੂਲਾਂ ਵਿੱਚੋਂ ਡੈਪੂਟੇਸ਼ਨ ਕੀਤੀ ਗਈ ਹੈ ਉੱਥੇ ਪਿੱਛੇ ਉਹਨਾਂ ਵਿਸ਼ਿਆਂ ਦਾ ਕੋਈ ਹੋਰ ਅਧਿਆਪਕ ਮੌਜੂਦ ਨਹੀਂ ਹੈ। ਅਜਿਹਾ ਕਰਨਾ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਅਨਿਆ ਅਤੇ ਉਹਨਾਂ ਦੇ ਸਿੱਖਿਆ ਦੇ ਅਧਿਕਾਰ ਦਾ ਉਲੰਘਣ ਹੈ।

ਬਲਾਕ ਦੇ ਇੱਕ ਮਿਡਲ ਸਕੂਲ ਵਿੱਚ ਕੰਮ ਕਰਦੇ ਚਾਰ ਅਧਿਆਪਕਾਂ ਵਿੱਚੋਂ ਦੋ ਅਧਿਆਪਕ ਸਤੌਜ ਵਿਖੇ ਤਾਇਨਾਤ ਕਰਕੇ ਉਸ ਸਕੂਲ ਦਾ ਪੜ੍ਹਾਈ ਅਤੇ ਅਨੁਸਾਸ਼ਨ ਦਾ ਸਾਰਾ ਪ੍ਰਬੰਧ ਵਿਗਾੜ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਸਰਕਾਰ ਦੁਆਰਾ ਨਵੀਂ ਸਿੱਖਿਆ ਨੀਤੀ ਤਹਿਤ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਇਸ ਕੋਝੀ ਚਾਲ ਦੀ ਵੀ ਨਿਖੇਧੀ ਕੀਤੀ ਗਈ।

ਉਹਨਾਂ ਕਿਹਾ ਕਿ ਸਰਕਾਰ ਦੁਆਰਾ ਇਸ ਤਰ੍ਹਾਂ ਕੰਮ ਚਲਾਊ ਢੰਗ ਛੱਡ ਕੇ ਸਕੂਲਾਂ ਦਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਜਾਵੇ। ਇਹਨਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਥੇਬੰਦੀ ਦੁਆਰਾ ਪੀੜਤ ਸਕੂਲਾਂ ਦੇ ਬੱਚਿਆਂ ਦੇ ਮਾਪਿਆਂ, ਸਕੂਲ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਅਤੇ ਇਲਾਕੇ ਦੀਆਂ ਜਨਤਕ ਜ਼ਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਿਲ ਕਰਕੇ ਇੱਕ ਵੱਡੇ ਵਫ਼ਦ ਦੇ ਰੂਪ ਵਿੱਚ 5 ਅਕਤੂਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੰਗਰੂਰ ਨੂੰ ਮਿਲਿਆ ਜਾਵੇਗਾ ਅਤੇ ਇਹਨਾਂ ਹੁਕਮਾਂ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਜਾਵੇਗੀ।

ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਦਾ ਰਸਤਾ ਅਖ਼ਤਿਆਰ ਕੀਤਾ ਜਾਵੇਗਾ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਵਿੱਤ ਸਕੱਤਰ ਯਾਦਵਿੰਦਰ ਧੂਰੀ, ਸੀਨੀਅਰ ਆਗੂ ਬਲਬੀਰ ਲੌਂਗੋਵਾਲ ਅਤੇ ਬਲਾਕਾਂ ਦੇ ਆਗੂ, ਰਵਿੰਦਰ ਸੁਨਾਮ, ਸਹਿਦੇਵ ਚੱਠਾ, ਚੰਦਰ ਸ਼ੇਖਰ, ਮਹਿੰਦਰ ਪ੍ਰਤਾਪ, ਸਰਬਜੀਤ ਕਿਸ਼ਨਗੜ੍ਹ ਅਤੇ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ ਸ਼ਾਮਿਲ ਸਨ।

 

Leave a Comment