ਵੱਡੀ ਖ਼ਬਰ: AAP ਪੰਜਾਬ ਨੇ ਖਿੱਚੀ ਚੋਣਾਂ ਦੀ ਤਿਆਰੀ! ਇਸ ਵਿਧਾਇਕ ਦੀ ਕੱਟੀ ਜਾਵੇਗੀ ਟਿਕਟ? ਲਾਇਆ ਨਵਾਂ ਹਲਕਾ ਇੰਚਾਰਜ
‘ਆਪ’ ਵੱਲੋਂ ਹਲਕਾ ਇੰਚਾਰਜਾਂ ਦੀ ਨਵੀਂ ਸੂਚੀ ਜਾਰੀ: ਪੱਟੀ ਤੋਂ ਲਾਲਜੀਤ ਭੁੱਲਰ ਦੀ ਥਾਂ ਜਸਕਰਨ ਸਿੰਘ ਗਿੱਲ ਨੂੰ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ/ਪੱਟੀ, 28 ਜੁਲਾਈ 2026
ਆਮ ਆਦਮੀ ਪਾਰਟੀ (AAP) ਵੱਲੋਂ ਪੰਜਾਬ ਵਿੱਚ ਸੰਗਠਨਾਤਮਕ ਤਾਕਤ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਸਿਆਸੀ ਸਰਗਰਮੀਆਂ ਨੂੰ ਦੇਖਦਿਆਂ ਅੱਜ ਹਲਕਾ ਇੰਚਾਰਜਾਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਕਈ ਅਹਿਮ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਪੱਟੀ ਦਾ ਨਾਂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੈ। ਪਾਰਟੀ ਹਾਈ ਕਮਾਂਡ ਵੱਲੋਂ ਹਲਕਾ ਪੱਟੀ ਤੋਂ ਨਵਾਂ ਇੰਚਾਰਜ ਨਿਯੁਕਤ ਕਰਦਿਆਂ ਜਸਕਰਨ ਸਿੰਘ ਗਿੱਲ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਹਲਕਾ ਪੱਟੀ ਤੋਂ ਇਸ ਵੇਲੇ ਲਾਲਜੀਤ ਸਿੰਘ ਭੁੱਲਰ ਮੌਜੂਦਾ ਵਿਧਾਇਕ ਹਨ। ਹਾਲ ਹੀ ਵਿੱਚ ਉਹ ਇੱਕ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਕਾਨੂੰਨੀ ਘੇਰੇ ਵਿੱਚ ਆਉਣ ਕਾਰਨ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ। ਪਰ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲੇ ਹਨ।
ਭੁੱਲਰ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਹਲਕੇ ਵਿੱਚ ਲਗਾਤਾਰ ਸਰਗਰਮੀਆਂ ਜਾਰੀ ਰੱਖੀਆਂ ਗਈਆਂ ਹਨ ਤਾਂ ਜੋ ਪਰਿਵਾਰ ਦਾ ਸਿਆਸੀ ਆਧਾਰ ਬਣਿਆ ਰਹੇ। ਪਰ ਹੁਣ ਪਾਰਟੀ ਹਾਈ ਕਮਾਂਡ ਵੱਲੋਂ ਲਏ ਗਏ ਇਸ ਵੱਡੇ ਫ਼ੈਸਲੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਲਾਲਜੀਤ ਭੁੱਲਰ ਦੇ ਜੇਲ੍ਹ ਵਿੱਚ ਹੋਣ ਕਾਰਨ ਪਾਰਟੀ ਹਾਈ ਕਮਾਂਡ ਨੇ ਹਲਕੇ ਦੇ ਕੰਮਕਾਜ ਨੂੰ ਪ੍ਰਭਾਵਿਤ ਨਾ ਹੋਣ ਦੇਣ ਅਤੇ ਅਗਲੇ ਬਦਲ ਵਜੋਂ ਇਹ ਕਦਮ ਚੁੱਕਿਆ ਹੈ। ਜਸਕਰਨ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਰਟੀ ਲੀਡਰਸ਼ਿਪ ਇਸ ਮੌਕੇ ਮੈਦਾਨ ਵਿੱਚ ਕਿਸੇ ਵੀ ਤਰ੍ਹਾਂ ਦਾ ਰੁਕਾਵਟ ਵਾਲਾ ਜੋਖਮ ਨਹੀਂ ਲੈਣਾ ਚਾਹੁੰਦੀ।
ਇਸ ਨਵੀਂ ਨਿਯੁਕਤੀ ਨਾਲ ਪੱਟੀ ਹਲਕੇ ਦੇ ਅੰਦਰਖਾਤੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਦੇਖਣਾ ਇਹ ਹੋਵੇਗਾ ਕਿ ਜਸਕਰਨ ਸਿੰਘ ਗਿੱਲ ਹਲਕੇ ਵਿੱਚ ਪਾਰਟੀ ਨੂੰ ਕਿੱਥੋਂ ਤੱਕ ਮਜ਼ਬੂਤ ਕਰ ਪਾਉਂਦੇ ਹਨ ਅਤੇ ਲਾਲਜੀਤ ਭੁੱਲਰ ਦੇ ਸਮਰਥਕਾਂ ਦਾ ਇਸ ਫੈਸਲੇ ਪ੍ਰਤੀ ਕੀ ਰੁਝਾਨ ਰਹਿੰਦਾ ਹੈ?















