Join WhatsApp

Join Now

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਦੋ ਸੀਨੀਅਰ ਆਗੂ ਭਾਜਪਾ ‘ਚ ਸ਼ਾਮਲ

On: ਜੁਲਾਈ 30, 2026 7:56 ਪੂਃ ਦੁਃ

 

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਦੋ ਸੀਨੀਅਰ ਆਗੂ ਭਾਜਪਾ ‘ਚ ਸ਼ਾਮਲ

ਤਲਵੰਡੀ ਸਾਬੋ, 30 ਜੁਲਾਈ 2026

ਪੰਜਾਬ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਕਈ ਲੀਡਰਾਂ ਦੇ ਵੱਲੋਂ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਬੀਤੇ ਕੱਲ੍ਹ ਹਲਕਾ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਚ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਸਿਆਸੀ ਬਲ ਮਿਲਿਆ, ਜਦੋਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਗੁਣੀ ਅਤੇ ਯੂਥ ਆਗੂ ਨਵਜੋਤ ਸਿੰਘ ਗੁਣੀ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਕਰੀਬ 20 ਪਰਿਵਾਰਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।

ਇਹ ਸ਼ਮੂਲੀਅਤ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ। ਕੇਵਲ ਸਿੰਘ ਢਿੱਲੋਂ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਪਰਿਵਾਰਾਂ ਨੂੰ ਸਿਰੋਪਾਓ ਅਤੇ ਭਾਜਪਾ ਦਾ ਪੱਲਾ ਪਾ ਕੇ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਅਤੇ ਬਣਦਾ ਸਥਾਨ ਦਿੱਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਗਾਟਵਾਲੀ ਤੋਂ ਅੱਜ ਹੋਈ ਇਹ ਸ਼ਮੂਲੀਅਤ ਸਿਰਫ਼ ਇਕ ਪਿੰਡ ਤੱਕ ਸੀਮਤ ਨਹੀਂ, ਸਗੋਂ ਹਲਕਾ ਤਲਵੰਡੀ ਸਾਬੋ ਅਤੇ ਜ਼ਿਲ੍ਹਾ ਬਠਿੰਡਾ ਦੀ ਰਾਜਨੀਤੀ ਵਿਚ ਇੱਕ ਅਹਿਮ ਮੋੜ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਜਪਾ ਪ੍ਰਤੀ ਵਧਦਾ ਵਿਸ਼ਵਾਸ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੰਨੀ ਗਰਮੀ ਦੇ ਬਾਵਜੂਦ ਛੋਟੇ ਜਿਹੇ ਸੱਦੇ ਤੇ ਲੋਕਾਂ ਦਾ ਵੱਡੀ ਗਿਣਤੀ ਵਿਚ ਇਕੱਠਾ ਹੋਣਾ ਇਹ ਦਰਸਾਉਂਦਾ ਹੈ ਕਿ ਲੋਕ ਭਾਜਪਾ ਨਾਲ ਜੁੜਨ ਲਈ ਉਤਸ਼ਾਹਿਤ ਹਨ। ਉਨ੍ਹਾਂ ਨੇ ਇਸ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ। ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੂਬਾ ਨਸ਼ਿਆਂ, ਗੈਂਗਵਾਰ ਅਤੇ ਕਾਨੂੰਨ-ਵਿਵਸਥਾ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰ ਰੋਜ਼ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਅਪਰਾਧਿਕ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਪਰ ਸਰਕਾਰ ਇਨ੍ਹਾਂ ਮੁੱਦਿਆਂ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਪ੍ਰਾਜੈਕਟ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ।

ਸਾਬਕਾ ਸਰਪੰਚ ਸਤਵਿੰਦਰ ਕੌਰ, ਸੁਖਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮਨਪ੍ਰੀਤ ਸਿੰਘ ਜਨਰਲ ਸਕੱਤਰ ਕਾਂਗਰਸ, ਰਣਜੀਤ ਸਿੰਘ, ਸਵਰਨ ਸਿੰਘ ਨੈਬ ਸਿੰਘ ਦਰਸ਼ਨ ਸਿੰਘ ਗੁਰਜੀਤ ਸਿੰਘ ਕਰਮਜੀਤ ਇਕਬਾਲ ਸਿੰਘ ਹਰਿਮੰਦਰ ਸਿੰਘ ਸਾਰੇ ਸਾਬਕਾ ਮੈਂਬਰ, ਗੁਰਮੀਤ ਸਿੰਘ ਸੁਸਾਇਟੀ ਮੈਂਬਰ ਮਹਿੰਦਰ ਸਿੰਘ ਕਮੇਟੀ ਮੈਂਬਰ ਸਣੇ ਵੱਡੀ ਗਿਣਤੀ ਦੇ ਵਿਚ ਪਿੰਡ ਗਾਟਵਾਲੀ ਤੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਪੰਜਾਬ ਭਾਜਪਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਪਰਮਪਾਲ ਕੌਰ ਸਿੱਧੂ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ, ਪਵਨ ਸ਼ਰਮਾ ਤਲਵੰਡੀ ਸਾਬੋ, ਦੇਵੀ ਦਿਆਲ ਗੋਇਲ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

 

Leave a Comment