Join WhatsApp

Join Now

ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀ ਘਾਟ! ਪਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਖਰੇ ਬਿਆਨ ਸੋਚੀ ਪਾਏ ਮਾਸਟਰ

On: ਜੁਲਾਈ 30, 2026 8:24 ਬਾਃ ਦੁਃ

 

ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀ ਘਾਟ! ਪਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਖਰੇ ਬਿਆਨ ਸੋਚੀ ਪਾਏ ਮਾਸਟਰ

ਹਰਜੋਤ ਬੈਂਸ ਦਾ ਬਿਆਨ, ਸਭ ਕੁਝ ਪ੍ਰਿੰਸੀਪਲ ‘ਤੇ ਨਿਰਭਰ ਕਰਦੈ! ਚੰਗਾ ਪ੍ਰਿੰਸੀਪਲ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦੈ

ਚੰਡੀਗੜ੍ਹ; 30 ਜੁਲਾਈ 2026- 

ਪ੍ਰਿੰਸੀਪਲਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਨੂੰ ਪੱਕੇ ਪ੍ਰਿੰਸੀਪਲ ਦੇਣ ਦੀ ਥਾਂ ਅਤੇ ਖ਼ਾਲੀ ਅਸਾਮੀਆਂ ਭਰਨ ਉੱਤੇ ਚੁੱਪ ਵੱਟਣ ਵਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਦਾਅਵਾ ਕਰਦੇ ਨਜ਼ਰੀ ਆਏ ਕਿ, ਸਭ ਕੁਝ ਪ੍ਰਿੰਸੀਪਲ ‘ਤੇ ਨਿਰਭਰ ਕਰਦੈ! ਚੰਗਾ ਪ੍ਰਿੰਸੀਪਲ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦੈ। ਸਿੱਖਿਆ ਮੰਤਰੀ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਭੁੱਲ ਗਏ ਕਿ, ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 984 ਅਸਾਮੀਆਂ ਖਾਲੀ ਹਨ, ਜੋ ਕਿ ਲਗਪਗ 51 ਫੀਸਦ ਦੀ ਖਾਲੀ ਦਰ ਨੂੰ ਦਰਸਾਉਂਦੀਆਂ ਹਨ।

ਇੱਕ ਰਿਪੋਰਟ ਦੇ ਮੁਤਾਬਿਕ, ਕੁੱਝ ਮਹੀਨੇ ਪਹਿਲਾਂ ਅੱਜ ਸਰਕਾਰੀ ਪੱਤਰ ਵਿੱਚ, ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ) ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਨੂੰ ‘ਗਰੁੱਪ-ਬੀ’ ਲੈਕਚਰਾਰਾਂ ਦਾ ਵਿਆਪਕ ਡਾਟਾ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਜੋ ਸਿੱਧੀ ਭਰਤੀ ਰਾਹੀਂ ਵਿਭਾਗ ਵਿੱਚ ਦਾਖਲ ਹੋਏ ਸਨ।

ਇਸ ਆਦੇਸ਼ ਵਿੱਚ ਮੌਜੂਦਾ ਸਮੇਂ ਡਿਊਟੀ ‘ਤੇ ਤਾਇਨਾਤ ਲੈਕਚਰਾਰਾਂ ਦੇ ਨਾਲ-ਨਾਲ ਦੂਜੇ ਵਿਭਾਗਾਂ ਵਿੱਚ ਡੈਪੂਟੇਸ਼ਨ ‘ਤੇ ਸੇਵਾ ਨਿਭਾ ਰਹੇ ਲੈਕਚਰਾਰ ਵੀ ਸ਼ਾਮਲ ਸਨ। ਅਸਾਮੀਆਂ ਦੇ ਇਸ ਸੰਕਟ ਨੇ ਕਈ ਜ਼ਿਲ੍ਹਿਆਂ ਨੂੰ ਖਾਸ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿੱਥੇ ਕੁਝ ਖੇਤਰ ਪ੍ਰਿੰਸੀਪਲਾਂ ਦੀ ਲੋੜੀਂਦੀ ਗਿਣਤੀ ਦੇ ਤੀਜੇ ਹਿੱਸੇ ਤੋਂ ਵੀ ਘੱਟ ਨਾਲ ਚੱਲ ਰਹੇ ਹਨ। ਉੱਥੇ ਹੀ ਅਧਿਆਪਕਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਲੈਣ ਵਾਲੇ ਸਿੱਖਿਆ ਮੰਤਰੀ ਸ਼ਾਇਦ ਇਹ ਭੁੱਲ ਗਏ ਕਿ ਪੰਜਾਬ ਦੀ ਸਕੂਲੀ ਸਿੱਖਿਆ ਸਕੂਲ ਮੁਖੀਆਂ ਤੋਂ ਬਿਨ੍ਹਾਂ ਕਿੰਝ ਚੱਲ ਸਕੇਗੀ?

ਦੱਸਦੇ ਚੱਲੀਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ “ਆਪ” ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਅੱਜ ਸਰਕਾਰੀ ਸਕੂਲਾਂ ਦੇ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਪਹਿਲਕਦਮੀ ਅਧੀਨ ਜੇ.ਈ.ਈ. (ਮੇਨ), ਜੇ.ਈ.ਈ. (ਐਡਵਾਂਸਡ) ਅਤੇ ਨੀਟ ਯੂਜੀ 2026 ਪ੍ਰੀਖਿਆਵਾਂ ਪਾਸ ਕੀਤੀਆਂ ਹਨ।

ਐਸ.ਏ.ਐਸ. ਨਗਰ ਦੇ ਮੋਹਾਲੀ ਕਲੱਬ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮੁੜ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। 361 ਵਿਦਿਆਰਥੀਆਂ ਨੇ ਜੇਈਈ (ਮੇਨ) 2026 ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਨਾਲੋਂ 35.2 ਫ਼ੀਸਦ ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ 64 ਵਿਦਿਆਰਥੀਆਂ ਨੇ ਜੇਈਈ (ਐਡਵਾਂਸਡ) ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਸਾਲ-ਦਰ-ਸਾਲ 45.5 ਫ਼ੀਸਦ ਵਾਧਾ ਦਰਸਾਉਂਦਾ ਹੈ।”

ਸਿੱਖਿਆ ਮੰਤਰੀ ਨੇ ਕਿਹਾ, “ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਯੂਜੀ 2026 ਪ੍ਰੀਖਿਆ ਪਾਸ ਕੀਤੀ ਹੈ, ਜਦੋਂ ਕਿ ਸਾਲ 2025 ਵਿੱਚ ਇਹ ਗਿਣਤੀ 847 ਅਤੇ ਸਾਲ 2024 ਵਿੱਚ 437 ਸੀ। ਇਹ ਗਿਣਤੀ ਮਹਿਜ਼ ਦੋ ਸਾਲਾਂ ਵਿੱਚ 100 ਫ਼ੀਸਦ ਤੋਂ ਵੱਧ ਦੇ ਵਾਧਾ ਨੂੰ ਦਰਸਾਉਂਦੀ ਹੈ। ਇਹ ਪ੍ਰਾਪਤੀਆਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਪ੍ਰਭਾਵ ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਅਕਾਦਮਿਕ ਸਹਾਇਤਾ ਨੂੰ ਦਰਸਾਉਂਦੀਆਂ ਹਨ।”

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀਜ਼), 36 ਵਿਦਿਆਰਥੀਆਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀਜ਼) ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਭਰ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ, “ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਅਜਿਹੇ ਵਿਦਿਆਰਥੀ ਪੈਦਾ ਕਰ ਰਹੇ ਹਨ ਜੋ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਦੇ ਯੋਗ ਹਨ।”

ਸਿੱਖਿਆ ਮੰਤਰੀ ਨੇ ਕਿਹਾ, “ਅੱਜ, ਪੰਜਾਬ ਦੇ ਸਿੱਖਿਆ ਮਾਡਲ ਦੀ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਇਹ ਸਾਡੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਨਤੀਜਾ ਹੈ। ਸਾਲ 2022 ਵਿੱਚ, ਸਰਕਾਰੀ ਸਕੂਲਾਂ ਦੇ 80 ਤੋਂ ਘੱਟ ਵਿਦਿਆਰਥੀਆਂ ਨੇ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕੀਤਾ ਸੀ। ਅੱਜ, ਪੰਜਾਬ ਭਰ ਵਿੱਚੋਂ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ।”

ਸਕੂਲ ਮੁਖੀਆਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ, ਹਰਜੋਤ ਸਿੰਘ ਬੈਂਸ ਨੇ ਕਿਹਾ, “ਪਿਛਲੇ ਚਾਰ ਸਾਲਾਂ ਤੋਂ, ਮੇਰਾ ਇਹੀ ਮੰਨਣਾ ਰਿਹਾ ਹੈ ਕਿ ਵਿਦਿਆਰਥੀਆਂ ਦੀ ਸਫਲਤਾ ਪ੍ਰਿੰਸੀਪਲ ‘ਤੇ ਨਿਰਭਰ ਕਰਦੀ ਹੈ। ਇੱਕ ਚੰਗਾ ਪ੍ਰਿੰਸੀਪਲ ਇੱਕ ਖੰਡਰ ਇਮਾਰਤ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦਾ ਹੈ। ਪਰ ਸਿੱਖਿਆ ਪ੍ਰਤੀ ਪਿਆਰ ਤੋਂ ਬਿਨਾਂ, ਬਿਹਤਰ ਨੀਤੀਆਂ ਵੀ ਅਸਫਲ ਹੋ ਜਾਂਦੀਆਂ ਹਨ ਅਤੇ ਉਹੀ ਸਕੂਲ ਖੰਡਰ ਵਿੱਚ ਬਦਲ ਜਾਂਦਾ ਹੈ।”

ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਜੂਨ 2026 ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿਖੇ ਚਾਰ ਵੱਡੇ ਪੱਧਰ ਦੇ ਰੈਜੀਡੈਂਸ਼ੀਅਲ ਕੋਚਿੰਗ ਕੈਂਪ ਲਗਾਏ ਸਨ। ਇਹਨਾਂ ਕੈਂਪਾਂ ਵਿੱਚ ਅਕਾਦਮਿਕ ਸੈਸ਼ਨਾਂ, ਸ਼ੰਕਿਆਂ ਨੂੰ ਦੂਰ ਕਰਨ, ਮੌਕ ਟੈਸਟਾਂ, ਮੈਨਟੋਰਿੰਗ ਅਤੇ ਜੇਈਈ ਅਤੇ ਨੀਟ ਦੀ ਵਿਸ਼ੇਸ਼ ਤਿਆਰੀ ਨਾਲ 3,000 ਵਿਦਿਆਰਥੀਆਂ ਨੂੰ ਲਾਭ ਹੋਇਆ। ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ, ਹਰਜੋਤ ਸਿੰਘ ਬੈਂਸ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਅਤੇ ਸਾਰਾ ਸਕੂਲ ਸਟਾਫ਼ ਇਸੇ ਜਨੂੰਨ, ਸਮਰਪਣ ਅਤੇ ਦ੍ਰਿੜ ਵਚਨਬੱਧਤਾ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਯੋਗਦਾਨ ਪਾਉਂਦੇ ਰਹੋਗੇ ਅਤੇ ਪੰਜਾਬ ਦਾ ਮਾਣ ਵਧਾਉਂਦੇ ਰਹੋਗੇ।”

 

Leave a Comment