ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ; 30 ਜੂਨ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਭੱਜੀ ਸਰਕਾਰ
ਲਹਿਰਾ ਮੁਹੱਬਤ, 31 ਜੁਲਾਈ 2026- ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ (ਪੰਜਾਬ) ਦੇ ਸੱਦੇ ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ 25 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਸੱਤਵੇਂ ਦਿਨ ਵੀ ਜਾਰੀ ਹੈ।
ਇਸ ਸਮੇਂ ਹਾਜ਼ਿਰ ਕੋਆਰਡੀਨੇਸ਼ਨ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਬਲਿਹਾਰ ਸਿੰਘ,ਗੁਰਵਿੰਦਰ ਪੰਨੂੰ,ਜਗਸੀਰ ਭੰਗੂ,ਰਾਜੇਸ਼ ਕੁਮਾਰ,ਖੁਸ਼ਦੀਪ ਬਠਿੰਡਾ,ਬਲਜਿੰਦਰ ਮਾਨ,ਲਛਮਣ ਸਿੰਘ,ਹਰਦੀਪ ਤੱਗੜ,ਗੁਰਪ੍ਰੀਤ ਗੁਰੂਸਰ ਨੇ ਕਿਹਾ ਕਿ 29 ਜੂਨ ਨੂੰ ਵਿੱਤ ਮੰਤਰੀ ਅਤੇ ਵਿਭਾਗ ਦੀ ਮੈਨੇਜ਼ਮੈਂਟ ਨਾਲ਼ ਹੋਈ ਮੀਟਿੰਗ ਵਿੱਚ ਹੋਈ ਗੱਲਬਾਤ ਤੋਂ ਬਾਅਦ ਇਹ ਗੱਲ ਜੱਗ ਜਾਹਿਰ ਹੋ ਗਈ ਹੈ ਕਿ ਸਬ-ਕਮੇਟੀ ਅਤੇ ਵਿਭਾਗ ਦੀ ਮੈਨੇਜ਼ਮੈਂਟ 30 ਜੂਨ ਨੂੰ ਜਾਰੀ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ।
ਸਬ-ਕਮੇਟੀ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਦਾ ਕਹਿਣਾ ਹੈ ਕਿ ਹੁਣ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਰਾਹੀਂ ਵਿਭਾਗ ਵਿੱਚ ਮਰਜ਼ ਕੀਤਾ ਜਾਵੇਗਾ। ਆਗੂਆਂ ਨੇ ਠੇਕਾ ਮੁਲਾਜ਼ਮਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼/ਰੈਗੂਲਰ ਕਰਨ ਲਈ ਲਿਆਂਦਾ ਜਾ ਰਿਹਾ ਨਵਾਂ ਕਾਨੂੰਨ ਵੀ ਠੇਕਾ ਮੁਲਾਜ਼ਮ ਪੱਖੀ ਨਹੀਂ ਹੈ। ਇਸ ਕਾਨੂੰਨ ਵਿੱਚ ਵੀ ਬਹੁਤ ਸਾਰੀਆਂ ਸ਼ਰਤਾਂ ਠੇਕਾ ਮੁਲਾਜ਼ਮ ਵਿਰੋਧੀ ਹਨ।
ਇਸ ਕਾਨੂੰਨ ਨੂੰ ਠੇਕਾ ਮੁਲਾਜ਼ਮ ਪੱਖੀ ਬਣਵਾਉਣ ਲਈ ਵੀ ਇੱਕੋ-ਇੱਕ ਸਵੱਲੜਾ ਰਾਹ ਸੰਘਰਸ਼ ਦਾ ਹੀ ਰਾਹ ਹੈ। ਸੰਘਰਸ਼ ਦੇ ਰਾਹ ਤੇ ਚੱਲਕੇ ਹੀ ਆਪਣੀ ਅਸਲੀ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜ਼ਮੈਂਟ ਦੀ ਇਸ ਬੇਰੁਖੀ ਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ 25 ਜੁਲਾਈ ਤੋਂ ਲਗਾਤਾਰ ਹੜਤਾਲ਼ ਕਰਕੇ ਆਪਣੇ-ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਸਮੂਹ ਫੈਸਲਿਆਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ। ਨੋਟੀਫਿਕੇਸ਼ਨ ਵਿੱਚੋਂ ਰਹਿੰਦੀਆਂ ਕੈਟਾਗਿਰੀਆਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾਂਦਾ ਤਦ ਤੱਕ ਹੜਤਾਲ਼ ਲਗਾਤਾਰ ਜਾਰੀ ਰਹੇਗੀ। ਅੱਜ ਦੀ ਇਕੱਤਰਤਾ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਹੀਦ ਨੂੰ ਸਰਧਾਂਜਲੀ ਭੇਟ ਕੀਤੀ ਗਈ। ਅੱਜ ਦੀ ਇਕੱਤਰਤਾ ਨੂੰ ਟੀ.ਐੱਸ.ਯੂ.ਭੰਗਲ਼ ਗਰੁੱਪ ਤੋਂ ਸਰਕਲ ਪ੍ਰਧਾਨ ਸਤਿੰਦਰ ਸੋਨੀ,ਪੈਨਸ਼ਨਰਜ਼ ਐਸੋਸਏਸ਼ਨ ਆਜ਼ਾਦ ਤੋਂ ਮਹਿੰਦਰਪਾਲ ਸ਼ਰਮਾ,ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।
















