Join WhatsApp

Join Now

ਪੰਜਾਬ ‘ਚ ਵੱਡੀਆਂ-ਗੱਡੀਆਂ ਵਾਲੇ ਚੋਰ! ਸਿਆਸੀ ਲੀਡਰ ਵੀ ਹੋਏ ਗਿਰੋਹ ‘ਚ ਸ਼ਾਮਲ, ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਕੇ ਫਰਾਰ

On: ਅਗਸਤ 1, 2026 1:31 ਬਾਃ ਦੁਃ

 

ਪੰਜਾਬ ‘ਚ ਵੱਡੀਆਂ-ਗੱਡੀਆਂ ਵਾਲੇ ਚੋਰ! ਸਿਆਸੀ ਲੀਡਰ ਵੀ ਹੋਏ ਗਿਰੋਹ ‘ਚ ਸ਼ਾਮਲ, ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਕੇ ਫਰਾਰ

ਫ਼ਿਰੋਜ਼ਪੁਰ ’ਚ 50 ਮੋਟਰਾਂ ਚੋਰੀ ਮਾਮਲੇ ’ਚ ਵੱਡਾ ਖ਼ੁਲਾਸਾ: ਕਿਸਾਨਾਂ ਤੇ ਪੁਲਿਸ ਨੇ ਕਬਾੜੀਏ ਦੇ ਗੁਦਾਮ ‘ਤੇ ਮਾਰਿਆ ਛਾਪਾ, ਬਰਾਮਦ ਹੋਇਆ ਭਾਰੀ ਸਮਾਨ

ਚੰਡੀਗੜ੍ਹ, 1 ਅਗਸਤ 2026-

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਇੱਕੋ ਰਾਤ ਵਿੱਚ 50 ਦੇ ਕਰੀਬ ਖੇਤੀਬਾੜੀ ਮੋਟਰਾਂ ਚੋਰੀ ਹੋਣ ਦੇ ਬਹੁਤ ਹੀ ਚਰਚਿਤ ਅਤੇ ਗੰਭੀਰ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਕਿਸਾਨਾਂ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਗੁਪਤ ਇਤਲਾਹ ਦੇ ਆਧਾਰ ‘ਤੇ ਤਲਵੰਡੀ ਨਜ਼ਦੀਕ ਸਥਿਤ ਇੱਕ ਕਬਾੜੀਏ ਦੇ ਵਿਸ਼ਾਲ ਗੁਦਾਮ ‘ਤੇ ਛਾਪੇਮਾਰੀ ਕਰਕੇ ਤਾਜ਼ੀਆਂ ਭੰਨੀਆਂ-ਤੋੜੀਆਂ ਮੋਟਰਾਂ ਦਾ ਸਾਮਾਨ, ਤਾਂਬੇ ਦੀਆਂ ਤਾਰਾਂ ਅਤੇ ਚੋਰੀ ਵਿੱਚ ਵਰਤੇ ਜਾਣ ਵਾਲੇ ਔਜ਼ਾਰ ਬਰਾਮਦ ਕੀਤੇ ਹਨ। ਇਸ ਕਾਰਵਾਈ ਨਾਲ ਖੇਤਰ ਵਿੱਚ ਸਰਗਰਮ ਚੋਰ ਗਿਰੋਹ ਅਤੇ ਚੋਰੀ ਦਾ ਮਾਲ ਖ਼ਰੀਦਣ ਵਾਲੇ ਕਬਾੜੀਆਂ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ।

ਇਹ ਮਾਮਲੇ ਇੱਥੇ ਹੀ ਬੰਦ ਨਹੀਂ ਹੋਇਆ। ਪਤਾ ਲੱਗਿਆ ਹੈ ਕਿ ਚੋਰ ਗਿਰੋਹ ਵਿੱਚ ਇੱਕ ਸਿਆਸੀ ਲੀਡਰ ਵੀ ਸ਼ਾਮਲ ਹੈ, ਜਿਸ ਨੇ ਆਪਣੀ ਪਹੁੰਚ ਦਾ ਡਰ ਵਿਖਾ ਕੇ ਪਹਿਲਾਂ ਆਪਣਾ ਗਿਰੋਹ ਬਣਾਇਆ, ਫਿਰ ਮੋਟਰਾਂ ਚੋਰੀ ਕਰਨ ਤੇ ਉਕਤ ਗਿਰੋਹ ਨੂੰ ਲਗਾ ਦਿੱਤਾ। ਬੇਸ਼ੱਕ ਪੁਲਿਸ ਇਸ ਮਾਮਲੇ ਵਿੱਚ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ, ਅਸਲ ਚੋਰਾਂ ਦੀ ਭਾਲ ਵਿੱਚ ਜੁਟੀ ਹੋਈ ਹੈ, ਪਰ ਮੌਜੂਦਾ ਅਤੇ ਤਾਜ਼ਾ ਹਾਲਾਤ ਇਹ ਹਨ, ਕਿ ਕਿਸਾਨ ਹੁਣ ਦਿਨ ਵੇਲੇ ਤਾਂ ਖੇਤਾਂ ਨੂੰ ਪਾਣੀ ਲਾਉਂਦੇ ਹਨ ਅਤੇ ਰਾਤ ਨੂੰ ਆਪਣੀਆਂ ਮੋਟਰਾਂ ਦੀ ਰਾਖੀ ਕਰਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਪੂਰੇ ਗਿਰੋਹ ਦਾ ਭੇਤ ਕਿਸਾਨਾਂ ਦੀ ਕਿਸੇ ਵੱਡੀ ਮੁਖਬਰੀ ਨਾਲ ਨਹੀਂ, ਸਗੋਂ ਚੋਰਾਂ ਦੇ ਆਪਣੇ ਹੀ ਆਪਸੀ ਝਗੜੇ ਕਾਰਨ ਖੁੱਲ੍ਹਿਆ। ਚੋਰਾਂ ਦੇ ਗਿਰੋਹ ਨਾਲ ਰਹਿਣ ਵਾਲੇ ਇੱਕ ਵਿਅਕਤੀ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਤਕਰਾਰ ਹੋ ਗਿਆ ਸੀ। ਇਸੇ ਦੌਰਾਨ ਜਦੋਂ ਉਸ ਨੂੰ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਣ ਅਤੇ ਉਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਬਾਰੇ ਪਤਾ ਲੱਗਾ, ਤਾਂ ਉਸ ਨੇ ਬਦਲਾ ਲੈਣ ਦੀ ਨੀਅਤ ਨਾਲ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਸਾਨਾਂ ਨਾਲ ਸੰਪਰਕ ਕੀਤਾ। ਉਸ ਨੇ ਕਿਸਾਨਾਂ ਨੂੰ ਚੋਰਾਂ, ਚੋਰੀ ਦਾ ਮਾਲ ਖ਼ਰੀਦਣ ਵਾਲੇ ਕਬਾੜੀਏ ਦਾ ਪੂਰਾ ਪਤਾ ਅਤੇ ਵਾਰਦਾਤ ‘ਚ ਵਰਤੀ ਜਾਣ ਵਾਲੀ ਗੱਡੀ ਦੀ ਪੂਰੀ ਜਾਣਕਾਰੀ ਦੇ ਦਿੱਤੀ।

ਜਾਣਕਾਰੀ ਮਿਲਦਿਆਂ ਹੀ ਕਿਸਾਨਾਂ ਨੇ ਤੁਰੰਤ ਥਾਣਾ ਘੱਲ ਖੁਰਦ ਦੇ ਐੱਸ.ਐੱਚ.ਓ. ਕਸ਼ਮੀਰ ਸਿੰਘ ਨਾਲ ਸੰਪਰਕ ਕੀਤਾ। ਐੱਸ.ਐੱਚ.ਓ. ਨੇ ਬਿਨਾਂ ਕੋਈ ਦੇਰੀ ਕੀਤੇ ਕਿਸਾਨਾਂ ਨੂੰ ਨਾਲ ਲਿਆ ਅਤੇ ਦੱਸੇ ਗਏ ਠਿਕਾਣੇ ‘ਤੇ ਛਾਪੇਮਾਰੀ ਕੀਤੀ। ਜਦੋਂ ਪੁਲਿਸ ਅਤੇ ਕਿਸਾਨਾਂ ਦੀ ਟੀਮ ਤਲਵੰਡੀ ਸਥਿਤ ਕਬਾੜੀਏ ਦੇ ਗੁਦਾਮ ‘ਤੇ ਪਹੁੰਚੀ, ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਸਾਰੇ ਹੈਰਾਨ ਰਹਿ ਗਏ। ਲਗਭਗ 70 ਫੁੱਟ ਲੰਮੇ ਅਤੇ 30 ਫੁੱਟ ਚੌੜੇ ਇਸ ਗੁਦਾਮ ਵਿੱਚ ਚੋਰੀ ਦਾ ਸਮਾਨ ਵੱਡੇ ਪੱਧਰ ‘ਤੇ ਛੁਪਾਇਆ ਹੋਇਆ ਸੀ। ਗੁਦਾਮ ਦੇ ਮੁੱਖ ਗੇਟ ਦੇ ਅੰਦਰ ਹੀ ਮੋਟਰਾਂ ਦੀਆਂ ਤਾਜ਼ੀਆਂ ਕੱਟੀਆਂ ਹੋਈਆਂ ਕੋਨਾਂ, ਤਾਂਬੇ ਦੀਆਂ ਤਾਰਾਂ ਅਤੇ ਲੋਹੇ ਦਾ ਵੱਡਾ ਢੇਰ ਲੱਗਿਆ ਹੋਇਆ ਸੀ।

ਮੌਕੇ ‘ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਕਬਾੜੀਏ ਦੇ ਗੁਦਾਮ ਕੋਲੋਂ ਬਿਲਕੁਲ ਨਵੀਆਂ ਮੋਟਰਾਂ ਦਾ ਸਮਾਨ, ਨਲਕਿਆਂ ਦੀਆਂ ਮੋਟਰਾਂ ਅਤੇ ਮੋਟਰਾਂ ਤੋੜਨ ਲਈ ਵਰਤੀਆਂ ਜਾਣ ਵਾਲੀਆਂ ਛੈਣੀਆਂ-ਹਥੌੜੇ ਬਰਾਮਦ ਹੋਏ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਬਰਾਮਦ ਹੋਈਆਂ ਮੋਟਰਾਂ ਦੇ ਅੰਦਰਲਾ ਪੇਪਰ ਵੀ ਨਹੀਂ ਸੀ ਸੜਿਆ, ਜਿਸ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਇਹ ਮੋਟਰਾਂ ਖ਼ਰਾਬ ਜਾਂ ਸੜੀਆਂ ਹੋਈਆਂ ਨਹੀਂ ਸਨ, ਬਲਕਿ ਖੇਤਾਂ ਵਿੱਚ ਬਿਲਕੁਲ ਚੱਲਦੀ ਹਾਲਤ ਵਿੱਚੋਂ ਚੋਰੀ ਕਰਕੇ ਲਿਆਂਦੀਆਂ ਗਈਆਂ ਸਨ।

ਕਿਸਾਨਾਂ ਨੇ ਦੱਸਿਆ ਕਿ ਚੋਰ ਖੇਤਾਂ ‘ਚੋਂ ਮੋਟਰਾਂ ਪੁੱਟ ਕੇ ਛੋਟੀਆਂ ਗੱਡੀਆਂ ‘ਚ ਲੱਦ ਲੈਂਦੇ ਸਨ ਅਤੇ ਮੁੱਖ ਰਸਤੇ ਤੱਕ ਲਿਆ ਕੇ ਅੱਗੇ ਸਪਲਾਈ ਕਰਦੇ ਸਨ। ਕਬਾੜੀਆ ਚੋਰਾਂ ਤੋਂ ਬਹੁਤ ਹੀ ਘੱਟ ਕੀਮਤ ‘ਚ ਇਹ ਸਾਮਾਨ ਖ਼ਰੀਦ ਕੇ ਮੋਟਰਾਂ ਨੂੰ ਤੁਰੰਤ ਤੋੜ ਦਿੰਦਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਬਾੜੀਏ ਚੋਰੀ ਦਾ ਸਮਾਨ ਖ਼ਰੀਦਣਾ ਬੰਦ ਕਰ ਦੇਣ, ਤਾਂ ਖੇਤਾਂ ‘ਚੋਂ ਮੋਟਰਾਂ ਦੀਆਂ ਚੋਰੀਆਂ ਆਪਣੇ ਆਪ ਰੁਕ ਜਾਣਗੀਆਂ।

ਕਰੇਟਾ ਗੱਡੀ ਦਾ ਮਾਲਕ ਫ਼ਰਾਰ, ਪੁਰਾਣੀਆਂ ਚੋਰੀਆਂ ‘ਚ ਵੀ ਇਸੇ ਗਿਰੋਹ ‘ਤੇ ਸ਼ੱਕ

ਛਾਪੇਮਾਰੀ ਦੌਰਾਨ ਵਾਰਦਾਤ ‘ਚ ਵਰਤੀ ਗਈ ਕਰੇਟਾ ਗੱਡੀ ਦਾ ਮਾਲਕ ਮੌਕੇ ਦਾ ਫ਼ਾਇਦਾ ਚੁੱਕ ਕੇ ਗੱਡੀ ਸਮੇਤ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਗੰਭੀਰਤਾ ਨਾਲ ਭਾਲ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਲਗਭਗ ਦੋ ਮਹੀਨੇ ਪਹਿਲਾਂ ਵੀ ਨਜ਼ਦੀਕੀ ਪਿੰਡਾਂ ਕਾਸੂ ਬੇਗੂ, ਰੁਕਨੇ ਵਾਲਾ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ‘ਚੋਂ 22 ਮੋਟਰਾਂ ਚੋਰੀ ਹੋਈਆਂ ਸਨ, ਜਿਸ ਵਿੱਚ ਵੀ ਇਸੇ ਗਿਰੋਹ ਦਾ ਹੱਥ ਹੋਣ ਦਾ ਪੂਰਾ ਸ਼ੱਕ ਹੈ। ਫ਼ਿਰੋਜ਼ਪੁਰ ਪੁਲਿਸ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੀੜਤ ਕਿਸਾਨਾਂ ਨੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਇਸ ਪੂਰੇ ਚੋਰ ਗਿਰੋਹ, ਚੋਰੀ ਦਾ ਮਾਲ ਖ਼ਰੀਦਣ ਵਾਲੇ ਕਬਾੜੀਏ ਅਤੇ ਉਨ੍ਹਾਂ ਦੀ ਪਰਦੇ ਪਿੱਛੇ ਮਦਦ ਕਰਨ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸਾਨਾਂ ਦੇ ਆਰਥਿਕ ਨੁਕਸਾਨ ਨੂੰ ਰੋਕਿਆ ਜਾ ਸਕੇ।

 

Leave a Comment