Join WhatsApp

Join Now

ਹੱਕ ਮੰਗਦੇ ਵੈਟਰਨਰੀ ਇੰਸਪੈਕਟਰਾਂ ਪੁਲਿਸ ਨੇ ਕੀਤਾ ਲਾਠੀਚਾਰਜ, ਮਾਰੀਆਂ ਪਾਣੀ ਦੀਆਂ ਬੁਛਾੜਾਂ

On: ਅਗਸਤ 1, 2026 2:13 ਬਾਃ ਦੁਃ

 

ਹੱਕ ਮੰਗਦੇ ਵੈਟਰਨਰੀ ਇੰਸਪੈਕਟਰਾਂ ਪੁਲਿਸ ਨੇ ਕੀਤਾ ਲਾਠੀਚਾਰਜ, ਮਾਰੀਆਂ ਪਾਣੀ ਦੀਆਂ ਬੁਛਾੜਾਂ

ਮੁਹਾਲੀ, 1 ਅਗਸਤ 2026- ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰ ਕਾਡਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ‘ਪੰਜਾਬ ਰਾਜ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ’ ਦੀ ਅਗਵਾਈ ਹੇਠ ਮੁਹਾਲੀ ਦੇ ਸੈਕਟਰ-68 ਸਥਿਤ ਪਸ਼ੂ ਪਾਲਣ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਉਪਰੰਤ ਸੂਬਾ ਪ੍ਰਧਾਨ ਗੁਰਦੀਪ ਬੱਸੀ ਤੇ ਸੂਬਾ ਜਨ. ਸਕੱਤਰ ਵਿਪਨ ਗੋਇਲ ਤੇ ਸਕੱਤਰ ਪਰਮਜੀਤ ਸਿੰਘ ਸੋਹੀ ਦੀ ਅਗਵਾਈ ਹੇਠ ਸਮੂਹ ਵੈਟਰਨਰੀ ਇੰਸਪੈਕਟਰਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿੱਛੇ ਨੇਚਰ ਪਾਰਕ ਕੋਲ ਬੁੜੈਲ ਜੇਲ੍ਹ ਦੀ ਪਿਛਲੀ ਸੜਕ ’ਤੇ ਬੈਰੀਕੇਟ ਲਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ।

ਹਾਲਾਂਕਿ ਵੈਟਰਨਰੀ ਇੰਸਪੈਕਟਰਾਂ ਨੇ ਬੈਰੀਕੇਟ ਤੋੜ ਕੇ ਅੱਗੇ ਲੰਘਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਯੂਟੀ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਖਦੇੜ ਦਿੱਤਾ। ਇਸ ਦੌਰਾਨ ਪੁਲਿਸ ਨਾਲ ਹੋਈ ਖਿੱਚ ਧੂਹ ਦੌਰਾਨ ਦਿਲਬਾਗ ਸਿੰਘ ਮੋਗਾ, ਜਗਜੀਤ ਸਿੰਘ ਸੰਗਰੂਰ ਤੇ ਹੋਰਨਾਂ ਦੀਆਂ ਪੱਗਾਂ ਲੱਥ ਗਈਆਂ, ਜਦੋਂਕਿ ਦਿਲਬਾਗ ਤੇ ਜਗਜੀਤ ਸਮੇਤ ਹਰਦੀਪ ਸਿੰਘ ਮੋਗਾ, ਸੁਨੀਲ ਚੌਧਰੀ ਤੇ ਜਗਜੀਤ ਸਿੰਘ ਚਾਹਲ ਨੂੰ ਸੱਟਾਂ ਵੀ ਲੱਗੀਆਂ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਹੀ ਪੰਜਾਬ ਭਰ ’ਚੋਂ ਵੈਟਰਨਰੀ ਇੰਸਪੈਕਟਰ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਦੁਪਹਿਰ 1 ਵਜੇ ਵੱਡੀ ਭੀੜ ਜਮ੍ਹਾਂ ਹੋ ਗਈ। ਇੱਥੇ ਉਨ੍ਹਾਂ ਆਪਣੀਆਂ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਵਿਰੋਧ ਦੱਸਦਿਆਂ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ।

ਇਸ ਤੋਂ ਬਾਅਦ ਉਨ੍ਹਾਂ ਮੁੱਖ ਦਫ਼ਤਰ ਦੀ ਘੇਰਾਬੰਦੀ ਕਰ ਕੇ ਜ਼ਬਰਦਸਤ ਪਿੱਟ ਸਿਆਪਾ ਕੀਤਾ ਤੇ ਮੁੱਖ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਦਾ ਪੁਤਲਾ ਸਾੜਿਆ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਉਨ੍ਹਾਂ ਨੂੰ ਇਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ ਹੈ। ਬੁਲਾਰਿਆਂ ਨੇ ਸੂਬਾ ਸਰਕਾਰ ਤੇ ਅਫ਼ਸਰਸ਼ਾਹੀ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਵੈਟਰਨਰੀ ਇੰਸਪੈਕਟਰ ਕਾਡਰ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਲਗਾਤਾਰ ਨਾਂਹ-ਪੱਖੀ ਰੋਲ ਅਦਾ ਕਰ ਰਹੀ ਹੈ।

ਮੰਗਾਂ ਦੇ ਨਿਪਟਾਰੇ ਲਈ ਭਾਵੇਂ ਕੈਬਨਿਟ ਸਬ-ਕਮੇਟੀ ਵੱਲੋਂ ਸਹਿਮਤੀ ਦਿੱਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਵਿੱਤ ਵਿਭਾਗ ਤੇ ਪ੍ਰਸੋਨਲ ਵਿਭਾਗ ਬੇਲੋੜੇ ਇਤਰਾਜ਼ ਲਾ ਕੇ ਕਾਡਰ ਨੂੰ ਖੱਜਲ-ਖੁਆਰ ਕਰ ਰਹੇ ਹਨ। ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ। ਇਸ ਮੌਕੇ ਗੁਰਦੀਪ ਸਿੰਘ ਛੰਨਾ, ਰਾਜੀਵ ਮਲਹੋਤਰਾ, ਦਲਜੀਤ ਸਿੰਘ ਚਾਹਲ, ਗੁਰਮੀਤ ਸਿੰਘ ਮਹਿਤਾ, ਧਰਮਵੀਰ ਸਿੰਘ ਸਰਾਂ, ਹਰਦੀਪ ਸਿੰਘ ਗਿਆਨਾ, ਸਤਨਾਮ ਸਿੰਘ (ਅੰਮ੍ਰਿਤਸਰ), ਪ੍ਰਵੀਨ ਕੁਮਾਰ (ਗੁਰਦਾਸਪੁਰ), ਹਰਦੀਪ ਸਿੰਘ (ਮੋਗਾ), ਰਾਜਨ ਕੰਬੋਜ, ਗੁਰਪ੍ਰੀਤ ਸਿੰਘ (ਸੰਗਰੂਰ), ਸੁਖਵਿੰਦਰ ਸਿੰਘ ਰਾਏਪੁਰ, ਦਮਨਦੀਪ ਸਿੰਘ (ਰੂਪਨਗਰ), ਹਰਬੰਸ ਸਿੰਘ (ਅੰਮ੍ਰਿਤਸਰ), ਹਰਜੋਤ ਸਿੰਘ ਸੈਣੀ, ਗੁਰਜੀਤ ਸਿੰਘ, ਰਜਿੰਦਰ ਕੰਬੋਜ (ਜਲੰਧਰ), ਗੁਰਪ੍ਰੀਤ ਸਿੰਘ (ਨਾਭਾ) ਸਮੇਤ ਵੱਡੀ ਗਿਣਤੀ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ।

‘ਪੰਜਾਬ ਸਕੇਲ ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ’ ਦੇ ਆਗੂਆਂ ਨੇ ‘ਆਪ’ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿਚ ਆਈ ਪੰਜਾਬ ਸਰਕਾਰ ਹੁਣ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਤੋਂ ਭੱਜ ਰਹੀ ਹੈ ਤੇ ਹੁਣ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮੁੱਚਾ ਮੁਲਾਜ਼ਮ ਵਰਗ ਆਗਾਮੀ ਵਿਧਾਨ ਸਭਾ ਚੋਣਾਂ ’ਚ ਸਰਕਾਰ ਨੂੰ ਸਬਕ ਸਿਖਾਏਗਾ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਵੈਟਰਨਰੀ ਇੰਸਪੈਕਟਰ ਕਾਡਰ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਵੇਗਾ।

 

Leave a Comment