Join WhatsApp

Join Now

ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਝਟਕਾ; ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ

On: ਅਗਸਤ 3, 2026 4:36 ਬਾਃ ਦੁਃ

 

ਪੰਜਾਬ ਸਰਕਾਰ ਦੀਆਂ ਲਾਰਾ-ਲਾਊ ਨੀਤੀਆਂ ਤੋਂ ਤੰਗ ਆਏ ਕੱਚੇ ਮੁਲਾਜ਼ਮ: ਅੱਜ ਤੋਂ ਸਰਕਾਰੀ ਬੱਸਾਂ ‘ਚ ਖੱਜਲ ਹੋਣਗੇ ਯਾਤਰੀ

ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ PRTC/ਪਨਬੱਸ ਠੇਕਾ ਮੁਲਾਜ਼ਮਾਂ ਦਾ ਵੱਡਾ ਐਕਸ਼ਨ: ਮੰਗਾਂ ਨਾ ਮੰਨੀਆਂ ਤਾਂ CM ਰਿਹਾਇਸ਼ ਘੇਰਨ ਦੀ ਚੇਤਾਵਨੀ

ਚੰਡੀਗੜ੍ਹ, 3 ਅਗਸਤ 2026- ਪੰਜਾਬ ਵਿੱਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. (PRTC) ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਇੱਕ ਵਾਰ ਫਿਰ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਦੀ ਇਸ ਹੜਤਾਲ ਕਾਰਨ ਅੱਜ 3 ਅਗਸਤ ਤੋਂ ਅਗਲੇ 3 ਦਿਨਾਂ ਲਈ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੀ.ਆਰ.ਟੀ.ਸੀ. ਅਤੇ ਪਨਬੱਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਸਰਕਾਰ ਦੀਆਂ “ਲਾਰਾ-ਲਾਊ ਨੀਤੀਆਂ” ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਸਰਕਾਰ ਵੱਲੋਂ ਬਾਰ-ਬਾਰ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਹਾਲੇ ਤੱਕ ਜਿਉਂ ਦਾ ਤਿਉਂ ਲਟਕ ਰਿਹਾ ਹੈ। ਆਗੂਆਂ ਅਨੁਸਾਰ ਯੂਨੀਅਨ ਵੱਲੋਂ ਲਗਾਤਾਰ 27 ਅਪ੍ਰੈਲ ਤੋਂ ਸੰਘਰਸ਼ ਵਿੱਢਿਆ ਗਿਆ ਹੈ। ਇਸ ਸੰਘਰਸ਼ ਦੇ ਪਹਿਲੇ ਚਰਨ ਵਿੱਚ ਵੱਖ-ਵੱਖ ਡਿਪੂਆਂ ਅੱਗੇ ਗੇਟ ਰੈਲੀਆਂ ਵੀ ਕੀਤੀਆਂ ਗਈਆਂ ਸਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ, ਜਿਸ ਤੋਂ ਬਾਅਦ ਹੁਣ ਪੂਰਨ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਾਰ-ਬਾਰ ਭਰੋਸਾ ਦਿੱਤਾ ਸੀ ਕਿ ਸਾਰੇ ਕੰਟਰੈਕਟ (ਠੇਕਾ) ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਹੁਣ ਵਿਧਾਨ ਸਭਾ ਦਾ ਆਖ਼ਰੀ ਮੌਨਸੂਨ ਸੈਸ਼ਨ ਸਿਰ ‘ਤੇ ਆ ਖੜ੍ਹਾ ਹੋਇਆ ਹੈ ਅਤੇ ਹਾਲੇ ਤੱਕ ਇਸ ਦਿਸ਼ਾ ਵਿੱਚ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਸਰਕਾਰ ਵੱਲੋਂ ਸਿਰਫ਼ ਸਮਾਂ ਲੰਘਾਉਣ ਲਈ ਆਕਾਰਹੀਣ ਵਾਅਦੇ ਕੀਤੇ ਜਾ ਰਹੇ ਹਨ।

ਮੁਲਾਜ਼ਮ ਆਗੂਆਂ ਨੇ ਪਿਛਲੀਆਂ ਮੀਟਿੰਗਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮੰਗਾਂ ਦੇ ਹੱਲ ਲਈ 24 ਤਰੀਕ ਨੂੰ ਸਰਕਾਰ ਨਾਲ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਤੋਂ ਬਾਅਦ 4 ਜੁਲਾਈ ਨੂੰ ਮੁੜ ਗੱਲਬਾਤ ਦਾ ਦੌਰ ਚੱਲਿਆ, ਜਿਸ ਵਿੱਚ ਇੱਕ ਖਰੜਾ (ਡਰਾਫਟ) ਤਿਆਰ ਕੀਤਾ ਗਿਆ ਸੀ। ਉਸ ਸਮੇਂ ਸਰਕਾਰੀ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਸੀ ਕਿ 10 ਦਿਨਾਂ ਦੇ ਅੰਦਰ-ਅੰਦਰ ਮੁਲਾਜ਼ਮਾਂ ਦੇ ਸਾਰੇ ਮਸਲਿਆਂ ਦਾ ਪੱਕਾ ਹੱਲ ਕੱਢ ਲਿਆ ਜਾਵੇਗਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਨਿਸ਼ਚਿਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਸਾਰਥਕ ਹੱਲ ਸਾਹਮਣੇ ਨਹੀਂ ਆਇਆ।

ਹੜਤਾਲ ਦੇ ਐਲਾਨ ਤੋਂ ਬਾਅਦ ਹਰਕਤ ਵਿੱਚ ਆਈ ਸਰਕਾਰ ਵੱਲੋਂ ਮੁਲਾਜ਼ਮ ਯੂਨੀਅਨ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਜ 3 ਅਗਸਤ ਨੂੰ ਹੋਣ ਵਾਲੀ ਇਸ ਮੀਟਿੰਗ ਦਾ ਸਮਾਂ ਪਹਿਲਾਂ ਦੁਪਹਿਰ ਬਾਅਦ 3 ਵਜੇ ਰੱਖਿਆ ਗਿਆ ਸੀ, ਪਰ ਹੁਣ ਸਰਕਾਰ ਨੇ ਇਸ ਵਿੱਚ ਬਦਲਾਅ ਕਰਦਿਆਂ ਸਵੇਰੇ 10 ਵਜੇ ਮੀਟਿੰਗ ਨਿਸ਼ਚਿਤ ਕੀਤੀ ਹੈ। ਇਹ ਅਹਿਮ ਮੀਟਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਹੋਵੇਗੀ, ਜਿਸ ਵਿੱਚ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆਇਆ ਹੈ, ਪਰ ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰਾਂਸਪੋਰਟ ਮੰਤਰੀ ਨਾਲ ਸਵੇਰ ਦੀ ਮੀਟਿੰਗ ਵਿੱਚ ਮੰਗਾਂ ‘ਤੇ ਕੋਈ ਠੋਸ ਅਤੇ ਲਿਖਤੀ ਗੌਰ ਨਹੀਂ ਕੀਤਾ ਜਾਂਦਾ, ਤਾਂ ਮੋਹਾਲੀ ਵਿਖੇ ਮੁਲਾਜ਼ਮਾਂ ਵੱਲੋਂ ਮਰਨ ਵਰਤ / ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ/ਮੋਹਾਲੀ ਸਥਿਤ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

 

More

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਬਿਆਨ ਨੇ “ਸਿੱਖਿਆ ਕ੍ਰਾਂਤੀ” ਦਾ ਅਸਲ ਸੱਚ ਲਿਆਂਦਾ ਸਾਹਮਣੇ: DTF ਨੇ ਵੀ ਸਰਕਾਰ ਦੀ ਖੋਲ੍ਹੀ ਪੋਲ!

Sangrur News: ਅਧਿਆਪਕ ਵਿਰੋਧੀ ਵਤੀਰੇ ਖ਼ਿਲਾਫ਼ ‘ਦਹਿਸ਼ਤ ਤੋੜੋ ਰੈਲੀ’ ਭਲਕੇ!

Punjab News: 15 ਅਗਸਤ ਨੂੰ CM ਮਾਨ ਦਾ ਕਾਲੀਆਂ ਝੰਡੀਆਂ ਨਾਲ ਕੰਪਿਊਟਰ ਅਧਿਆਪਕ ਕਰਨਗੇ ਵਿਰੋਧ!

Punjab News: ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ; 4 ਅਗਸਤ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਪਰਿਵਾਰਾਂ ਸਮੇਤ ਗਰਜਣਗੇ ਕਾਮੇ

ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਦੇ ਹੱਕ ‘ਚ ਭਰਾਤਰੀ ਜਥੇਬੰਦੀਆਂ ਦਾ ਵੱਡਾ ਐਲਾਨ! ਭਲਕੇ ਹੋਵੇਗਾ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾਉਣ ਵਾਲਾ ਇਕੱਠ

ਸਿੱਖਿਆ ਵਿਭਾਗ ‘ਚ 31370 ਪੋਸਟਾਂ ਖਾਲੀ! ਹਰਜੋਤ ਬੈਂਸ ਨੇ ਵਿਧਾਨ ਸਭਾ ‘ਚ ਦਿੱਤੀ ਜਾਣਕਾਰੀ, ਅਧਿਆਪਕਾਂ ਨੇ ‘ਸਿੱਖਿਆ ਕ੍ਰਾਂਤੀ’ ‘ਤੇ ਚੁੱਕੇ ਸਵਾਲ

Leave a Comment