ਸਕੂਲ ਅੰਦਰ ਵੜ ਕੇ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ
ਫਰੀਦਾਬਾਦ ਸਕੂਲ ਮਰਡਰ ਕੇਸ: 27 ਵਾਰ ਚਾਕੂ ਘੋਪ ਕੇ ਅਧਿਆਪਕਾ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਪਤੀ ਬੋਲਿਆ- “ਜੇ ਪੁਲਿਸ ਪਹਿਲਾਂ ਕਾਰਵਾਈ ਕਰਦੀ ਤਾਂ ਜਿਊਂਦੀ ਹੁੰਦੀ ਸੰਧਿਆ”
ਚੰਡੀਗੜ੍ਹ, 7 ਅਗਸਤ 2026- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਸਿਕਰੋਨਾ ਪਿੰਡ ‘ਚ ਸਥਿਤ ਇੱਕ ਨਿੱਜੀ ਸਕੂਲ ਵਿੱਚ 28 ਸਾਲਾ ਲੇਡੀ ਟੀਚਰ ਸੰਧਿਆ ਸ਼ਰਮਾ ਦੇ ਹੋਏ ਬੇਰਹਿਮ ਕਤਲ ਮਾਮਲੇ ਵਿੱਚ ਪੁਲਿਸ ਤਫਤੀਸ਼ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੁਲਿਸ ਮੁਤਾਬਕ 21 ਸਾਲਾ ਦੋਸ਼ੀ ਅਮਿਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਲਗਭਗ ਦੋ ਮਹੀਨੇ ਪਹਿਲਾਂ ਹੀ ਸਾਜ਼ਿਸ਼ ਰਚ ਲਈ ਸੀ। ਇਸ ਖੂਨੀ ਖੇਡ ਨੂੰ ਖੇਡਣ ਲਈ ਉਸ ਨੇ ਖਾਸ ਤੌਰ ‘ਤੇ ਬਾਜ਼ਾਰ ਤੋਂ ਇੱਕ ਚਾਕੂ ਖਰੀਦਿਆ ਸੀ ਅਤੇ ਉਹ ਸੰਧਿਆ ਦਾ ਕਤਲ ਕਰਨ ਲਈ ਢੁਕਵੇਂ ਮੌਕੇ ਦੀ ਭਾਲ ਵਿੱਚ ਸੀ।
ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਅਮਿਤ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਗਭਗ 9:30 ਵਜੇ ਉਹ ਸਿਕਰੋਨਾ ਪਿੰਡ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਪਹੁੰਚਿਆ। ਉਸ ਨੇ ਚਿਹਰੇ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਸਕੂਲ ਵਿੱਚ ਦਾਖਲ ਹੋ ਕੇ ਉਸ ਨੇ ਸੰਧਿਆ ਦੇ ਪਤੀ ‘ਵਿਕੀ’ ਦਾ ਨਾਂ ਲੈ ਕੇ ਉਸ ਨੂੰ ਕਲਾਸਰੂਮ ਤੋਂ ਬਾਹਰ ਬੁਲਾਇਆ। ਜਿਵੇਂ ਹੀ ਸੰਧਿਆ ਕਲਾਸਰੂਮ ਤੋਂ ਬਾਹਰ ਆਈ, ਅਮਿਤ ਨੇ ਉਸ ਨੂੰ ਵਾਲਾਂ ਤੋਂ ਫੜ ਲਿਆ, ਘੜੀਸਿਆ ਅਤੇ ਅੰਨ੍ਹੇਵਾਹ ਚਾਕੂ ਨਾਲ ਹਮਲਾ ਕਰ ਦਿੱਤਾ।
ਦੋਸ਼ੀ ਨੇ ਸੰਧਿਆ ਦੀ ਗਰਦਨ ਅਤੇ ਛਾਤੀ ‘ਤੇ ਇਕ ਤੋਂ ਬਾਅਦ ਇਕ 27 ਤੋਂ ਵੱਧ ਵਾਰ ਚਾਕੂ ਨਾਲ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਸਿਰ ‘ਤੇ ਖੂਨ ਇਸ ਕਦਰ ਸਵਾਰ ਸੀ ਕਿ ਚਾਕੂ ਦੇ ਮੁੜ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਵਾਰ ਕਰਦਾ ਰਿਹਾ। ਇਹ ਪੂਰੀ ਵਾਰਦਾਤ ਸਕੂਲ ‘ਚ ਲੱਗੇ ਸੀਸੀਟੀਵੀ (CCTV) ਕੈਮਰਿਆਂ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕੀ ਹੈ। ਜਦੋਂ ਸਕੂਲ ਦੇ ਇੱਕ ਸਟਾਫ ਮੈਂਬਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਨੂੰ ਵੀ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲਿਸ ਮੁਤਾਬਕ ਦੋਸ਼ੀ ਅਮਿਤ, ਜੋ ਕਿ ਕੋਟ ਪਿੰਡ ਦਾ ਰਹਿਣ ਵਾਲਾ ਹੈ, ਸੰਧਿਆ ਨਾਲ ਇੱਕਤਰਫ਼ਾ ਲਗਾਵ ਰੱਖਦਾ ਸੀ। ਸੰਧਿਆ ਨੇ ਉਸ ਦੇ ਇਸ ਰਵੱਈਏ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਸੰਧਿਆ ਨੇ ਅਮਿਤ ਖਿਲਾਫ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਮਿਤ ਨੇ ਲਿਖਤੀ ਮਾਫੀ ਮੰਗ ਲਈ ਸੀ।
ਇਸ ਪਰੇਸ਼ਾਨੀ ਤੋਂ ਬਚਣ ਲਈ ਸੰਧਿਆ ਨੇ ਕੋਟ ਪਿੰਡ ਦਾ ਸਕੂਲ ਛੱਡ ਕੇ ਸਿਕਰੋਨਾ ਦੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਰਿਹਾਇਸ਼ ਵੀ ਬਦਲ ਲਈ ਸੀ। ਪਰ ਦੋਸ਼ੀ ਅਮਿਤ ਦੇ ਮਨ ‘ਚ ਇਸ ਗੱਲ ਨੂੰ ਲੈ ਕੇ ਗੁੱਸਾ ਅਤੇ ਰੰਜਿਸ਼ ਭਰੀ ਹੋਈ ਸੀ। ਪੁੱਛਗਿੱਛ ਦੌਰਾਨ ਅਮਿਤ ਨੇ ਦੱਸਿਆ ਕਿ ਉਸ ਨੇ ਪਹਿਲਾਂ ਸੰਧਿਆ ‘ਤੇ ਸਕੂਲ ਆਉਂਦੇ-ਜਾਂਦੇ ਰਸਤੇ ‘ਚ ਹਮਲਾ ਕਰਨ ਦਾ ਯੋਜਨਾ ਬਣਾਈ ਸੀ, ਪਰ ਫੜੇ ਜਾਣ ਦੇ ਡਰੋਂ ਉਸ ਨੇ ਸਕੂਲ ਦੇ ਅੰਦਰ ਵੜ ਕੇ ਹੀ ਇਸ ਖੂਨੀ ਵਾਰਦਾਤ ਨੂੰ ਅੰਜਾਮ ਦੇਣ ਦਾ ਫੈਸਲਾ ਕੀਤਾ।
ਮ੍ਰਿਤਕਾ ਦੇ ਪਤੀ ਵਿਕੀ ਗੁਰਜਰ ਨੇ ਪੁਲਿਸ ਦੀ ਢਿੱਲੀ ਕਾਰਵਾਈ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਸ ਨੇ ਦੱਸਿਆ ਕਿ ਉਸ ਦੀ ਸੰਧਿਆ ਨਾਲ ਲਵ ਮੈਰਿਜ ਹੋਈ ਸੀ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਅਤੇ 5 ਸਾਲ ਦੀ ਬੇਟੀ ਛੱਡ ਗਈ ਹੈ। ਵਿਕੀ ਨੇ ਕਿਹਾ, “ਜੇਕਰ ਪੁਲਿਸ ਨੇ ਪਹਿਲਾਂ ਦਿੱਤੀ ਗਈ ਛੇੜਛਾੜ ਦੀ ਸ਼ਿਕਾਇਤ ‘ਤੇ ਹੀ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਮੇਰੀ ਪਤਨੀ ਸਾਡੇ ਵਿਚਕਾਰ ਜਿਊਂਦੀ ਹੁੰਦੀ।”
ਘਟਨਾ ਦੇ ਮਹਿਜ਼ 2 ਘੰਟਿਆਂ ਦੇ ਅੰਦਰ ਹੀ ਫਰੀਦਾਬਾਦ ਪੁਲਿਸ ਨੇ ਦੋਸ਼ੀ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੰਗਲਵਾਰ ਨੂੰ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਹੱਤਿਆ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ, ਜਦਕਿ ਘਟਨਾ ਸਮੇਂ ਵਰਤੀ ਗਈ ਮੋਟਰਸਾਈਕਲ ਅਤੇ ਦੋਸ਼ੀ ਦੇ ਕੱਪੜੇ ਬਰਾਮਦ ਕਰਨ ਲਈ ਛਾਪੇਮਾਰੀ ਜਾਰੀ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਿਤ ਆਪਣੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸ ਦੇ ਵੱਡੇ ਭਰਾ ਹਸਪਤਾਲਾਂ ਵਿੱਚ ਨੌਕਰੀ ਕਰਦੇ ਹਨ, ਜਦਕਿ ਅਮਿਤ ਖੁਦ ਬੇਰੋਜ਼ਗਾਰ ਹੈ ਅਤੇ ਮੱਝਾਂ ਪਾਲ ਕੇ ਦੁੱਧ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਅੱਗੇ ਦੀ ਜਾਂਚ ਕਰ ਰਹੀ ਹੈ।
Faridabad Teacher Murder, Sandhya Sharma Murder Case, Sikrona School Murder, Faridabad Crime News, Haryana Crime News, Stalker Teacher Murder, Faridabad Police, Stabbing Incident Faridabad, School Crime Haryana, CCTV Crime Video, Amit Kot Village, Crime News Punjabi
















