ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਹੋਇਆ ਦੇਹਾਂਤ, ਖੇਡ ਸੰਸਾਰ ‘ਚ ਛਾਈ ਸੋਗ ਦੀ ਲਹਿਰ
ਚੰਡੀਗੜ੍ਹ, 12 ਅਗਸਤ 2026- ਪੰਜਾਬ ਦੀਆਂ ਮਾਂ ਖੇਡਾਂ ਵਿੱਚੋਂ ਇੱਕ ‘ਕਬੱਡੀ’ ਦੇ ਖੇਤਰ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੂਤ ਦੇ ਰਹਿਣ ਵਾਲੇ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਦੇਹਾਂਤ ਹੋ ਗਿਆ ਹੈ। ਗੁਰਜੀਤ ਸਿੰਘ ਤੂਤ ਪਿਛਲੇ ਕੁਝ ਸਮੇਂ ਤੋਂ ਗੰਭੀਰ ਬਿਮਾਰ ਚੱਲ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਉਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਅੰਤਿਮ ਸਾਹ ਲਏ।
ਗੁਰਜੀਤ ਸਿੰਘ ਤੂਤ ਨੇ ਲੰਬੇ ਸਮੇਂ ਤੱਕ ਕਬੱਡੀ ਦੇ ਮੈਦਾਨਾਂ ਵਿੱਚ ਆਪਣੀ ਬਹਿਤਰੀਨ ਖੇਡ ਦੇ ਜੌਹਰ ਦਿਖਾਏ। ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਜਾਂ ਭਾਰਤ ਵਿੱਚ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਕਬੱਡੀ ਜਗਤ ਵਿੱਚ ਆਪਣੀ ਇੱਕ ਵੱਖਰੀ ਅਤੇ ਮਜ਼ਬੂਤ ਪਛਾਣ ਬਣਾਈ ਸੀ। ਖੇਡ ਮੈਦਾਨ ਵਿੱਚ ਉਨ੍ਹਾਂ ਦੀ ਫੁਰਤੀ, ਰਣਨੀਤੀ ਅਤੇ ਮਜ਼ਬੂਤ ਜਜ਼ਬਾ ਦੇਖਣਯੋਗ ਹੁੰਦਾ ਸੀ। ਕਬੱਡੀ ਦੇ ਵੱਡੇ-ਵੱਡੇ ਟਰੂਨਾਮੈਂਟਾਂ ਵਿੱਚ ਉਨ੍ਹਾਂ ਦੀ ਹਾਜ਼ਰੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦੀ ਸੀ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਕਬੱਡੀ ਦਾ ਇੱਕ ਵੱਡਾ ਅਤੇ ਸਤਿਕਾਰਯੋਗ ਨਾਮ ਬਣਾ ਦਿੱਤਾ ਸੀ।
ਗੁਰਜੀਤ ਸਿੰਘ ਤੂਤ ਦੇ ਅਚਾਨਕ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਖੇਡ ਪ੍ਰਸ਼ੰਸਕਾਂ, ਕਬੱਡੀ ਖਿਡਾਰੀਆਂ ਅਤੇ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਕਬੱਡੀ ਪ੍ਰਮੋਟਰਾਂ, ਸਾਥੀ ਖਿਡਾਰੀਆਂ ਅਤੇ ਵੱਖ-ਵੱਖ ਖੇਡ ਕਲੱਬਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਗੁਰਜੀਤ ਤੂਤ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਕਬੱਡੀ ਜਗਤ ਲਈ ਇੱਕ ਅਜਿਹਾ ਘਾਟਾ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਕਬੱਡੀ ਪ੍ਰਤੀ ਦਿੱਤਾ ਗਿਆ ਯੋਗਦਾਨ ਅਤੇ ਖੇਡ ਪ੍ਰਤੀ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਗੁਰਜੀਤ ਸਿੰਘ ਤੂਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਸਾਬਤ ਕੀਤਾ ਸੀ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਪਿੰਡਾਂ ਤੋਂ ਉੱਠ ਕੇ ਵੀ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾਇਆ ਜਾ ਸਕਦਾ ਹੈ। ਮੈਦਾਨ ਵਿੱਚ ਉਨ੍ਹਾਂ ਦਾ ਖੇਡ ਪ੍ਰਤੀ ਜਜ਼ਬਾ, ਅਨੁਸ਼ਾਸਨ ਅਤੇ ਸਾਥੀ ਖਿਡਾਰੀਆਂ ਨਾਲ ਪ੍ਰੇਮ ਹਮੇਸ਼ਾ ਆਉਣ ਵਾਲੀ ਨਵੀਂ ਪੀੜ੍ਹੀ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਉਨ੍ਹਾਂ ਨੇ ਕਈ ਨਵੇਂ ਖਿਡਾਰੀਆਂ ਨੂੰ ਖੇਡ ਵੱਲ ਪ੍ਰੇਰਿਤ ਕੀਤਾ ਅਤੇ ਪੰਜਾਬੀ ਮਾਂ ਖੇਡ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ।
















