Join WhatsApp

Join Now

17 August Holiday Punjab: ਪੰਜਾਬ ਦੇ 4 ਹੋਰ ਜ਼ਿਲ੍ਹਿਆਂ ’ਚ 17 ਅਗਸਤ ਨੂੰ ਛੁੱਟੀ ਦਾ ਐਲਾਨ; ਜਾਣੋ ਤੁਹਾਡੇ ਜ਼ਿਲ੍ਹੇ ਦੇ ਸਕੂਲਾਂ-ਕਾਲਜਾਂ ਲਈ ਕੀ ਹਨ ਹੁਕਮ

On: ਅਗਸਤ 15, 2026 8:06 ਬਾਃ ਦੁਃ

 

17 August Holiday Punjab: ਪੰਜਾਬ ਦੇ 4 ਹੋਰ ਜ਼ਿਲ੍ਹਿਆਂ ’ਚ 17 ਅਗਸਤ ਨੂੰ ਛੁੱਟੀ ਦਾ ਐਲਾਨ; ਜਾਣੋ ਤੁਹਾਡੇ ਜ਼ਿਲ੍ਹੇ ਦੇ ਸਕੂਲਾਂ-ਕਾਲਜਾਂ ਲਈ ਕੀ ਹਨ ਹੁਕਮ

ਜਲੰਧਰ, ਹੁਸ਼ਿਆਰਪੁਰ, ਸੰਗਰੂਰ ਤੇ ਫਿਰੋਜ਼ਪੁਰ ਦੇ ਸਕੂਲਾਂ-ਕਾਲਜਾਂ ਲਈ 17 ਅਗਸਤ ਦੀ ਛੁੱਟੀ ਬਾਰੇ ਅਹਿਮ ਅਪਡੇਟ

ਚੰਡੀਗੜ੍ਹ, 15 ਅਗਸਤ 2026-

17 August Holiday Punjab: ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਪੰਜਾਬ ਭਰ ਵਿੱਚ 15 ਅਗਸਤ ਨੂੰ ਜ਼ਿਲ੍ਹਾ ਅਤੇ ਰਾਜ ਪੱਧਰੀ ਸਮਾਗਮ ਬੜੀ ਧੂਮਧਾਮ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਮਾਹੌਲ ਨਾਲ ਮਨਾਏ ਗਏ। ਇਹਨਾਂ ਸਮਾਗਮਾਂ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ, ਸੱਭਿਆਚਾਰਕ ਵੰਨਗੀਆਂ ਅਤੇ ਮਾਰਚ ਪਾਸਟ ਵਿੱਚ ਹਿੱਸਾ ਲਿਆ ਗਿਆ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਗਈ ਅਣਥੱਕ ਮਿਹਨਤ, ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ 17 ਅਗਸਤ 2026 (ਦਿਨ ਸੋਮਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- Holiday Alert: ਪੰਜਾਬ ਦੇ ਕਈ ਜ਼ਿਲ੍ਹਿਆਂ 17 ਅਗਸਤ ਦੀ ਛੁੱਟੀ ਦਾ ਐਲਾਨ; ਸਕੂਲ-ਕਾਲਜ ਰਹਿਣਗੇ ਬੰਦ, ਜਾਣੋ ਆਪਣੇ ਜ਼ਿਲ੍ਹੇ ਬਾਰੇ

ਜਲੰਧਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ-ਕਾਲਜਾਂ ’ਚ 17 ਅਗਸਤ ਨੂੰ ਛੁੱਟੀ

ਜਲੰਧਰ ਦੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਜ਼ਾਦੀ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਸੰਬੋਧਨ ਦੌਰਾਨ ਮੰਤਰੀ ਮੋਹਿੰਦਰ ਭਗਤ ਨੇ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਕਾਲਜਾਂ ਵਿੱਚ ਵੀ 17 ਅਗਸਤ 2026 (ਸੋਮਵਾਰ) ਨੂੰ ਛੁੱਟੀ ਦਾ ਐਲਾਨ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੇ ਆਪਣੀਆਂ ਦੇਸ਼ ਭਗਤੀ ਨਾਲ ਲੱਭ-ਪੱਬ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਹਨ, ਜਿਸ ਲਈ ਉਹ ਵਿਸ਼ੇਸ਼ ਸ਼ਾਬਾਸ਼ੀ ਦੇ ਹੱਕਦਾਰ ਹਨ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਸਕੂਲਾਂ ’ਚ ਵੀ ਰਹੇਗੀ ਛੁੱਟੀ

ਦੂਜੇ ਪਾਸੇ, ਹੁਸ਼ਿਆਰਪੁਰ ਵਿਖੇ ਕਰਵਾਏ ਗਏ 80ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਸਮਾਪਤੀ ’ਤੇ ਪਹੁੰਚੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵੀ ਜ਼ਿਲ੍ਹੇ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਸਮਾਰੋਹਾਂ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨੇ ਕਈ ਦਿਨਾਂ ਤੋਂ ਸਖ਼ਤ ਮਿਹਨਤ ਕੀਤੀ ਸੀ। ਇਸ ਮਿਹਨਤ ਅਤੇ ਸਮਰਪਣ ਨੂੰ ਸਨਮਾਨ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਸੋਮਵਾਰ, 17 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਸੰਗਰੂਰ: ਸਿਰਫ਼ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਨੂੰ ਰਾਹਤ

ਜ਼ਿਲ੍ਹਾ ਸੰਗਰੂਰ ਵਿੱਚ ਛੁੱਟੀ ਨੂੰ ਲੈ ਕੇ ਵੱਖਰੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੰਗਰੂਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ 17 ਅਗਸਤ 2026 (ਸੋਮਵਾਰ) ਨੂੰ ਜ਼ਿਲ੍ਹੇ ਦੇ ਕੇਵਲ ਉਹਨਾਂ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਹੋਵੇਗੀ, ਜਿਨ੍ਹਾਂ ਦੇ ਵਿਦਿਆਰਥੀਆਂ ਜਾਂ ਸਟਾਫ਼ ਨੇ ਸੰਗਰੂਰ ਵਿੱਚ ਆਯੋਜਿਤ ਵੱਖ-ਵੱਖ ਸਰਕਾਰੀ ਸੁਤੰਤਰਤਾ ਸਮਾਗਮਾਂ ਵਿੱਚ ਪ੍ਰਤੱਖ ਤੌਰ ‘ਤੇ ਹਿੱਸਾ ਲਿਆ ਹੈ। ਇਹ ਫੈਸਲਾ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਬੱਚਿਆਂ ਅਤੇ ਸਟਾਫ਼ ਨੂੰ ਵਿਸ਼ਰਾਮ ਦੇਣ ਲਈ ਲਿਆ ਗਿਆ ਹੈ ਜਿਨ੍ਹਾਂ ਨੇ ਤਿਆਰੀਆਂ ਅਤੇ ਪ੍ਰੋਗਰਾਮਾਂ ਵਿੱਚ ਆਪਣਾ ਯੋਗਦਾਨ ਦਿੱਤਾ ਸੀ।

ਫਿਰੋਜ਼ਪੁਰ: ਰਾਜ ਪੱਧਰੀ ਸਮਾਗਮ ’ਚ ਸ਼ਾਮਲ ਹੋਣ ਵਾਲੇ ਸਕੂਲ ਰਹਿਣਗੇ ਬੰਦ, ਬਾਕੀ ਆਮ ਵਾਂਗ ਖੁੱਲ੍ਹਣਗੇ

ਫਿਰੋਜ਼ਪੁਰ ਜ਼ਿਲ੍ਹੇ ਤੋਂ ਵੀ ਛੁੱਟੀ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ 17 ਅਗਸਤ 2026 ਨੂੰ ਸਿਰਫ਼ ਉਨ੍ਹਾਂ ਸਕੂਲਾਂ ਨੂੰ ਹੀ ਛੁੱਟੀ ਰਹੇਗੀ, ਜਿਨ੍ਹਾਂ ਨੇ ਅੱਜ ਸੁਤੰਤਰਤਾ ਦਿਵਸ ਦੇ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲਿਆ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਸਾਰੇ ਸਕੂਲ ਸੋਮਵਾਰ ਨੂੰ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਆਮ ਵਾਂਗ ਖੁੱਲ੍ਹੇ ਰਹਿਣਗੇ।

 

Leave a Comment