ਇੰਗਲੈਂਡ ਰਹਿੰਦੀ ਪੰਜਾਬਣ ਦੀ ਸੜਕ ਹਾਦਸੇ ’ਚ ਮੌਤ, ਭਰਾ ਨੇ ਜਤਾਇਆ ਕਤਲ ਦਾ ਸ਼ੱਕ
ਇੰਗਲੈਂਡ/ ਸ੍ਰੀ ਮੁਕਤਸਰ ਸਾਹਿਬ, 18 ਅਗਸਤ 2026
ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਦੇ ਪਿੰਡ ਬਾਹਮਣਵਾਲਾ ਦੀ ਵਸਨੀਕ ਅਤੇ ਪਿਛਲੇ ਕਰੀਬ ਸੱਤ ਸਾਲਾਂ ਤੋਂ ਇੰਗਲੈਂਡ ਰਹਿ ਰਹੀ ਮਨਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਮਾਮਲਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਮ੍ਰਿਤਕਾ ਦੇ ਭਰਾ ਸੁਖਦੀਪ ਸਿੰਘ, ਪੁੱਤਰ ਗੁਰਤੇਜ ਸਿੰਘ, ਨੇ ਇਸ ਘਟਨਾ ਨੂੰ ਸਿਰਫ਼ ਸੜਕ ਹਾਦਸਾ ਨਾ ਮੰਨਦਿਆਂ ਕਤਲ ਦਾ ਸ਼ੱਕ ਜਤਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਦਾ ਕਰੀਬ ਨੌਂ ਸਾਲ ਪਹਿਲਾਂ ਬਾਹਮਣਵਾਲਾ, ਫਰੀਦਕੋਟ ਵਾਸੀ ਗੁਰਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਹਨ। ਦੱਸਿਆ ਗਿਆ ਹੈ ਕਿ 15 ਅਗਸਤ ਦੀ ਰਾਤ ਮਨਪ੍ਰੀਤ ਕੌਰ ਆਪਣੇ ਪਤੀ ਨਾਲ ਕਾਰ ਰਾਹੀਂ ਪਿੰਡ ਦੋਦਾ ਵਿਖੇ ਇੱਕ ਰਿਸ਼ਤੇਦਾਰ ਦੇ ਘਰ ਗਈ ਸੀ। ਵਾਪਸੀ ਦੌਰਾਨ ਪਿੰਡ ਮਹਾਂਬੱਧਰ ਵੱਲ ਜਾਂਦੇ ਸਮੇਂ ਦੋਦਾ ਨੇੜੇ ਨਹਿਰ ਦੀ ਪੁਲੀ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਹਾਦਸਾ ਵਾਪਰਿਆ।
ਹਾਦਸੇ ਤੋਂ ਬਾਅਦ ਮਨਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਮਲੋਟ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ।
ਮ੍ਰਿਤਕਾ ਦੇ ਭਰਾ ਸੁਖਦੀਪ ਸਿੰਘ ਨੇ ਸ਼ੱਕ ਜਤਾਇਆ ਕਿ ਮਨਪ੍ਰੀਤ ਕੌਰ ਦੀ ਮੌਤ ਕੋਈ ਆਮ ਸੜਕ ਹਾਦਸਾ ਨਹੀਂ, ਸਗੋਂ ਕਿਸੇ ਅਣਹੋਣੀ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਹੋ ਸਕਦਾ ਹੈ। ਪਰਿਵਾਰ ਨੇ ਮੈਡੀਕਲ ਬੋਰਡ ਰਾਹੀਂ ਪੋਸਟਮਾਰਟਮ ਕਰਵਾਉਣ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ।
ਡੀਐੱਸਪੀ ਗਿੱਦੜਬਾਹਾ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਨਣਦੋਈਏ ਜਗਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਸਥਿਤੀ ਸਪੱਸ਼ਟ ਹੋ ਸਕੇਗੀ।
















