Join WhatsApp

Join Now

AAP Punjab ਨੂੰ ਵੱਡਾ ਝਟਕਾ; ਸੀਨੀਅਰ ਆਗੂ ਅਤੇ ਕੌਂਸਲਰ ਨੇ ਛੱਡੀ ਪਾਰਟੀ

On: October 22, 2026 9:40 AM

 

AAP Punjab ਨੂੰ ਵੱਡਾ ਝਟਕਾ; ਸੀਨੀਅਰ ਆਗੂ ਅਤੇ ਕੌਂਸਲਰ ਨੇ ਛੱਡੀ ਪਾਰਟੀ- ਪਰਵਿੰਦਰ ਸਿੰਘ ਝੋਟੇ ਦੇ ਕਤਲ ਨੇ ਕੀਤਾ ਝੰਜੋੜਿਆ, ਪਾਰਟੀ ਲੋਕਾਂ ਦੀਆਂ ਆਸਾਂ ‘ਤੇ ਨਹੀਂ ਉਤਰੀ ਖਰੀ – ਸੁਖਪ੍ਰੀਤ ਸੋਹੀ

ਪਾਇਲ, 22 ਅਕਤੂਬਰ 2026:

ਹਲਕਾ ਪਾਇਲ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੂੰ ਉਸ ਸਮੇਂ ਇੱਕ ਬਹੁਤ ਵੱਡਾ ਰਾਜਸੀ ਝਟਕਾ ਲੱਗਾ, ਜਦੋਂ ਪਾਇਲ ਸ਼ਹਿਰ ਦੇ ਨਾਮਵਰ ਸੀਨੀਅਰ ਯੂਥ ਆਗੂ ਅਤੇ ਵਾਰਡ ਨੰਬਰ 8 ਤੋਂ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰ ਸੁਖਪ੍ਰੀਤ ਸਿੰਘ ਸੋਹੀ ਨੇ ਪਾਰਟੀ ਨਾਲੋਂ ਆਪਣੇ ਸਾਰੇ ਨਾਤੇ ਤੋੜਦਿਆਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਧਿਆਨਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਸੁਖਪ੍ਰੀਤ ਸਿੰਘ ਸੋਹੀ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਇੱਕ ਨੌਜਵਾਨ ਅਤੇ ਹਰਮਨਪਿਆਰੇ ਉਮੀਦਵਾਰ ਵਜੋਂ ਵੱਡੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਇਲਾਕੇ ਦੀ ਸਿਆਸਤ ਵਿੱਚ ਭਾਰੀ ਹਲਚਲ ਮਚ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਸੁਖਪ੍ਰੀਤ ਸਿੰਘ ਸੋਹੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਹੋਏ ਕਤਲ ਨੇ ਉਨ੍ਹਾਂ ਦੇ ਅੰਦਰੋਂ ਹੁਣ ਤੱਕ ਹਲੂਣ ਕੇ ਰੱਖ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਜਿਨ੍ਹਾਂ ਬੁਨਿਆਦੀ ਦਾਅਵਿਆਂ ਅਤੇ ਵਾਅਦਿਆਂ ਨੂੰ ਲੈ ਕੇ ਸੱਤਾ ਵਿੱਚ ਆਈ ਸੀ, ਉਹ ਜ਼ਮੀਨੀ ਹਕੀਕਤ ਵਿੱਚ ਬੁਰੀ ਤਰ੍ਹਾਂ ਫਾਡੀ ਸਾਬਤ ਹੋਈ ਹੈ। ਸੋਹੀ ਨੇ ਆਖਿਆ ਕਿ ਪਰਵਿੰਦਰ ਝੋਟਾ ਲੰਮੇ ਸਮੇਂ ਤੋਂ ਨਸ਼ਿਆਂ ਦੇ ਕੋਹੜ ਵਿਰੁੱਧ ਬਾਕਾਇਦਾ ਇੱਕਜੁੱਟ ਹੋ ਕੇ ਡਟ ਕੇ ਲੜਾਈ ਲੜ ਰਿਹਾ ਸੀ, ਪਰ ਉਸ ਦੇ ਦਿਨ-ਦਹਾੜੇ ਹੋਏ ਕਤਲ ਨੇ ਸਰਕਾਰ ਦੇ ‘ਨਸ਼ਿਆਂ ਵਿਰੁੱਧ ਯੁੱਧ’ ਦੇ ਦਾਅਵਿਆਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।

ਉਨ੍ਹਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਆਪਣੀ ਆਤਮਾ ਦੇ ਬੋਝ ਹੇਠ ਦੱਬੇ ਹੋਏ ਸਨ ਅਤੇ ਆਖ਼ਰਕਾਰ ਉਨ੍ਹਾਂ ਨੂੰ ਇਹ ਕੌੜਾ ਸੱਚ ਸਵੀਕਾਰ ਕਰਨਾ ਪਿਆ ਕਿ ਮੌਜੂਦਾ ਪਾਰਟੀ ਅੰਦਰ ਇਮਾਨਦਾਰ, ਇਨਸਾਫ਼ ਪਸੰਦ ਲੋਕਾਂ, ਦੇਸ਼ ਭਗਤੀ ਦੀ ਭਾਵਨਾ ਰੱਖਣ ਵਾਲਿਆਂ ਅਤੇ ਪੰਜਾਬ ਦੀ ਮਿੱਟੀ ਨਾਲ ਸੱਚਾ ਮੋਹ ਰੱਖਣ ਵਾਲੇ ਕਾਰਕੁਨਾਂ ਲਈ ਹੁਣ ਕੋਈ ਸਨਮਾਨਜਨਕ ਥਾਂ ਨਹੀਂ ਬਚੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਯੋਧਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਜਿਸ ਕਾਰਨ ਅਜਿਹੇ ਮਾਹੌਲ ਵਿੱਚ ਪਾਰਟੀ ਨਾਲ ਜੁੜੇ ਰਹਿਣਾ ਅਸੰਭਵ ਹੋ ਗਿਆ ਹੈ।

ਕੌਂਸਲਰ ਸੁਖਪ੍ਰੀਤ ਸਿੰਘ ਸੋਹੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ, ਪਰ ਉਹ ਆਪਣੇ ਵਾਰਡ ਦੇ ਵਸਨੀਕਾਂ ਦੀ ਸੇਵਾ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਨਾਲ ਕਰਦੇ ਰਹਿਣਗੇ, ਕਿਉਂਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਫ਼ਤਵਾ ਦੇ ਕੇ ਚੁਣਿਆ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਗੰਭੀਰਤਾ ਨਾਲ ਮੁੜ ਵਿਚਾਰ ਕੀਤਾ ਜਾਵੇ ਕਿ ਆਖ਼ਰ ਪੰਜਾਬ ਨੂੰ ਕਿਉਂ ਅਤੇ ਕਿਵੇਂ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਹੁਦਿਆਂ ਦੀ ਵੰਡ ਨੂੰ ਲੈ ਕੇ ਵੀ ਕਾਫ਼ੀ ਖਿੱਚੋਤਾਣ ਦੇਖਣ ਨੂੰ ਮਿਲੀ ਸੀ। ਕੌਂਸਲਰ ਸੋਹੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਸਨ, ਪਰ ਅੰਦਰੂਨੀ ਘੁਸਪੈਠ ਅਤੇ ਧੜੇਬੰਦੀ ਕਾਰਨ ਸਥਾਨਕ ਵਿਧਾਇਕ ਦੇ ਕਰੀਬੀ ਬੂਟਾ ਸਿੰਘ ਰਾਣੋਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ ਸੀ।

ਸੁਖਪ੍ਰੀਤ ਸਿੰਘ ਸੋਹੀ ਇੱਕ ਪੱਕੇ ਗੁਰਸਿੱਖ ਅਤੇ ਅੰਮ੍ਰਿਤਧਾਰੀ ਨੌਜਵਾਨ ਵਜੋਂ ਜਾਣੇ ਜਾਂਦੇ ਹਨ। ਉਹ ਸਿਰਫ਼ 32 ਸਾਲ ਦੀ ਉਮਰ ਵਿੱਚ ਬੇਹੱਦ ਸੰਜੀਦਗੀ ਅਤੇ ਧੜੱਲੇ ਨਾਲ ਲੋਕਾਂ ਦੇ ਕੰਮ ਕਰਵਾਉਣ ਲਈ ਪ੍ਰਸਿੱਧ ਹਨ। ਜਦੋਂ ਉਨ੍ਹਾਂ ਤੋਂ ਭਵਿੱਖ ਦੀ ਸਿਆਸੀ ਰਣਨੀਤੀ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਪੰਜਾਬ ਦੇ ਵਿਗੜਦੇ ਹਾਲਾਤ ਨੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਡੂੰਘਾ ਸਦਮਾ ਦਿੱਤਾ ਹੈ, ਇਸ ਲਈ ਉਹ ਇਸ ਬਾਰੇ ਕੋਈ ਵੀ ਕਾਹਲੀ ਨਾਲ ਫ਼ੈਸਲਾ ਨਹੀਂ ਲੈਣਗੇ।

 

Leave a Comment