CNG ਪੰਪ ’ਤੇ ਵੱਡਾ ਧਮਾਕਾ; 3 ਮੁਲਾਜ਼ਮਾਂ ਦੀ ਮੌਤ; ਕਈ ਜ਼ਖਮੀ
ਨਵੀਂ ਦਿੱਲੀ, 19 ਅਗਸਤ 2026:
ਰਾਜਧਾਨੀ ਦਿੱਲੀ ਦੇ ਟੀਕਰੀ ਕਲਾਂ ਇਲਾਕੇ ਵਿੱਚ ਸਥਿਤ ਇੱਕ CNG ਪੰਪ ’ਤੇ ਗੈਸ ਰੀਫਿਲਿੰਗ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਣ ਨਾਲ ਹੜਕੰਪ ਮਚ ਗਿਆ। ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਮ੍ਰਿਤਕਾਂ ਵਿੱਚ CNG ਪੰਪ ਦੇ ਕਰਮਚਾਰੀ ਸ਼ਾਮਲ ਹਨ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇੱਕ ਟਰੱਕ ਵਿੱਚ ਗੈਸ ਰੀਫਿਲ ਕੀਤੀ ਜਾ ਰਹੀ ਸੀ। ਰੀਫਿਲਿੰਗ ਦੀ ਪ੍ਰਕਿਰਿਆ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਪੰਪ ਦੇ ਅੰਦਰ ਅਤੇ ਆਲੇ-ਦੁਆਲੇ ਭਗਦੜ ਵਰਗਾ ਮਾਹੌਲ ਬਣ ਗਿਆ। ਉੱਥੇ ਮੌਜੂਦ ਕਰਮਚਾਰੀ ਅਤੇ ਵਾਹਨ ਚਾਲਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ।
ਇੱਕ ਰਾਸ਼ਟਰੀ ਨਿਊਜ਼ ਏਜੰਸੀ ਮੁਤਾਬਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ CNG ਭਰਨ ਵਾਲਾ 25 ਸਾਲਾ ਕਰਮਚਾਰੀ ਮਨੀਸ਼ ਵੀ ਸ਼ਾਮਲ ਹੈ, ਜੋ ਬਾਬਾ ਹਰਿਦਾਸ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਬਾਕੀ ਦੋ ਮ੍ਰਿਤਕ ਵੀ CNG ਪੰਪ ’ਤੇ ਕੰਮ ਕਰਦੇ ਸਨ।
ਘਟਨਾ ਦੀ ਸੂਚਨਾ ਦੁਪਹਿਰ 3 ਵੱਜ ਕੇ 46 ਮਿੰਟ ’ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਟੀਮਾਂ ਵੱਲੋਂ ਸਥਿਤੀ ਨੂੰ ਕਾਬੂ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ।
















