Join WhatsApp

Join Now

1984 ਸਿੱਖ ਕਤਲੇਆਮ; ਸੱਜਣ ਕੁਮਾਰ ਦੀ ਜੇਲ੍ਹ ‘ਚ ਮੌਤ

On: ਅਗਸਤ 20, 2026 3:07 ਬਾਃ ਦੁਃ

 

1984 ਸਿੱਖ ਕਤਲੇਆਮ; ਸੱਜਣ ਕੁਮਾਰ ਦਾ ਜੇਲ੍ਹ ‘ਚ ਦੇਹਾਂਤ

ਨਵੀਂ ਦਿੱਲੀ, 20 ਅਗਸਤ 2026:

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਵੀ ਇਸ ਖ਼ਬਰ ਦੀ ਰਸਮੀ ਪੁਸ਼ਟੀ ਕਰ ਦਿੱਤੀ ਹੈ।

ਦਿੱਲੀ ਦੀ ਰਾਊਜ਼ ਅਵੇਨਿਊ ਅਦਾਲਤ ਦੀ ਐਡੀਸ਼ਨਲ ਸੈਸ਼ਨ ਅਤੇ ਸਪੈਸ਼ਲ ਜੱਜ ਕਾਵੇਰੀ ਬਾਵੇਜਾ ਨੇ 12 ਫਰਵਰੀ 2025 ਨੂੰ 1984 ਦੇ ਹਿੰਸਕ ਕਾਂਡ ਦੌਰਾਨ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਘਟਨਾ ਸਰਸਵਤੀ ਵਿਹਾਰ ਪੁਲਿਸ ਥਾਣਾ ਖੇਤਰ ਅਧੀਨ ਆਉਂਦੇ ਇਲਾਕੇ ਦੀ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਹਿੰਸਾ ਵਿੱਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਨਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸੱਜਣ ਕੁਮਾਰ ‘ਤੇ ਉਸ ਭੀੜ ਦੀ ਅਗਵਾਈ ਕਰਨ ਦੇ ਦੋਸ਼ ਆਇਦ ਹੋਏ ਸਨ।

ਇਸ ਕੇਸ ਵਿੱਚ ਮ੍ਰਿਤਕ ਦੀ ਪਤਨੀ ਨੇ 6 ਨਵੰਬਰ 1991 ਨੂੰ ਜਸਟਿਸ ਜੇ.ਡੀ. ਜੈਨ ਅਤੇ ਜਸਟਿਸ ਡੀ.ਕੇ. ਅਗਰਵਾਲ ਕਮੇਟੀ ਅੱਗੇ ਬਿਆਨ ਦਰਜ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਘਟਨਾ ਦੇ ਸਮੇਂ ਉਨ੍ਹਾਂ ਦੀ 14 ਸਾਲਾ ਧੀ (ਜੋ 10ਵੀਂ ਜਮਾਤ ਦੀ ਵਿਦਿਆਰਥਣ ਸੀ) ਨੇ ਬਾਅਦ ਵਿੱਚ ਇੱਕ ਰਸਾਲੇ ਵਿੱਚ ਸੱਜਣ ਕੁਮਾਰ ਦੀ ਤਸਵੀਰ ਦੇਖ ਕੇ ਉਸ ਨੂੰ ਭੜਕਾਊ ਭੀੜ ਦੀ ਅਗਵਾਈ ਕਰਦਿਆਂ ਪਛਾਣਿਆ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਕਿਸੇ ਬੱਚੇ ਲਈ ਆਪਣੇ ਪਿਤਾ ਅਤੇ ਭਰਾ ਨੂੰ ਜ਼ਿੰਦਾ ਸਾੜੇ ਜਾਣ ਦੀ ਖ਼ੌਫ਼ਨਾਕ ਘਟਨਾ ਨੂੰ ਭੁਲਾਉਣਾ ਅਸੰਭਵ ਹੈ, ਇਸ ਲਈ ਗਵਾਹੀ ਨੂੰ ਰੱਦ ਕਰਨ ਦਾ ਕੋਈ ਆਧਾਰ ਨਹੀਂ ਬਣਦਾ।

ਜ਼ਿਕਰਯੋਗ ਹੈ ਕਿ ਸਜ਼ਾ ਦੇ ਐਲਾਨ ਸਮੇਂ ਵੀ ਸੱਜਣ ਕੁਮਾਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਹੋਰ ਕੇਸ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਹਾਲਾਂਕਿ, ਸੱਜਣ ਕੁਮਾਰ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਗੁਨਾਹ ਦੱਸਦਿਆਂ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਝੂਠਾ ਕਰਾਰ ਦਿੱਤਾ ਸੀ, ਪਰ ਅਦਾਲਤ ਨੇ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ ‘ਤੇ ਉਨ੍ਹਾਂ ਨੂੰ ਕਤਲ ਤੇ ਦੰਗੇ ਭੜਕਾਉਣ ਦੀਆਂ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ।

Leave a Comment