ਪੰਜਾਬ ਬੰਦ ਦੌਰਾਨ ਵੱਡੀ ਖ਼ਬਰ! ਘਰ ’ਤੇ ਸੁੱਟੇ ਗ੍ਰਨੇਡ? ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖ਼ਮੀ
ਅਜਨਾਲਾ, 21 ਅਗਸਤ 2026: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਬਿਲਕੁਲ ਨੇੜੇ ਪੈਂਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਜੱਟਾ ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ ਗ੍ਰਨੇਡ ਹਮਲੇ ਨੇ ਪੂਰੇ ਸਰਹੱਦੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਘਰ ’ਤੇ ਲਗਾਤਾਰ ਦੋ ਗ੍ਰਨੇਡ ਸੁੱਟੇ ਜਾਣ ਦੀ ਸੂਚਨਾ ਹੈ। ਧਮਾਕਿਆਂ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਪਿੰਡ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਜਾਣਕਾਰੀ ਅਨੁਸਾਰ ਹਮਲੇ ਸਮੇਂ ਘਰ ਅੰਦਰ ਮੌਜੂਦ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਇੱਕ ਵਿਅਕਤੀ ਸ਼ਾਮਲ ਹਨ। ਧਮਾਕਿਆਂ ਦੀ ਤੀਬਰਤਾ ਕਾਰਨ ਮਕਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਦਰਵਾਜ਼ਿਆਂ ਨੂੰ ਨੁਕਸਾਨ ਪੁੱਜਾ ਅਤੇ ਘਰ ਦੇ ਬਾਹਰ ਖੜ੍ਹੇ ਵਾਹਨ ਵੀ ਨੁਕਸਾਨੇ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ।
ਪੀੜਤ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਦੇਰ ਰਾਤ ਦੋ ਨੌਜਵਾਨ ਮੋਟਰਸਾਈਕਲ ’ਤੇ ਘਰ ਨੇੜੇ ਆਏ ਅਤੇ ਅਚਾਨਕ ਇੱਕ ਗ੍ਰਨੇਡ ਘਰ ਦੇ ਅੰਦਰ ਸੁੱਟ ਦਿੱਤਾ। ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਦਾ ਇੱਕ ਮੈਂਬਰ ਹਮਲਾਵਰਾਂ ਦਾ ਪਿੱਛਾ ਕਰਨ ਲਈ ਬਾਹਰ ਨਿਕਲਿਆ ਤਾਂ ਉਨ੍ਹਾਂ ਨੇ ਦੂਜਾ ਗ੍ਰਨੇਡ ਦਰਵਾਜ਼ੇ ਵੱਲ ਸੁੱਟ ਦਿੱਤਾ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਵਾਰਦਾਤ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਜਾਂ ਫ਼ੋਨ ਵੀ ਨਹੀਂ ਆਇਆ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਜਾਂਚ ਟੀਮਾਂ ਨੇ ਘਟਨਾ ਸਥਾਨ ਤੋਂ ਮਿਲੇ ਵਿਸਫੋਟਕ ਸਬੂਤ ਅਤੇ ਗ੍ਰਨੇਡ ਦੇ ਹਿੱਸੇ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰੂਟ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸਰਹੱਦੀ ਖੇਤਰ ਹੋਣ ਕਾਰਨ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਵੀ ਮਾਮਲੇ ’ਤੇ ਨਜ਼ਰ ਰੱਖ ਰਹੀਆਂ ਹਨ।
ਇਸ ਘਟਨਾ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਨੇੜੇ ਆਮ ਨਾਗਰਿਕ ਦੇ ਘਰ ’ਤੇ ਗ੍ਰਨੇਡ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਹਮਲੇ ਪਿੱਛੇ ਦੀ ਸਾਜ਼ਿਸ਼ ਬੇਨਕਾਬ ਕਰਨ ਦੀ ਮੰਗ ਕੀਤੀ।
ਵਾਰਦਾਤ ਤੋਂ ਬਾਅਦ ਪਿੰਡ ਜੱਟਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਡਰ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਸਰਹੱਦੀ ਪਿੰਡਾਂ ਵਿੱਚ ਪੁਲਿਸ ਗਸ਼ਤ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ।
















