Join WhatsApp

Join Now

BREAKING: 180 ਈ.ਟੀ.ਟੀ. ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਤਸ਼ੱਦਦ! ਧੀਆਂ ਨੂੰ ਸੜਕਾਂ ‘ਤੇ ਘੜੀਸਿਆ, ਟੀਚਰਾਂ ਦੀਆਂ ਲੱਥੀਆਂ ਦਸਤਾਰਾਂ

On: ਅਗਸਤ 22, 2026 12:43 ਬਾਃ ਦੁਃ

 

BREAKING: ਈ.ਟੀ.ਟੀ. ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਤਸ਼ੱਦਦ! ਧੀਆਂ ਨੂੰ ਸੜਕਾਂ ‘ਤੇ ਘੜੀਸਿਆ, ਟੀਚਰਾਂ ਦੀਆਂ ਲੱਥੀਆਂ ਦਸਤਾਰਾਂ

ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਪਈ ਭਾਰੀ: ਮਹਿਲਾ ਅਧਿਆਪਕਾਂ ਨਾਲ ਖਿੱਚ-ਧੂਹ, ਮਾਸੂਮ ਬੱਚਾ ਵੀ ਸਹਿਮਿਆ

ਚੰਡੀਗੜ੍ਹ 22 ਅਗਸਤ 2026- ਚੰਡੀਗੜ੍ਹ ਵਿੱਚ ਅੱਜ ਉਸ ਵੇਲੇ ਮਾਹੌਲ ਬੇਹੱਦ ਤਨਾਅਪੂਰਨ ਹੋ ਗਿਆ ਜਦੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਈ.ਟੀ.ਟੀ. (ETT) ਅਧਿਆਪਕਾਂ ‘ਤੇ ਚੰਡੀਗੜ੍ਹ ਪੁਲਿਸ ਨੇ ਕਰੜਾ ਜਬਰ ਢਾਹਿਆ। 180 ਈ.ਟੀ.ਟੀ. ਅਧਿਆਪਕਾਂ ਦੇ ਮਾਮਲੇ ਵਿੱਚ ਧਾਂਦਲੀ ਕਰਨ ਵਾਲੇ ਸਿੱਖਿਆ ਵਿਭਾਗ ਦੇ ਕਲਰਕ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੰਜਾਬ ਦੇ ਪੁਰਾਣੇ ਪੇ-ਸਕੇਲ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਪੁਲਿਸ ਨੇ ਅਤਿਅੰਤ ਬਦਸਲੂਕੀ ਕੀਤੀ।

ਪੁਲਿਸ ਮੁਲਾਜ਼ਮਾਂ ਨੇ ਕੌਮ ਦੇ ਨਿਰਮਾਤਾ ਅਖਵਾਉਂਦੇ ਅਧਿਆਪਕਾਂ ਨੂੰ ਪਸ਼ੂਆਂ ਅਤੇ ਗੱਟਿਆਂ ਵਾਂਗ ਪੁਲਿਸ ਦੀਆਂ ਗੱਡੀਆਂ ਵਿੱਚ ਸੁੱਟ ਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ। ਇਸ ਧੱਕਾਮੁੱਕੀ ਅਤੇ ਖਿੱਚ-ਧੂਹ ਦੌਰਾਨ ਅਧਿਆਪਕ ਸੋਹਣ ਸਿੰਘ ਸਮੇਤ ਕਈ ਹੋਰ ਪ੍ਰਦਰਸ਼ਨਕਾਰੀ ਅਧਿਆਪਕਾਂ ਦੀਆਂ ਦਸਤਾਰਾਂ ਲੱਥ ਗਈਆਂ। ਪੁਲਿਸ ਜਬਰ ਦਾ ਆਲਮ ਇਹ ਸੀ ਕਿ ਚੁੱਕ-ਛੱਤ ਦੌਰਾਨ ਅਧਿਆਪਕ ਸੋਹਣ ਸਿੰਘ ਦਾ ਲੋਅਰ ਤੱਕ ਉੱਤਰ ਗਿਆ ਅਤੇ ਉਹ ਅਲਫ਼-ਨੰਗਾ ਹੋਣ ਤੋਂ ਮਸਾਂ ਬਚਿਆ।

ਇਸ ਦੇ ਨਾਲ ਹੀ, ਮਹਿਲਾ ਪੁਲਿਸ ਮੁਲਾਜ਼ਮਾਂ ਨੇ ਵੀ ਪ੍ਰਦਰਸ਼ਨਕਾਰੀ ਔਰਤ ਅਧਿਆਪਕਾਂ ਨਾਲ ਕੋਈ ਰਹਿਮ ਨਹੀਂ ਵਿਖਾਇਆ। ਸੜਕਾਂ ‘ਤੇ ਲੇਟ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੀਆਂ ਮਹਿਲਾ ਅਧਿਆਪਕਾਵਾਂ ਨੂੰ ਪੁਲਿਸ ਨੇ ਬੇਦਰਦੀ ਨਾਲ ਸੜਕ ‘ਤੇ ਘੜੀਸਿਆ। ਹਾਲਾਂਕਿ, ਪੰਜਾਬ ਦੀ ਮਹਿਲਾ ਸ਼ਕਤੀ ਦੇ ਭਾਰੀ ਰੋਸ ਅੱਗੇ ‘ਸਿਟੀ ਬਿਊਟੀਫੁੱਲ’ ਦੀ ਲੇਡੀ ਪੁਲਿਸ ਦੇ ਵੀ ਛੱਕੇ ਛੁੱਟ ਗਏ ਅਤੇ ਅਧਿਆਪਕਾਂ ਨੂੰ ਕਾਬੂ ਕਰਦਿਆਂ ਮੁਲਾਜ਼ਮਾਂ ਦੇ ਮੁੜ੍ਹਕੇ ਛੁੱਟਦੇ ਨਜ਼ਰ ਆਏ।

ਉੱਚ ਅਧਿਕਾਰੀਆਂ ਵੱਲੋਂ ਵਾਰ-ਵਾਰ ਹੱਲਾਸ਼ੇਰੀ ਦੇਣ ਦੇ ਬਾਵਜੂਦ ਪੁਲਿਸ ਨੂੰ ਅਧਿਆਪਕਾਂ ਨੂੰ ਹਟਾਉਣ ਲਈ ਕੜੀ ਮੁਸ਼ੱਕਤ ਕਰਨੀ ਪਈ। ਇਸ ਖਿੱਚ-ਧੂਹ ਦੇ ਖੌਫ਼ਨਾਕ ਮੰਜ਼ਰ ਨੂੰ ਦੇਖ ਕੇ ਇੱਕ ਮਹਿਲਾ ਅਧਿਆਪਕਾ ਦਾ ਛੋਟਾ ਬੱਚਾ ਬੁਰੀ ਤਰ੍ਹਾਂ ਸਹਿਮ ਗਿਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਿਲ ਨਹੀਂ ਪਸੀਜਿਆ।

ਕੁਝ ਹੀ ਮਿੰਟਾਂ ‘ਚ ਛਾਉਣੀ ‘ਚ ਤਬਦੀਲ ਹੋਇਆ ਇਲਾਕਾ

ਸ਼ਨੀਵਾਰ ਸਵੇਰੇ ਜਿਵੇਂ ਹੀ ETT ਟੈਟ ਪਾਸ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਵਿੱਤ ਮੰਤਰੀ ਦੀ ਕੋਠੀ ਅੱਗੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕੀਤੀ, ਤਾਂ ਪੁਲਿਸ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਤੁਰੰਤ ਵੱਡੀ ਗਿਣਤੀ ਵਿੱਚ ਪੁਲਿਸ ਨਫ਼ਰੀ ਮੌਕੇ ‘ਤੇ ਸੱਦੀ ਗਈ। ਸ਼ੁਰੂਆਤ ਵਿੱਚ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਣੀਆਂ ਜਾਇਜ਼ ਮੰਗਾਂ ‘ਤੇ ਅੜੇ ਅਧਿਆਪਕਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ, ਜਿਸ ਤੋਂ ਬਾਅਦ ਪੁਲਿਸ ਬਲਪ੍ਰਯੋਗ ‘ਤੇ ਉੱਤਰ ਆਈ।

ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ (ਜੈ ਸਿੰਘ ਵਾਲਾ) ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਸਰਕਾਰ ‘ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਲਾਰੇ ਲਗਾ ਕੇ ਅਧਿਆਪਕਾਂ ਨੂੰ ਸੜਕਾਂ ‘ਤੇ ਰੋਲ ਰਹੀ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਸਾਲ 2016 ਵਿੱਚ ਤਤਕਾਲੀ ਗਠਜੋੜ ਸਰਕਾਰ ਦੌਰਾਨ ਹੋਈ ਭਰਤੀ ਵਿੱਚੋਂ 180 ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰਕੇ ਉਨ੍ਹਾਂ ‘ਤੇ ਧੱਕੇ ਨਾਲ ਕੇਂਦਰੀ ਪੇ-ਸਕੇਲ ਠੋਸ ਦਿੱਤੇ ਗਏ ਸਨ।

ਉਨ੍ਹਾਂ ਦੱਸਿਆ ਕਿ 27 ਨਵੰਬਰ 2021 ਨੂੰ ਕਾਂਗਰਸ ਸਰਕਾਰ ਵੇਲੇ ਜਦੋਂ ਇੱਕ ਅਧਿਆਪਕ ਨੇ ਐਮ.ਐਲ.ਏ. ਹੋਸਟਲ ਦੇ ਮੋਬਾਈਲ ਟਾਵਰ ‘ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ, ਤਾਂ ਉਦੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਹਰਪਾਲ ਸਿੰਘ ਚੀਮਾ ਨੇ ਸਰਕਾਰ ਬਣਨ ‘ਤੇ ਇਹ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ। ਪਰ ਅੱਜ ਸੱਤਾ ‘ਚ ਆਉਣ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ।

ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 180 ਅਧਿਆਪਕਾਂ ਨਾਲ ਧਾਂਦਲੀ ਕਰਨ ਵਾਲੇ ਕਲਰਕ ਨੂੰ ਤੁਰੰਤ ਮੁਅੱਤਲ ਨਾ ਕੀਤਾ ਗਿਆ ਅਤੇ ਪੰਜਾਬ ਦੇ ਸਕੇਲ ਲਾਗੂ ਨਾ ਕੀਤੇ ਗਏ, ਤਾਂ ਇਸ ਵਾਅਦਾਖ਼ਿਲਾਫ਼ੀ ਦਾ ਖ਼ਾਮਿਆਜ਼ਾ ਹਾਕਮ ਧਿਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।

 

Leave a Comment