Rain Alert: ਮੌਸਮ ਵਿਭਾਗ ਵੱਲੋਂ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ, ਅਲਰਟ ਜਾਰੀ
ਨਵੀਂ ਦਿੱਲੀ, 23 ਅਗਸਤ 2026
ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਭਰ ਵਿੱਚ ਮੌਨਸੂਨ ਦੇ ਸਰਗਰਮ ਹੋਣ ਦੇ ਨਾਲ ਹੀ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਕਰੀਬ 23 ਸੂਬਿਆਂ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋ ਸਕਦਾ ਹੈ।
ਪੰਜਾਬ, ਹਰਿਆਣਾ ਅਤੇ ਪਹਾੜੀ ਰਾਜਾਂ ਲਈ ਅਲਰਟ ਜਾਰੀ
IMD ਦੀ ਰਿਪੋਰਟ ਅਨੁਸਾਰ ਉੱਤਰੀ ਭਾਰਤ ਦੇ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਮੌਸਮ ਦਾ ਮਿਜ਼ਾਜ ਕਾਫ਼ੀ ਖ਼ਰਾਬ ਰਹਿਣ ਵਾਲਾ ਹੈ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਅਤੇ ਗਰਜ-ਚਮਕ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਹਾੜੀ ਇਲਾਕਿਆਂ ਵਿੱਚ ਲੈਂਡਸਲਾਈਡ (ਜ਼ਮੀਨ ਖਿਸਕਣ) ਅਤੇ ਨਦੀਆਂ ਦਾ ਜਲ ਪੱਧਰ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ।
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ, ਗੌਤਮ ਬੁੱਧ ਨਗਰ (ਨੋਇਡਾ), ਗਾਜ਼ੀਆਬਾਦ, ਮੇਰਠ, ਅਲੀਗੜ੍ਹ, ਆਗਰਾ, ਮਥੁਰਾ, ਕਾਨਪੁਰ, ਗੋਰਖਪੁਰ ਅਤੇ ਪ੍ਰਯਾਗਰਾਜ ਸਮੇਤ ਕਈ ਮੁੱਖ ਜ਼ਿਲ੍ਹਿਆਂ ਵਿੱਚ ਅੱਜ ਗਰਜ-ਚਮਕ ਨਾਲ ਭਾਰੀ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 24 ਅਤੇ 25 ਅਗਸਤ ਨੂੰ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।
ਉੱਤਰੀ ਭਾਰਤ ਤੋਂ ਇਲਾਵਾ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ, ਓਡੀਸ਼ਾ, ਮੇਘਾਲਿਆ, ਕੇਰਲ ਅਤੇ ਅਸਾਮ ਵਿੱਚ ਵੀ ਮੌਨਸੂਨ ਦਾ ਜ਼ੋਰਦਾਰ ਪ੍ਰਭਾਵ ਦੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ। ਤੇਜ਼ ਹਵਾਵਾਂ ਅਤੇ ਆਸਮਾਨੀ ਬਿਜਲੀ ਦੇ ਖ਼ਤਰੇ ਨੂੰ ਦੇਖਦਿਆਂ ਦਰੱਖਤਾਂ ਜਾਂ ਕੱਚੀਆਂ ਇਮਾਰਤਾਂ ਹੇਠਾਂ ਸ਼ਰਨ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ। ਕਿਸਾਨਾਂ ਅਤੇ ਯਾਤਰੀਆਂ ਨੂੰ ਵੀ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹੀ ਯਾਤਰਾ ਕਰਨ ਲਈ ਕਿਹਾ ਗਿਆ ਹੈ।
















