ਵੱਡੀ ਖ਼ਬਰ: ਪੰਜਾਬ ਦੇ ਆਮ ਆਦਮੀ ਕਲੀਨਿਕਾਂ ‘ਚ ਸਿਹਤ ਸੇਵਾਵਾਂ ਠੱਪ: ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ
ਮੰਗਾਂ ਨਾ ਮੰਨੇ ਜਾਣ ਤੋਂ ਅੱਕੇ ਸਿਹਤ ਮੁਲਾਜ਼ਮਾਂ ਵੱਲੋਂ ਮੁਕੰਮਲ ਬਾਈਕਾਟ; ਸੂਬੇ ਭਰ ਦੇ ਮਰੀਜ਼ਾਂ ਦੀਆਂ ਵਧੀਆਂ ਮੁਸ਼ਕਲਾਂ
ਚੰਡੀਗੜ੍ਹ, 25 ਅਗਸਤ 2026
ਪੰਜਾਬ ਭਰ ਦੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਸਿਹਤ ਅਮਲੇ ਨੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਵਿਗੁਲ ਵਜਾ ਦਿੱਤਾ ਹੈ। ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਡਾਕਟਰ, ਫਾਰਮਾਸਿਸਟ ਅਤੇ ਨਰਸਿੰਗ ਸਟਾਫ਼ ਅੱਜ, 25 ਅਗਸਤ ਤੋਂ ਅਣਮਿਥੇ ਸਮੇਂ ਲਈ ਪੂਰਨ ਹੜਤਾਲ ’ਤੇ ਚਲੇ ਗਏ ਹਨ। ਸੂਬੇ ਭਰ ਦੇ ਕਲੀਨਿਕਾਂ ਵਿੱਚ ਮੁਕੰਮਲ ਕੰਮਕਾਜ ਦਾ ਬਾਈਕਾਟ ਕੀਤੇ ਜਾਣ ਨਾਲ ਪ੍ਰਾਇਮਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਆਮ ਆਦਮੀ ਕਲੀਨਿਕ ਐਸੋਸੀਏਸ਼ਨ ਦੀ ਸੂਬਾਈ ਆਗੂ ਗੁਰਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਪਹਿਲਾਂ ਵੀ ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਗਈ ਸੀ। ਉਸ ਸਮੇਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੰਗਾਂ ਜਲਦ ਪ੍ਰਵਾਨ ਕਰਨ ਦਾ ਪੂਰਾ ਭਰੋਸਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਐਸੋਸੀਏਸ਼ਨ ਨੇ ਸਪੱਸ਼ਟ ਚੇਤਾਵਨੀ ਦਿੱਤੀ ਸੀ ਕਿ ਜੇਕਰ 24 ਅਗਸਤ ਤੱਕ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕਿਆ, ਤਾਂ 25 ਅਗਸਤ ਤੋਂ ਰਾਜ ਪੱਧਰੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅੰਦਰ ਕੋਈ ਹੁੰਗਾਰਾ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਮਜਬੂਰਨ ਸੰਘਰਸ਼ ਦਾ ਤਿੱਖਾ ਰਾਹ ਅਪਣਾਉਣਾ ਪਿਆ ਹੈ।
ਐਸੋਸੀਏਸ਼ਨ ਦੀ ਸਭ ਤੋਂ ਪ੍ਰਮੁੱਖ ਮੰਗ ਕਲੀਨਿਕਾਂ ਵਿੱਚ ਤਾਇਨਾਤ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ (ਰੈਗੂਲਰ) ਕਰਨਾ ਹੈ। ਸੂਬਾ ਆਗੂ ਗੁਰਪ੍ਰੀਤ ਕੌਰ ਅਨੁਸਾਰ, ਇਹਨਾਂ ਸਾਰੇ ਸਿਹਤ ਕਰਮਚਾਰੀਆਂ ਦੀ ਭਰਤੀ ਰੈਗੂਲਰ ਮੁਲਾਜ਼ਮਾਂ ਵਾਂਗ ਹੀ ਸਾਰੀਆਂ ਲੋੜੀਂਦੀਆਂ ਯੋਗਤਾਵਾਂ, ਸ਼ਰਤਾਂ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕਈ ਵਾਰ ਮੰਗ ਪੱਤਰ ਸੌਂਪੇ ਗਏ ਅਤੇ ਨਿੱਜੀ ਤੌਰ ‘ਤੇ ਵੀ ਮੁਲਾਕਾਤਾਂ ਕੀਤੀਆਂ ਗਈਆਂ, ਪਰ ਹਰ ਵਾਰ ਕੇਵਲ ਲਾਰਿਆਂ ਤੋਂ ਇਲਾਵਾ ਕੁੱਝ ਹਾਸਲ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ’ਤੇ ਰੋਜ਼ਾਨਾ ਹਜ਼ਾਰਾਂ ਮਰੀਜ਼ ਮੁਫ਼ਤ ਦਵਾਈਆਂ ਅਤੇ ਟੈਸਟ ਕਰਵਾਉਣ ਲਈ ਆਉਂਦੇ ਹਨ। ਡਾਕਟਰਾਂ ਅਤੇ ਨਰਸਾਂ ਦੇ ਹੜਤਾਲ ‘ਤੇ ਜਾਣ ਕਾਰਨ ਸਿਹਤ ਪ੍ਰਣਾਲੀ ‘ਤੇ ਡੂੰਘਾ ਅਸਰ ਪਵੇਗਾ, ਜਿਸ ਨਾਲ ਆਮ ਲੋਕਾਂ ਅਤੇ ਗਰੀਬ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪਵੇਗਾ।
ਐਸੋਸੀਏਸ਼ਨ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਲਿਖਤੀ ਰੂਪ ਵਿੱਚ ਮੰਗਾਂ ਮੰਨਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਇਹ ਅਣਮਿਥੇ ਸਮੇਂ ਦਾ ਬਾਈਕਾਟ ਨਿਰੰਤਰ ਜਾਰੀ ਰਹੇਗਾ।
















