Join WhatsApp

Join Now

ਵੱਡੀ ਖ਼ਬਰ: AAP ਸਾਂਸਦ ਮਾਲਵਿੰਦਰ ਕੰਗ ਨੇ “ਗਮਾਡਾ” ਨੂੰ ਦੱਸਿਆ ‘ਲੁੱਟ ਦਾ ਕੇਂਦਰ’! ਮੁੱਖ ਮੰਤਰੀ ਤੋਂ ਕੀਤੀ ਕਾਰਵਾਈ ਦੀ ਮੰਗ

On: ਅਗਸਤ 26, 2026 12:15 ਬਾਃ ਦੁਃ

 

ਵੱਡੀ ਖ਼ਬਰ: AAP ਸਾਂਸਦ ਮਾਲਵਿੰਦਰ ਕੰਗ ਨੇ “ਗਮਾਡਾ” ਨੂੰ ਦੱਸਿਆ ‘ਲੁੱਟ ਦਾ ਕੇਂਦਰ’! ਮੁੱਖ ਮੰਤਰੀ ਤੋਂ ਕੀਤੀ ਕਾਰਵਾਈ ਦੀ ਮੰਗ

ਸਾਈਂ ਮਾਜਰਾ ‘ਚ ਦੁਕਾਨਾਂ ‘ਤੇ ਚੱਲਿਆ ਪੀਲਾ ਪੰਜਾ: MP ਮਾਲਵਿੰਦਰ ਕੰਗ ਦਾ ਗਮਾਡਾ ‘ਤੇ ਵੱਡਾ ਹਮਲਾ, ਦੱਸਿਆ ‘ਲੁੱਟ ਦਾ ਕੇਂਦਰ’- ਸੰਸਦ ਮੈਂਬਰ ਕੰਗ ਵੱਲੋਂ CM ਭਗਵੰਤ ਮਾਨ ਤੋਂ ਭ੍ਰਿਸ਼ਟ ਅਧਿਕਾਰੀਆਂ ‘ਤੇ ਐਕਸ਼ਨ ਦੀ ਮੰਗ

ਮੋਹਾਲੀ 26 ਅਗਸਤ, 2026- ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਬੀਤੇ ਦਿਨੀਂ ਮੋਹਾਲੀ ਦੇ ਨੇੜਲੇ ਪਿੰਡ ਸਾਈਂ ਮਾਜਰਾ ਵਿੱਚ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਨੇ ਵੱਡਾ ਸਿਆਸੀ ਅਤੇ ਸਮਾਜਿਕ ਰੂਪ ਧਾਰਨ ਕਰ ਲਿਆ ਹੈ। ਗਮਾਡਾ ਵੱਲੋਂ ਬਿਨਾਂ ਕਿਸੇ ਢੁੱਕਵੇਂ ਮੁਆਵਜ਼ੇ ਜਾਂ ਪੁਖ਼ਤਾ ਪ੍ਰਬੰਧਾਂ ਦੇ ਗਰੀਬ ਦੁਕਾਨਦਾਰਾਂ ਦੀਆਂ ਦੁਕਾਨਾਂ ਢਾਹੇ ਜਾਣ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਪ੍ਰਭਾਵਿਤ ਕਾਰੋਬਾਰੀਆਂ ਵਿੱਚ ਭਾਰੀ ਗੁੱਸਾ ਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਘਟਨਾ ਤੋਂ ਤੁਰੰਤ ਬਾਅਦ ਪੀੜਤ ਦੁਕਾਨਦਾਰਾਂ ਨੇ ਗਮਾਡਾ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਜਤਾਉਣ ਲਈ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਖ਼ੁਦ ਮੌਕੇ ‘ਤੇ ਪਹੁੰਚੇ। ਪ੍ਰਭਾਵਿਤ ਲੋਕਾਂ ਦਾ ਦਰਦ ਸੁਣਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਐਮ.ਪੀ. ਕੰਗ ਨੇ ਗਮਾਡਾ ਪ੍ਰਸ਼ਾਸਨ ‘ਤੇ ਸਿੱਧੇ ਅਤੇ ਤਿੱਖੇ ਹਮਲੇ ਕੀਤੇ। ਉਹਨਾਂ ਨੇ ਗਮਾਡਾ ਨੂੰ ‘ਲੁੱਟ ਦਾ ਕੇਂਦਰ’ ਕਰਾਰ ਦਿੰਦਿਆਂ ਕਿਹਾ ਕਿ ਇਸ ਅਦਾਰੇ ਦੇ ਅੰਦਰ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕਾ ਹੈ ਅਤੇ ਅਧਿਕਾਰੀ ਆਮ ਜਨਤਾ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ।

ਐਮ.ਪੀ. ਮਾਲਵਿੰਦਰ ਸਿੰਘ ਕੰਗ ਨੇ ਖੁਲਾਸਾ ਕੀਤਾ ਕਿ ਬੀਤੇ ਦਿਨ ਜਦੋਂ ਪੀੜਤ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋਏ ਤਾਂ ਉਹਨਾਂ ਨੇ ਤੁਰੰਤ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਉਹਨਾਂ ਨੇ ਚੀਫ਼ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਜੇਕਰ ਕੋਈ ਕਾਨੂੰਨੀ ਕਾਰਵਾਈ ਕਰਨੀ ਵੀ ਹੈ ਤਾਂ ਉਹ ਸਾਰਿਆਂ ‘ਤੇ ਬਰਾਬਰ ਲਾਗੂ ਹੋਣੀ ਚਾਹੀਦੀ ਹੈ, ਜਾਂ ਫਿਰ ਫਿਲਹਾਲ ਕਿਸੇ ਦੀ ਵੀ ਦੁਕਾਨ ਨਾ ਤੋੜੀ ਜਾਵੇ। ਪ੍ਰੰਤੂ ਗਮਾਡਾ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਬਹਾਨਾ ਬਣਾ ਕੇ ਗਰੀਬ ਅਤੇ ਛੋਟੇ ਦੁਕਾਨਦਾਰਾਂ ‘ਤੇ ਬਿਨਾਂ ਕਿਸੇ ਰਹਿਮ ਦੇ ਪੀਲਾ ਪੰਜਾ ਚਲਾ ਦਿੱਤਾ।

ਰਸੂਖਦਾਰਾਂ ਨੂੰ ਛੱਡ ਕੇ ਗਰੀਬਾਂ ‘ਤੇ ਕਾਰਵਾਈ ਦਾ ਦੋਸ਼

ਭ੍ਰਿਸ਼ਟ ਅਫ਼ਸਰਸ਼ਾਹੀ ਦਾ ਪਰਦਾਫਾਸ਼ ਕਰਦਿਆਂ ਸੰਸਦ ਮੈਂਬਰ ਨੇ ਗੰਭੀਰ ਦੋਸ਼ ਲਗਾਇਆ ਕਿ ਗਮਾਡਾ ਦੇ ਕੁਝ ਅਧਿਕਾਰੀ ਕਥਿਤ ਤੌਰ ‘ਤੇ ਰਿਸ਼ਵਤ ਲੈ ਕੇ ਵੱਡੇ ਅਤੇ ਰਸੂਖਦਾਰ ਲੋਕਾਂ ਦੇ ਅਣਅਧਿਕਾਰਤ ਨਿਰਮਾਣਾਂ ਨੂੰ ਛੱਡ ਦਿੰਦੇ ਹਨ, ਜਦੋਂ ਕਿ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਗਰੀਬ ਦਿਹਾੜੀਦਾਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕੰਗ ਨੇ ਦੱਸਿਆ ਕਿ ਉਹਨਾਂ ਨੇ ਬੀਤੀ ਰਾਤ 11 ਵਜੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨਾਲ ਸਖ਼ਤ ਲਹਿਜੇ ਵਿੱਚ ਗੱਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਅਫ਼ਸਰਸ਼ਾਹੀ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਬੰਦ ਕਰਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਹੋਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਐਮ.ਪੀ. ਕੰਗ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤ ਵਿੱਚ ਇਤਿਹਾਸਕ ਫ਼ੈਸਲੇ ਲੈ ਰਹੀ ਹੈ, ਪਰ ਦੂਜੇ ਪਾਸੇ ਗਮਾਡਾ ਵਰਗੇ ਸਰਕਾਰੀ ਅਦਾਰਿਆਂ ਵਿੱਚ ਬੈਠੇ ਭ੍ਰਿਸ਼ਟ ਅਫ਼ਸਰ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿ ਗਮਾਡਾ ਅੰਦਰ ਲੰਮੇ ਸਮੇਂ ਤੋਂ ਜੰਮੇ ਕਲੇਰੀਕਲ ਸਟਾਫ਼ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਤੁਰੰਤ ਬਦਲੇ ਕੀਤੇ ਜਾਣ।

ਆਪਣੀ ਗੱਲ ਖ਼ਤਮ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਐਲਾਨ ਕੀਤਾ ਕਿ ਉਹ ਗਰੀਬਾਂ ਅਤੇ ਛੋਟੇ ਦੁਕਾਨਦਾਰਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਜੇਕਰ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜਲਦ ਹੀ ਗਮਾਡਾ ਦੇ ਮੁੱਖ ਦਫ਼ਤਰ ਦਾ ਵਿਸ਼ਾਲ ਘਿਰਾਓ ਕੀਤਾ ਜਾਵੇਗਾ ਅਤੇ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

 

Leave a Comment