Join WhatsApp

Join Now

BREAKING- ਭਗਵੰਤ ਮਾਨ ਸਰਕਾਰ ਨੇ ਔਰਤਾਂ ਨੇ ਹੱਕ ‘ਚ ਕੀਤਾ ਵੱਡਾ ਐਲਾਨ!

On: ਅਗਸਤ 26, 2026 2:41 ਬਾਃ ਦੁਃ

 

BREAKING- ਭਗਵੰਤ ਮਾਨ ਸਰਕਾਰ ਨੇ ਔਰਤਾਂ ਨੇ ਹੱਕ ‘ਚ ਕੀਤਾ ਵੱਡਾ ਐਲਾਨ!

ਸਤਿਕਾਰ ਸਕੀਮ ਅਧੀਨ ਮਹਿਲਾਵਾਂ ਨੂੰ ਮਿਲੇਗਾ ਮਾਣ-ਸਤਿਕਾਰ, CM ਮਾਨ ਨੇ ‘ਸਤਿਕਾਰ ਸਖੀਆਂ’ ਦੇ ਯੋਗਦਾਨ ਦੀ ਕੀਤੀ ਸ਼ਲਾਘਾ- “ਰੱਖੜੀ ਵਾਲੇ ਦਿਨ ਖਾਤਿਆਂ ‘ਚ ਵੱਜਣਗੀਆਂ ਘੰਟੀਆਂ”: ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਦਿੱਤੀ ਵਧਾਈ ਤੇ ਖਡੂਰ ਸਾਹਿਬ ਵਾਸੀਆਂ ਤੋਂ ਮੰਗੀ ਮਾਫ਼ੀ

ਚੰਡੀਗੜ੍ਹ, 26 ਅਗਸਤ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸੂਬੇ ਦੀਆਂ ਮਾਵਾਂ, ਧੀਆਂ ਅਤੇ ਭੈਣਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਰੱਖੜੀ ਦੇ ਆ ਰਹੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਔਰਤਾਂ ਨੂੰ ਇੱਕ ਵਿਸ਼ੇਸ਼ ਸ਼ਗਨ ਅਤੇ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਯੋਜਨਾ ਦੀ ਤੀਜੀ ਕਿਸ਼ਤ ਦਾ ਪੈਸਾ ਰੱਖੜੀ ਵਾਲੇ ਦਿਨ ਹੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਟ੍ਰਾਂਸਫਰ ਕਰ ਦਿੱਤਾ ਜਾਵੇਗਾ।

ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸਤਿਕਾਰ ਸਖੀਆਂ’ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਗੱਲ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ ਕਿ ਸਤਿਕਾਰ ਸਖੀਆਂ ਨੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੀ ਬਹੁਤ ਵੱਡੀ ਮਦਦ ਕੀਤੀ ਹੈ। ਬਹੁਤ ਸਾਰੇ ਪਰਿਵਾਰ ਅਜਿਹੇ ਸਨ, ਜਿਨ੍ਹਾਂ ਨੂੰ ਫਾਰਮ ਭਰਨ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਜਾਂ ਬੈਂਕ ਖਾਤੇ ਖੁਲ੍ਹਵਾਉਣ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਸੀ। ਸਤਿਕਾਰ ਸਖੀਆਂ ਨੇ ਪਰਦੇ ਦੇ ਪਿੱਛੇ ਰਹਿ ਕੇ ਇਨ੍ਹਾਂ ਸਾਰੇ ਕੰਮਾਂ ਨੂੰ ਪੂਰਾ ਕਰਵਾਇਆ ਅਤੇ ਲੋੜਵੰਦਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ। ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਆਮ ਤੌਰ ‘ਤੇ ਯੋਜਨਾ ਦੀ ਕਿਸ਼ਤ ਮਹੀਨੇ ਦੀ 1 ਤਰੀਕ ਨੂੰ ਜਾਰੀ ਕੀਤੀ ਜਾਂਦੀ ਹੈ, ਪਰ 28 ਤਰੀਕ ਨੂੰ ਰੱਖੜੀ ਦਾ ਤਿਉਹਾਰ ਹੋਣ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਭੈਣਾਂ ਨੂੰ ਰੱਖੜੀ ਦਾ ਸ਼ਗਨ ਸਮੇਂ ਸਿਰ ਮਿਲੇ। ਉਨ੍ਹਾਂ ਕਿਹਾ ਕਿ ਰੱਖੜੀ ਵਾਲੇ ਦਿਨ ਹੀ ਔਰਤਾਂ ਦੇ ਮੋਬਾਈਲ ਫੋਨਾਂ ‘ਤੇ ਪੈਸੇ ਆਉਣ ਦੇ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ। ਜਿਨ੍ਹਾਂ ਘਰਾਂ ਵਿੱਚ 3000 ਜਾਂ 4500 ਰੁਪਏ ਦੀ ਵਿੱਤੀ ਸਹਾਇਤਾ ਪਹੁੰਚ ਰਹੀ ਹੈ, ਇਹ ਯੋਜਨਾ ਲਗਾਤਾਰ ਜਾਰੀ ਰਹੇਗੀ। ਇਸ ਮਹੀਨੇ ਹੋਈਆਂ ਨਵੀਆਂ ਰਜਿਸਟ੍ਰੇਸ਼ਨਾਂ ਦਾ ਲਾਭ ਵੀ ਲਾਭਪਾਤਰੀਆਂ ਨੂੰ ਮਿਲੇਗਾ।

ਭਗਵੰਤ ਮਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਤੋਂ ਮਾਵਾਂ-ਭੈਣਾਂ ਦੀਆਂ ਵੀਡੀਓਜ਼ ਮਿਲ ਰਹੀਆਂ ਹਨ। ਕੋਈ ਮਾਂ ਆਖ ਰਹੀ ਹੈ ਕਿ ਇਸ ਪੈਸੇ ਨਾਲ ਉਹ ਘਰ ਦੀ ਕਬੀਲਦਾਰੀ ਚਲਾ ਰਹੀ ਹੈ, ਕੋਈ ਆਪਣੀ ਦਵਾਈ ਖਰੀਦ ਰਹੀ ਹੈ ਅਤੇ ਕੋਈ ਦੁਕਾਨਦਾਰ ਦਾ ਉਧਾਰ ਚੁਕਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਟੈਕਸ ਦਾ ਪੈਸਾ ਹੈ ਜੋ ਸਰਕਾਰ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਉਨ੍ਹਾਂ ਤੱਕ ਵਾਪਸ ਪਹੁੰਚਾ ਰਹੀ ਹੈ। ਅਜਿਹੀਆਂ ਵੀਡੀਓਜ਼ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।

ਵੀਡੀਓ ਦੌਰਾਨ ਮੁੱਖ ਮੰਤਰੀ ਨੇ ਖਡੂਰ ਸਾਹਿਬ ਹਲਕੇ ਦੇ ਨੁਮਾਇੰਦਿਆਂ, ਵਿਧਾਇਕ, ਚੇਅਰਮੈਨ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਖਾਸ ਤੌਰ ‘ਤੇ ਮਾਫ਼ੀ ਮੰਗੀ। ਉਨ੍ਹਾਂ ਦੱਸਿਆ ਕਿ ਕੁਝ ਤਕਨੀਕੀ ਖਰਾਬੀਆਂ ਕਾਰਨ ਉਹ ਅੱਜ ਦੇ ਖਡੂਰ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ, ਜਿਸ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ। ਹੁਣ ਉਹ ਸੜਕੀ ਮਾਰਗ (ਬਾਈ ਰੋਡ) ਰਾਹੀਂ ਆਪਣੇ ਅਗਲੇ ਪ੍ਰੋਗਰਾਮ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਬਹੁਤ ਜਲਦੀ ਖਡੂਰ ਸਾਹਿਬ ਵਿੱਚ ਦੁਬਾਰਾ ਪ੍ਰੋਗਰਾਮ ਉਲੀਕ ਕੇ ਸਾਰਿਆਂ ਨੂੰ ਮਿਲਣਗੇ।

ਮੁੱਖ ਮੰਤਰੀ ਨੇ ਪਾਰਟੀ ਵਲੰਟੀਅਰਾਂ ਅਤੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਪਰਿਵਾਰਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹਨ। ਸਰਕਾਰੀ ਯੋਜਨਾਵਾਂ ਤੋਂ ਇਲਾਵਾ ਵੀ ਲੋਕਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਹਾਲਤ ‘ਤੇ ਨਜ਼ਰ ਰੱਖਣ ਤਾਂ ਜੋ ਪੰਜਾਬ ਵਿੱਚ ਕੋਈ ਵੀ ਚੁੱਲ੍ਹਾ ਬੁਝਣ ਨਾ ਪਾਵੇ। ਉਨ੍ਹਾਂ ਅਰਦਾਸ ਕੀਤੀ ਕਿ ਸਾਰੇ ਪਰਿਵਾਰਾਂ ਵਿੱਚ ਤੰਦਰੁਸਤੀ, ਰੋਜ਼ਗਾਰ ਅਤੇ ਮਾਣ-ਸਤਿਕਾਰ ਬਣਿਆ ਰਹੇ ਤਾਂ ਜੋ ਪੰਜਾਬ ਨੂੰ ਮੁੜ ਤੋਂ “ਰੰਗਲਾ ਪੰਜਾਬ” ਬਣਾਇਆ ਜਾ ਸਕੇ।

 

Leave a Comment