Holiday Alert: ਪੰਜਾਬ ਦੇ ਕਈ ਸਕੂਲਾਂ ‘ਚ 2 ਦਿਨਾਂ ਦੀ ਛੁੱਟੀ ਦਾ ਐਲਾਨ
ਰੱਖੜ ਪੁੰਨਿਆ ਮੇਲਾ: ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ‘ਚ 2 ਦਿਨਾਂ ਦੀ ਛੁੱਟੀ ਦਾ ਐਲਾਨ
ਅੰਮ੍ਰਿਤਸਰ / ਬਾਬਾ ਬਕਾਲਾ ਸਾਹਿਬ, 27 ਅਗਸਤ 2026- ਇਤਿਹਾਸਕ ਅਤੇ ਪਵਿੱਤਰ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਸਲਾਨਾ ਲੱਗਣ ਵਾਲੇ ਜੋੜ ਮੇਲੇ ‘ਰੱਖੜ ਪੁੰਨਿਆ’ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਖੇਤਰ ਨਾਲ ਸਬੰਧਤ 18 ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ 29 ਅਗਸਤ ਤੱਕ 2 ਦਿਨਾਂ ਦੀਆਂ ਛੁੱਟੀਆਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੁਕਮ ਮੇਲੇ ਦੌਰਾਨ ਆਉਣ ਵਾਲੀ ਅਥਾਹ ਸੰਗਤ, ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਾਰੀ ਕੀਤੇ ਗਏ ਹਨ। ਰੱਖੜ ਪੁੰਨਿਆ ਦੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ, ਜਿਸ ਨਾਲ ਇਲਾਕੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਣ ਜਾਂਦੀ ਹੈ। ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਨ੍ਹਾਂ 18 ਸਕੂਲਾਂ ਵਿੱਚ ਰਹੇਗੀ ਛੁੱਟੀ
- ਸਰਕਾਰੀ ਹਾਈ ਸਕੂਲ ਬਾਬਾ ਬਕਾਲਾ
- ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ
- ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ
- ਸਰਕਾਰੀ ਮਿਡਲ ਸਕੂਲ ਉਮਰਾਨੰਗਲ
- ਸਰਕਾਰੀ ਮਿਡਲ ਸਕੂਲ ਠੱਠੀਆਂ
- ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ
- ਜੀ ਟੀ ਬੀ ਸਕੂਲ ਬਾਬਾ ਬਕਾਲਾ
- ਨਿਊ ਸੈਂਚਰੀ ਪਬਲਿਕ ਸਕੂਲ ਛਾਪਿਆਂਵਾਲੀ
- ਸੇਂਟ ਸੋਲਜ਼ਰ ਪਬਲਿਕ ਸਕੂਲ ਠੱਠੀਆਂ
- ਸੰਤ ਮਾਝਾ ਸਿੰਘ ਕਰਮਜੋਤ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ
- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ
- ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ
- ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ (ਲੜਕੇ)
- ਸਰਕਾਰੀ ਐਲੀਮੈਂਟਰੀ ਸਕੂਲ ਛਾਪਿਆਂਵਾਲੀ
- ਸਰਕਾਰੀ ਐਲੀਮੈਂਟਰੀ ਸਕੂਲ ਉਮਰਾਨੰਗਲ
- ਸਰਕਾਰੀ ਐਲੀਮੈਂਟਰੀ ਸਕੂਲ ਠੱਠੀਆਂ
- ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ (ਲੜਕੇ)
- ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ (ਉੱਤਰੀ)
ਇਸ ਵਾਰ ਦਾਣਾ ਮੰਡੀ ਰਈਆ ਵਿਖੇ ਹੋਵੇਗਾ ਸੂਬਾ ਪੱਧਰੀ ਸਮਾਰੋਹ
ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਇਸ ਵਾਰ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ‘ਤੇ ਕਰਵਾਇਆ ਜਾਣ ਵਾਲਾ ਸੂਬਾ ਪੱਧਰੀ ਸਮਾਰੋਹ ਬਾਬਾ ਬਕਾਲਾ ਸਾਹਿਬ ਦੀ ਬਜਾਇ ਨੇੜਲੇ ਕਸਬੇ ਰਈਆ ਦੀ ਦਾਣਾ ਮੰਡੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਮੰਤਰੀ ਅਤੇ ਪ੍ਰਮੁੱਖ ਆਗੂ ਸ਼ਿਰਕਤ ਕਰਨਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਗਮਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਅਤੇ ਸਕੂਲ ਰਈਆ ਦੇ ਖੇਡ ਮੈਦਾਨ ਵਿੱਚ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਉਤਰਨ ਲਈ ਵਿਸ਼ੇਸ਼ ਹੈਲੀਪੈਡ ਤਿਆਰ ਕੀਤਾ ਗਿਆ ਹੈ। ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਹਾਲਾਂਕਿ, ਪ੍ਰਸ਼ਾਸਨ ਵੱਲੋਂ ਕਸਬਾ ਰਈਆ ਦੇ ਦਰਜਨ ਦੇ ਕਰੀਬ ਸਕੂਲਾਂ ਲਈ ਛੁੱਟੀਆਂ ਸਬੰਧੀ ਅਜੇ ਤੱਕ ਕੋਈ ਵੱਖਰਾ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਉੱਥੋਂ ਦੇ ਸਥਾਨਕ ਲੋਕਾਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਕੁਝ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਰੂਟ ਡਾਇਵਰਸ਼ਨ ਵੀ ਕੀਤੀ ਗਈ ਹੈ ਤਾਂ ਜੋ ਜੋੜ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
















