ਸਵਾਈਨ ਫਲੂ ਨਾਲ ਦੇਸ਼ ‘ਚ ਪਹਿਲੀ ਮੌਤ; ਦਿੱਲੀ ‘ਚ ਵੀ ਮਰੀਜ਼ਾਂ ਦੀ ਗਿਣਤੀ ਵਧੀ
ਨਵੀਂ ਦਿੱਲੀ/ਲਖਨਊ, 28 ਅਗਸਤ 2026:
ਦੇਸ਼ ਵਿੱਚ ਇਨਫਲੂਐਂਜ਼ਾ ‘ਏ’ (H1N1) ਯਾਨੀ ਸਵਾਈਨ ਫਲੂ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੇ ਸਿਹਤ ਵਿਭਾਗ ਅਤੇ ਕੇਂਦਰੀ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਵਾਇਰਲ ਸੰਕਰਮਣ ਦੇ ਕੇਸਾਂ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਦਿੱਲੀ ਵਿੱਚ ਬੀਤੇ 24 ਘੰਟਿਆਂ ਦੌਰਾਨ H1N1 ਦੇ 166 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 2,612 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇਸ ਸੀਜ਼ਨ ਦੀ ਪਹਿਲੀ ਮੌਤ ਦਰਜ ਹੋਣ ਤੋਂ ਬਾਅਦ ਸਿਹਤ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਲਖਨਊ ਦੇ ਇੰਦਿਰਾਨਗਰ ਇਲਾਕੇ ਦੀ ਰਹਿਣ ਵਾਲੀ 50 ਸਾਲਾ ਮਹਿਲਾ ਦੀ ਲੰਘੇ ਵੀਰਵਾਰ ਨੂੰ ਬਲਰਾਮਪੁਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮਹਿਲਾ ਨੂੰ ਬੀਤੇ ਕੁਝ ਦਿਨਾਂ ਤੋਂ ਤੇਜ਼ ਬੁਖਾਰ, ਖੰਘ-ਜ਼ੁਕਾਮ ਅਤੇ ਸਾਹ ਲੈਣ ਵਿੱਚ ਗੰਭੀਰ ਤਕਲੀਫ਼ ਦੀ ਸ਼ਿਕਾਇਤ ਸੀ। ਹਾਲਤ ਵਿਗੜਨ ‘ਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਸਵਾਈਨ ਫਲੂ ਦੇ ਮੁੱਖ ਲੱਛਣ
ਤੇਜ਼ ਬੁਖਾਰ ਅਤੇ ਲਗਾਤਾਰ ਖੰਘ ਜਾਂ ਗਲੇ ਵਿੱਚ ਖਰਾਸ਼। ਸਾਹ ਲੈਣ ਵਿੱਚ ਔਖ ਅਤੇ ਛਾਤੀ ਵਿੱਚ ਦਰਦ। ਸਰੀਰ ਅਤੇ ਜੋੜਾਂ ਵਿੱਚ ਅਸਹਿ ਦਰਦ ਤੇ ਥਕਾਵਟ। ਬੀਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸਿਹਤ ਮੰਤਰਾਲੇ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਰੱਖਣ ਦੀ ਹਦਾਇਤ ਦਿੱਤੀ ਹੈ।
ਆਮ ਜਨਤਾ ਲਈ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ
ਭੀੜ-ਭਾੜ ਵਾਲੀਆਂ ਥਾਵਾਂ ‘ਤੇ ਜਾਣ ਵੇਲੇ ਮਾਸਕ ਦੀ ਵਰਤੋਂ ਕਰੋ ਅਤੇ ਸਾਬਣ ਨਾਲ ਹੱਥ ਬਾਰ-ਬਾਰ ਧੋਵੋ। ਲੱਛਣ ਸਾਹਮਣੇ ਆਉਣ ‘ਤੇ ਖੁਦ ਦਵਾਈ ਲੈਣ ਦੀ ਥਾਂ ਤੁਰੰਤ ਨੇੜਲੇ ਡਾਕਟਰ ਨਾਲ ਸੰਪਰਕ ਕਰੋ। ਖੁਰਾਕ ਵਿੱਚ ਪੋਸ਼ਟਿਕ ਤੱਤ ਸ਼ਾਮਲ ਕਰੋ ਅਤੇ ਬੀਮਾਰ ਵਿਅਕਤੀਆਂ ਤੋਂ ਉਚਿਤ ਦੂਰੀ ਬਣਾ ਕੇ ਰੱਖੋ।
ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਵਾਇਰਸ ਦਾ ਫੈਲਾਅ ਤੇਜ਼ ਹੋ ਰਿਹਾ ਹੈ। ਪ੍ਰਸ਼ਾਸਨ ਨੇ ਸਥਿਤੀ ‘ਤੇ ਪੂਰੀ ਨਜ਼ਰ ਬਣਾਈ ਹੋਈ ਹੈ ਅਤੇ ਲੋਕਾਂ ਨੂੰ ਦਹਿਸ਼ਤ ਵਿੱਚ ਆਉਣ ਦੀ ਥਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
















