Punjab Beaking: ਪ੍ਰੇਮ ਸਬੰਧਾਂ ਨੂੰ ਲੈ ਕੇ ਖੂਨੀ ਵਾਰਦਾਤ, ਨੌਜਵਾਨ ਨੇ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ
ਕੁਰਾਲੀ, 29 ਅਗਸਤ 2026: ਕੁਰਾਲੀ ਵਿੱਚ ਪ੍ਰੇਮ ਸਬੰਧਾਂ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਆਪਣੀ ਭੈਣ ਦੇ ਪ੍ਰੇਮੀ ਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਪ੍ਰੇਮੀ ਦੀ ਮਾਂ ਸਰੋਜ ਰਾਣੀ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਓਮਨਾਥ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਓਮਨਾਥ ਦਾ ਪੁੱਤਰ ਬਿੱਟੂ ਅਤੇ ਮੁਲਜ਼ਮ ਦੀ ਭੈਣ ਆਪਸ ਵਿੱਚ ਦੋਸਤ ਸਨ। ਸ਼ੁੱਕਰਵਾਰ ਨੂੰ ਮੁਲਜ਼ਮ ਦੀ ਭੈਣ ਓਮਨਾਥ ਦੇ ਘਰ ਆਈ ਹੋਈ ਸੀ। ਜਦੋਂ ਇਸ ਬਾਰੇ ਮੁਲਜ਼ਮ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਿਆ। ਦੋਸ਼ ਹੈ ਕਿ ਘਰ ਪਹੁੰਚਦੇ ਹੀ ਉਸ ਨੇ ਸਰੋਜ ਰਾਣੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਓਮਨਾਥ ਆਪਣੀ ਪਤਨੀ ਨੂੰ ਬਚਾਉਣ ਲਈ ਅੱਗੇ ਆਏ ਤਾਂ ਮੁਲਜ਼ਮ ਨੇ ਉਨ੍ਹਾਂ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤੇ। ਹਮਲੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਮਗਰੋਂ ਸਰੋਜ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਗੰਭੀਰ ਜ਼ਖ਼ਮੀ ਓਮਨਾਥ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਪ੍ਰੇਮ ਸਬੰਧਾਂ ਨੂੰ ਲੈ ਕੇ ਹੋਈ ਵਾਰਦਾਤ
ਥਾਣਾ ਇੰਚਾਰਜ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਮੁੱਢਲੀ ਜਾਂਚ ਵਿੱਚ ਵਾਰਦਾਤ ਦਾ ਕਾਰਨ ਪ੍ਰੇਮ ਸਬੰਧ ਹੀ ਸਾਹਮਣੇ ਆਇਆ ਹੈ। ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਨਾਲ ਸਬੰਧਤ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।
















