ਵੱਡੀ ਖ਼ਬਰ: 4 ਤਹਿਸੀਲਦਾਰਾਂ ਸਮੇਤ 5 ਅਧਿਕਾਰੀ ਨੌਕਰੀ ਤੋਂ ਸਸਪੈਂਡ
ਲਖਨਊ, 5 ਸਤੰਬਰ 2026: ਉੱਤਰ ਪ੍ਰਦੇਸ਼ ਵਿੱਚ ਸਰਕਾਰੀ ਕੰਮਕਾਜ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਯੋਗੀ ਸਰਕਾਰ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਰਾਜਸਵ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਕਥਿਤ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਰਾਜਸਵ ਵਿਭਾਗ (Revenue Department) ਨੇ ਚਾਰ ਤਹਿਸੀਲਦਾਰਾਂ ਅਤੇ ਇੱਕ ਨਾਇਬ ਤਹਿਸੀਲਦਾਰ ਸਮੇਤ ਕੁੱਲ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਅੱਗੇ ਅਨੁਸ਼ਾਸਨਿਕ ਕਾਰਵਾਈ ਵੀ ਕੀਤੀ ਜਾਵੇਗੀ। ਰਾਜਸਵ ਪਰਿਸ਼ਦ ਦੀ ਕਮਿਸ਼ਨਰ ਅਤੇ ਸਕੱਤਰ ਕੰਚਨ ਵਰਮਾ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਹਾਲ ਹੀ ਵਿੱਚ ਰਾਜਸਵ ਅਦਾਲਤਾਂ ਵਿੱਚ ਲੰਬਿਤ ਵਾਦਾਂ ਦੇ ਨਿਪਟਾਰੇ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਸੀ। ਸਮੀਖਿਆ ਦੌਰਾਨ ਸਾਹਮਣੇ ਆਇਆ ਕਿ ਕਈ ਮਾਮਲੇ ਲੰਬੇ ਸਮੇਂ ਤੋਂ ਲੰਬਿਤ ਪਏ ਹਨ, ਜਦਕਿ ਕਈ ਮਾਮਲਿਆਂ ਦੇ ਨਿਪਟਾਰੇ ਦੀ ਰਫ਼ਤਾਰ ਵੀ ਤਸੱਲੀਬਖ਼ਸ਼ ਨਹੀਂ ਸੀ।
ਸਰਕਾਰ ਮੁਤਾਬਕ, ਸਬੰਧਤ ਅਧਿਕਾਰੀਆਂ ਵੱਲੋਂ ਆਪਣੇ ਕੰਮ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਸੀ। ਇਸ ’ਤੇ ਮੁੱਖ ਮੰਤਰੀ ਨੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਰਾਜਸਵ ਅਦਾਲਤਾਂ ਵਿੱਚ ਚੱਲ ਰਹੇ ਮਾਮਲਿਆਂ ਦਾ ਨਿਰਧਾਰਤ ਸਮਾਂ-ਸੀਮਾ ਅੰਦਰ ਨਿਪਟਾਰਾ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਤਹਿਸੀਲਦਾਰ ਪਵਨ ਕੁਮਾਰ ਸਿੰਘ ਸ਼ਾਮਲ ਹਨ।
ਉਹ ਪਹਿਲਾਂ ਪ੍ਰਤਾਪਗੜ੍ਹ ਦੀ ਪੱਟੀ ਤਹਿਸੀਲ ਵਿੱਚ ਪ੍ਰਭਾਰੀ ਤਹਿਸੀਲਦਾਰ ਵਜੋਂ ਤਾਇਨਾਤ ਰਹੇ ਸਨ ਅਤੇ ਇਸ ਸਮੇਂ ਪ੍ਰਯਾਗਰਾਜ ਵਿੱਚ ਤਹਿਸੀਲਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਤੋਂ ਇਲਾਵਾ ਤਹਿਸੀਲ ਬਲੀਆ ਦੇ ਤਹਿਸੀਲਦਾਰ ਅਤੁਲ ਹਰਸ਼, ਗੋਂਡਾ ਦੇ ਤਹਿਸੀਲਦਾਰ ਹਰੇਰਾਮ ਯਾਦਵ, ਜੋ ਪਹਿਲਾਂ ਧਨਘਟਾ ਵਿੱਚ ਨਾਇਬ ਤਹਿਸੀਲਦਾਰ ਰਹੇ ਸਨ, ਅਤੇ ਸੰਤ ਕਬੀਰ ਨਗਰ ਦੀ ਖਲੀਲਾਬਾਦ ਤਹਿਸੀਲ ਦੇ ਤਹਿਸੀਲਦਾਰ ਆਨੰਦ ਓਝਾ ਨੂੰ ਵੀ ਮੁਅੱਤਲ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਲਖਨਊ ਦੀ ਸਰੋਜਨੀਨਗਰ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਵਿਵੇਕ ਕੁਮਾਰ ਸਿੰਘ ਖ਼ਿਲਾਫ਼ ਵੀ ਮੁਅੱਤਲੀ ਦੀ ਕਾਰਵਾਈ ਕੀਤੀ ਗਈ ਹੈ। ਸਰਕਾਰ ਦੇ ਇਸ ਕਦਮ ਨੂੰ ਰਾਜਸਵ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਵੱਲ ਅਹਿਮ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।
















