ਨਕਲ ਰਹਿਤ ਪ੍ਰੀਖਿਆਵਾਂ ਲਈ ਸਿੱਖਿਆ!
ਨਕਲ ਨਹੀਂ, ਮਿਹਨਤ ਬਣੇ ਕਾਮਯਾਬੀ ਦੀ ਪਹਿਚਾਣ
“ਨਕਲ ਨਾਲ ਮਿਲੇ ਅੰਕ ਸਿਰਫ਼ ਕਾਗਜ਼ ‘ਤੇ ਹੁੰਦੇ ਹਨ, ਪਰ ਮਿਹਨਤ ਨਾਲ ਮਿਲੀ ਸਫਲਤਾ ਜ਼ਿੰਦਗੀ ਭਰ ਨਾਲ ਰਹਿੰਦੀ ਹੈ।”

ਡਾ ਸਤਿੰਦਰ ਸਿੰਘ
ਸਿੱਖਿਆ ਮਨੁੱਖ ਦਾ ਤੀਜਾ ਨੇਤਰ ਹੈ। ਅਜੋਕੇ ਸਮੇਂ ਵਿੱਚ ਸਿੱਖਿਆ ਬਗੈਰ ਸੁਚੱਜੀ ਜ਼ਿੰਦਗੀ ਸੰਭਵ ਨਹੀਂ, ਕਿਉਂਕਿ ਅਨਪੜਤਾ ਇੱਕ ਸਰਾਪ ਹੈ। ਜੇਕਰ ਕੋਈ ਵੀ ਇਨਸਾਨ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਰੱਕੀ ਕਰਨਾ ਚਾਹੁੰਦਾ ਹੈ, ਸਮੇਂ ਦਾ ਹਾਣੀ ਬਣ ਕੇ ਸਮੇਂ ਦੇ ਨਾਲ ਚੱਲਣਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਸਿੱਖਿਅਤ ਹੋਣਾ ਜਰੂਰੀ ਹੈ। ਮੌਜੂਦਾ ਦੌਰ ਵਿੱਚ ਹਰ ਮਾਂ ਬਾਪ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਸਦੇ ਬੱਚੇ ਪੜ੍ਹ ਕੇ ਚੰਗੇ ਅਹੁਦਿਆਂ ਤੇ ਬਿਰਾਜਮਾਨ ਹੋਣ। ਮਾਪੇ ਆਰਥਿਕ ਤੰਗੀਆਂ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਆਪਣੀ ਹੈਸੀਅਤ ਅਨੁਸਾਰ ਗੁਣਾਤਮਕ ਸਿੱਖਿਆ ਦਿਵਾਉਣ ਲਈ ਯਤਨਸ਼ੀਲ ਹਨ, ਕਿਉਂਕਿ ਹਰ ਵਿਅਕਤੀ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਫਿਕਰਮੰਦ ਅਤੇ ਯਤਨਸ਼ੀਲ ਹੈ।
ਮਾਪੇ, ਅਧਿਆਪਕ ਅਤੇ ਸਰਕਾਰਾਂ ਸਿੱਖਿਆ ਦੇ ਵਿਕਾਸ ਅਤੇ ਆਪਣੇ ਦੇਸ਼ ਦਾ ਭਵਿੱਖ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਪ੍ਰੀਖਿਆ ਦੇ ਨਤੀਜੇ ਹੀ ਹਨ। ਪ੍ਰੀਖਿਆ ਚ ਪ੍ਰਾਪਤ ਅੰਕਾਂ ਦੀ ਹੀ ਕਦਰ ਪੈਂਦੀ ਹੈ। ਇਥੋਂ ਤੱਕ ਕੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਕੰਮਾਂ ਦਾ ਵੀ ਮੁਲਾਂਕਣ ਕੁਝ ਹੱਦ ਤੱਕ ਪ੍ਰੀਖਿਆਵਾਂ ਦੇ ਨਤੀਜਿਆਂ ਤੇ ਨਿਰਭਰ ਕਰਦਾ ਹੈ। ਪ੍ਰੀਖਿਆਵਾਂ ਦੇ ਪ੍ਰਾਪਤ ਅੰਕਾਂ ਦੀ ਵੱਧਦੀ ਮਹੱਤਤਾ ਕਾਰਨ, ਪ੍ਰੀਖਿਆ ਦੌਰਾਨ ਨਕਲ ਵਰਗੇ ਕੋਹੜ ਰੋਗ ਦਾ ਜਨਮ ਹੋਇਆ। ਪ੍ਰੀਖਿਆ ਦੌਰਾਨ ਜਦੋਂ ਨਕਲ ਦਾ ਆਸਰਾ ਲਿਆ ਜਾਂਦਾ ਹੈ ਜਾਂ ਅਨੇਕਾਂ ਤਰ੍ਹਾਂ ਦੇ ਹੋਰ ਗਲਤ ਸਾਧਨ ਅਤੇ ਹੱਥਕੰਡੇ ਵਰਤੇ ਜਾਂਦੇ ਹਨ, ਤਾਂ ਸਿੱਖਿਆ ਆਪਣੇ ਅਸਲ ਮਕਸਦ ਤੋਂ ਦੂਰ ਹੋ ਜਾਂਦੀ ਹੈ।
ਸਿਰਫ਼ ਪ੍ਰੀਖਿਆ ਦੌਰਾਨ ਨਕਲ ਕਾਰਨ ਹੀ ਅਨੇਕਾਂ ਹੋਰ ਵਿਕਾਰ ਅਤੇ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ। ਨਕਲ ਦੀ ਮਦਦ ਨਾਲ ਪ੍ਰਾਪਤ ਕੀਤੀਆਂ ਡਿਗਰੀਆਂ ਨਾਲ ਵਿਦਿਆਰਥੀ ਕਿਸੇ ਵੀ ਚੰਗੇ ਮੁਕਾਮ ਤੇ ਨਹੀਂ ਪਹੁੰਚ ਸਕਦੇ।ਇਸ ਨਾਲ ਵਿਦਿਆਰਥੀ ਵਰਗ ਵਿੱਚ ਬੇਈਮਾਨੀ ਅਤੇ ਗਲਤ ਰਾਹ ਅਪਣਾਉਣ ਦੀ ਆਦਤ ਪੈਦਾ ਹੁੰਦੀ ਹੈ । ਭਵਿੱਖ ਵਿੱਚ ਨਕਲ ਦੀ ਮਦਦ ਨਾਲ ਜੇ ਅਯੋਗ ਵਿਅਕਤੀ ਉੱਚ ਅਹੁਦਿਆਂ ਤੇ ਪਹੁੰਚੇਗਾ ਤਾਂ ਅਜਿਹਾ ਵਿਅਕਤੀ ਕਦੇ ਵੀ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣ ਦੇ ਸਮਰੱਥ ਨਹੀਂ ਬਣੇਗਾ। ਜਦਕਿ ਸਿੱਖਿਆ ਦਾ ਉਦੇਸ਼ ਹੀ ਵਿਅਕਤੀ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ,ਉਸ ਦਾ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਨੈਤਿਕ ਤੌਰ ਤੇ ਵਿਕਾਸ ਕਰਨਾ ਹੈ। ਪ੍ਰੰਤੂ ਮੌਜੂਦਾ ਦੌਰ ਵਿੱਚ ਸਿੱਖਿਆ ਦਾ ਇਸਤੇਮਾਲ ਨੌਕਰੀ ਪ੍ਰਾਪਤ ਕਰਨ ਲਈ ਇੱਕ ਔਜ਼ਾਰ ਵਜੋਂ ਕੀਤਾ ਜਾ ਰਿਹਾ ਹੈ।
ਪ੍ਰੀਖਿਆ ਦੌਰਾਨ ਨਕਲ ਸਿੱਖਿਆ ਢਾਂਚੇ ਨੂੰ ਲੱਗਿਆ ਇੱਕ ਅਜਿਹਾ ਕੋਹੜ ਰੋਗ ਹੈ, ਜਿਸ ਕਾਰਨ ਸਮਾਜ ਵਿੱਚ ਪੜੇ ਲਿਖੇ ,ਅਨਪੜ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨੌਜਵਾਨ ਵਰਗ ਦੇ ਹੱਥ ਵਿੱਚ ਡਿਗਰੀਆਂ ਹਨ ,ਪਰੰਤੂ ਲੋੜੀਂਦਾ ਗਿਆਨ, ਸਕਿੱਲ ਅਤੇ ਯੋਗਤਾ ਦੀ ਬਹੁਤ ਵੱਡੀ ਕਮੀ ਹੈ। ਨਕਲ ਦੇ ਇਸ ਦੌਰ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਅਧਿਕਾਰੀਆਂ ਦੀ ਪ੍ਰਗਤੀ ਦਾ ਸਹੀ ਮੁਲਾਂਕਣ ਨਹੀਂ ਹੋ ਰਿਹਾ। ਅਜਿਹੇ ਹਾਲਾਤਾਂ ਵਿੱਚ ਅਸੀਂ ਵਿਦਿਆਰਥੀਆਂ ਨੂੰ ਡਿਗਰੀਆਂ ਤਾਂ ਜ਼ਰੂਰ ਦੇ ਰਹੇ ਹਾਂ , ਪ੍ਰੰਤੂ ਸਿੱਖਿਆ ਦਾ ਅਸਲ ਉਦੇਸ਼ ਭੁੱਲ ਗਏ ਹਾਂ। ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਸਮੇਂ ਕਿਤਾਬੀ ਗਿਆਨ ਦੇ ਨਾਲ ਨਾਲ ਜੋ ਜੀਵਨ ਜਾਂਚ ਸਿੱਖੇਗਾ, ਉਸ ਨੂੰ ਹੀ ਜ਼ਿੰਦਗੀ ਦਾ ਅੰਗ ਅਤੇ ਆਦਤ ਬਣਾਏਗਾ।
ਜੇ ਵਿਦਿਆਰਥੀ ਜੀਵਨ ਵਿੱਚ ਸਾਰਾ ਸਾਲ ਮਿਹਨਤ ਕਰਨ ਦੀ ਬਜਾਏ ਸਿਰਫ਼ ਪ੍ਰੀਖਿਆ ਦੌਰਾਨ ਹੀ ਪੜ੍ਹਨ ਜਾਂ ਤਿੰਨ ਘੰਟੇ ਦੀ ਪ੍ਰੀਖਿਆ ਵਿੱਚ ਨਕਲ ਮਾਰ ਕੇ ਪ੍ਰੀਖਿਆ ਵਿੱਚ ਸਫ਼ਲ ਹੋਣਾ ਸਿੱਖੇਗਾ ਤਾਂ ਉਹ ਭਵਿੱਖ ਵਿੱਚ ਵੀ ਜ਼ਿੰਦਗੀ ਦੇ ਹਰ ਪੜਾਅ ਤੇ ਕਾਮਯਾਬ ਹੋਣ ਲਈ ਮਿਹਨਤ ਕਰਨ ਦੀ ਥਾਂ ਸ਼ਾਰਟਕੱਟ ,ਆਸਾਨ ਅਤੇ ਅਨੈਤਿਕ ਤਰੀਕਾ ਅਪਣਾਉਣ ਦਾ ਰਸਤਾ ਅਖ਼ਤਿਆਰ ਕਰੇਗਾ।
ਸਕੂਲਾਂ ਅਤੇ ਕਾਲਜਾਂ ਦੀਆਂ ਪ੍ਰੀਖਿਆ ਦੌਰਾਨ ਸ਼ੁਰੂ ਹੋਇਆ ਨਕਲ ਦਾ ਰੂਪ ਹੁਣ ਵਿਸ਼ਾਲ ਰੂਪ ਧਾਰਨ ਕਰ ਚੁੱਕਿਆ ਹੈ। ਹੁਣ ਤਾਂ ਦੇਸ਼ ਦੇ ਮੈਡੀਕਲ ਕਾਲਜਾਂ ਦੇ ਦਾਖ਼ਲੇ ਲਈ ਨੀਟ ਵਰਗੇ ਮਹੱਤਵਪੂਰਨ ਟੈਸਟ ਵੀ ਧੋਖਾਧੜੀ ਦੀ ਭੇਟ ਚੜ ਰਹੇ ਹਨ। ਡਿਜ਼ੀਟਲ ਯੁਗ ਵਿੱਚ ਕਿਸੇ ਦਾ ਡਾਟਾ ਚੋਰੀ ਕਰਕੇ ਆਪਣੇ ਕਿਸੇ ਕੰਮ ਲਈ ਵਰਤਣਾ, ਸਾਹਿਤਕ ਚੋਰੀ, ਵਿਚਾਰ ਚੋਰੀ ਕਰਨਾ, ਖੋਜ ਦੇ ਕੰਮਾਂ ਵਿੱਚ ਕਿਸੇ ਦੇ ਕੀਤੇ ਕੰਮਾਂ ਨੂੰ ਆਪਣੇ ਨਾਮ ਤੇ ਵਰਤਣਾ ਅਤੇ ਅਕਾਦਮਿਕ ਖੇਤਰ ਵਿੱਚ ਗਲਤ ਸਾਧਨਾਂ ਦੀ ਵਰਤੋਂ ਕਰਨ ਵਰਗੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਇਹਨਾਂ ਨੈਤਿਕ ਕੰਮਾਂ ਦੇ ਕਾਰਨ ਸਿੱਖਿਆ ਵਰਗਾ ਪਵਿੱਤਰ ਪੇਸ਼ਾ ਅਨੇਕਾਂ ਵਾਰ ਸ਼ਰਮਸਾਰ ਹੁੰਦਾ ਨਜ਼ਰ ਆਇਆ ਹੈ।
ਇਸ ਤੋਂ ਇਲਾਵਾ ਪ੍ਰੀਖਿਆ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨਾ ਕੁਝ ਵਿਦਿਅਕ ਸੰਸਥਾਵਾਂ ਦੀ ਮਜ਼ਬੂਰੀ ਬਣ ਚੁੱਕੀ ਹੈ । ਸਿੱਖਿਆ ਦੇ ਵੱਧਦੇ ਦੇ ਵਪਾਰੀਕਰਨ ਅਤੇ ਸਿੱਖਿਆ ਸੰਸਥਾਵਾਂ ਵਿੱਚ ਵੱਧਦੇ ਮੁਕਾਬਲੇ ਨੇ ਸਕੂਲਾਂ ਅਤੇ ਕਾਲਜਾਂ ਦੇ ਚੰਗੇ ਨਤੀਜੇ ਦਿਖਾਉਣਾ, ਕੁਝ ਬੱਚਿਆਂ ਨੂੰ ਮੈਰਿਟ ਸੂਚੀ ਵਿੱਚ ਲਿਆਉਣਾ, ਵੱਧ ਅੰਕਾਂ ਨਾਲ ਵਿਦਿਆਰਥੀਆਂ ਨੂੰ ਪਾਸ ਕਰਾਉਣਾ ਅਤੇ ਉਸ ਤੋਂ ਬਾਅਦ ਇਹਨਾਂ ਨਤੀਜਿਆਂ ਅਤੇ ਵਿਦਿਆਰਥੀਆਂ ਨੂੰ ਇਸ਼ਤਿਹਾਰ ਅਤੇ ਅਖਬਾਰਾਂ ਵਿੱਚ ਪ੍ਰਚਾਰ ਦੇ ਸਾਧਨ ਵਜੋਂ ਵਰਤਣਾ ਉਹਨਾਂ ਦੀ ਜ਼ਰੂਰਤ ਅਤੇ ਮਜ਼ਬੂਰੀ ਬਣ ਚੁੱਕੀ ਹੈ। ਚਾਹੇ ਇਹ ਪ੍ਰਾਪਤੀ ਨਕਲ ਦੀ ਮਦਦ ਨਾਲ ਹੀ ਹਾਸਲ ਕਿਉਂ ਨਾ ਕੀਤੀ ਹੋਵੇ।
ਪ੍ਰੀਖਿਆ ਦੌਰਾਨ ਨਕਲ ਦੇ ਕਾਰਨ ਹੀ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਗੁਣਾਤਮਕ ਸਿੱਖਿਆ ਤੇ ਗੰਭੀਰ ਸਵਾਲ ਖੜੇ ਹੋ ਜਾਂਦੇ ਹਨ। ਨਕਲ ਸਿਰਫ਼ ਪ੍ਰੀਖਿਆ ਪਾਸ ਕਰਾਉਣ ਲਈ ਅਨੁਸ਼ਾਸਨਹੀਨਤਾ ਹੀ ਨਹੀਂ ਹੈ ।ਬਲਕਿ ਇਹ ਇਮਾਨਦਾਰੀ, ਨੈਤਿਕਤਾ, ਮਿਹਨਤ ਅਤੇ ਆਤਮ ਵਿਸ਼ਵਾਸ ਵਰਗੇ ਮਨੁੱਖੀ ਗੁਣਾਂ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ।
ਨਕਲ ਰਾਹੀਂ ਪ੍ਰਾਪਤ ਕੀਤੀ ਸਫ਼ਲਤਾ ਸਿਰਫ ਕੁਝ ਸਮੇਂ ਲਈ ਸਨਮਾਨ ਹਾਸਿਲ ਕਰਵਾ ਸਕਦੀ ਹੈ। ਜਦਕਿ ਮਿਹਨਤ ਤੇ ਇਮਾਨਦਾਰੀ ਨਾਲ ਪ੍ਰਾਪਤ ਕੀਤੀ ਸਫ਼ਲਤਾ ਜੀਵਨ ਭਰ ਸਨਮਾਨ ਅਤੇ ਆਤਮ ਸੰਤੁਸ਼ਟੀ ਦਿੰਦੀ ਹੈ । ਦੇਸ਼ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਪਹਿਲਾਂ ਸਿੱਖਿਆ ਦਾ ਗੁਣਾਤਮਕ ਵਿਕਾਸ ਕੀਤਾ ਜਾਵੇ। ਸਿੱਖਿਆ ਦੇ ਮੂਲਾਂਕਣ ਸਮੇਂ ਮਿਹਨਤ ਨੂੰ ਸਹੀ ਮੁੱਲ ਮਿਲਣਾ ਚਾਹੀਦਾ ਹੈ। ਪ੍ਰੀਖਿਆ ਦੇ ਅੰਕਾਂ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਨੂੰ ਮਹੱਤਤਾ ਦਿੱਤੀ ਜਾਵੇ। ਅਜਿਹਾ ਮਾਹੌਲ ਸਿਰਜਿਆ ਜਾਵੇ ਜਿੱਥੇ ਅੰਕਾਂ ਨਾਲੋਂ ਗਿਆਨ ,ਚਰਿੱਤਰ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੱਧ ਮਹੱਤਵ ਮਿਲੇ । ਜਦੋਂ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਇਹ ਅਹਿਸਾਸ ਹੋਵੇਗਾ ਕਿ ਨਕਲ ਸਾਡੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ ,ਤਾਂ ਉਹ ਇਸ ਬੁਰਾਈ ਤੋਂ ਦੂਰ ਭੱਜੇਗਾ । ਇਸ ਬੁਰਾਈ ਨੂੰ ਖਤਮ ਕਰਨ ਲਈ ਜਦੋਂ ਵਿਦਿਆਰਥੀ ,ਮਾਪੇ ਅਧਿਆਪਕ, ਸਰਕਾਰ ਅਤੇ ਸਮਾਜ ਮਿਲ ਕੇ ਯਤਨ ਕਰਨਗੇ , ਤਦ ਹੀ ਇਮਾਨਦਾਰ, ਯੋਗ ਅਤੇ ਜਿੰਮੇਵਾਰ ਨਾਗਰਿਕਾਂ ਦੀ ਸਿਰਜਣਾ ਸੰਭਵ ਹੋਵੇਗੀ। “ਨਕਲ ਰਹਿਤ ਪ੍ਰੀਖਿਆਵਾਂ ਹੀ ਗਿਆਨ, ਯੋਗਤਾ ਅਤੇ ਮਿਹਨਤ ਦਾ ਸਹੀ ਮੁਲਾਂਕਣ ਕਰਦੀਆਂ ਹਨ।”
ਡਾ ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।















