ਭਗਵੰਤ ਮਾਨ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੇ ਰਾਸ਼ਨ ਦਾ ਨਿੱਜੀਕਰਨ; ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਰਾਸ਼ਨ ਦਾ ਜਿੰਮਾ
ਬਠਿੰਡਾ, 19 ਸਤੰਬਰ 2026- ਭਗਵੰਤ ਮਾਨ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਫੈਸਲੇ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਦਾ ਆਂਗਣਵਾੜੀ ਯੂਨੀਅਨਜ਼ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਬਠਿੰਡਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਸੂਬਾ ਪੱਧਰ ਤੇ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਕੇ ਲੁੱਟ ਮਚਾਈ ਗੰਦਾ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਭੇਜਿਆ, ਜਥੇਬੰਦੀ ਨੇ ਵਿਰੋਧ ਕੀਤਾ ਤਿੰਨ ਸਾਲ ਲੜਾਈ ਲੜੀ, ਇਸ ਰਾਸ਼ਨ ਦੇ ਖਿਲਾਫ ਹਾਈਕੋਰਟ ਦੇ ਵਿੱਚ ਪੀਆਈਐਲ ਪਈ ਤਾਂ ਸਰਕਾਰ ਨੂੰ ਉਹਨਾਂ ਪ੍ਰਾਈਵੇਟ ਕੰਪਨੀਆਂ ਦੇ ਟੈਂਡਰ ਰੱਦ ਕਰਨੇ ਪਏ ਸਨ।
ਉਹਨਾਂ ਕਿਹਾ ਕਿ ਹੁਣ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਸਰਕਾਰ ਨੇ ਸਿਰਫ ਉਹ ਇੱਕ ਅੱਖੀ ਘੱਟਾ ਪਾਉਣ ਦਾ ਡਰਾਮਾ ਕੀਤਾ ਸੀ ਹੁਣ ਉਹੀ ਟੈਂਡਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ ਅਤੇ ਇਸ ਸਬੰਧੀ ਬਠਿੰਡੇ ਦਾ ਟੈਂਡਰ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਥੇਬੰਦੀ ਮੰਗ ਕਰਦੀ ਹੈ ਕਿ ਆਗਣਵਾੜੀ ਕੇਂਦਰਾਂ ਦੇ ਵਿੱਚ ਆਉਣ ਵਾਲਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਨਾ ਦੇ ਕੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਤਾਜ਼ਾ ਖਾਣਾ ਪਕਾ ਕੇ ਆਂਗਣਵਾੜੀ ਕੇਂਦਰਾਂ ਰਾਹੀਂ ਹੀ ਦਿੱਤਾ ਜਾਵੇ, ਸਰਕਾਰ ਇਹ ਟੈਂਡਰ ਤੁਰੰਤ ਰੱਦ ਕਰੇ ਅਤੇ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਤਾਜ਼ਾ ਪਕਾ ਕੇ ਦਿੱਤਾ ਜਾਵੇ।
ਇਸ ਤੋਂ ਬਿਨਾਂ ਜਥੇਬੰਦੀ ਨੇ ਵਿਰੋਧ ਕੀਤਾ ਹੈ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਕੋਲ ਕੋਲੋਂ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਕਰਵਾ ਕੇ ਆਗਣਵਾੜੀ ਵਰਕਰਾਂ ਦੇ ਉੱਤੇ ਵਾਧੂ ਦਾ ਕੰਮ ਦਾ ਬੋਝ ਲੱਦ ਰਹੀ ਹੈ, ਰਾਸ਼ਨ ਕਾਰਡਾਂ ਦਾ ਵੈਰੀਫਿਕੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ। ਆਗਣਵਾੜੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਮਾਣ ਭੱਤਾ ਦੁਗਣਾ ਕਰੇ ਅਤੇ ਜੋ ਮਿਲ ਰਿਹਾ ਮਾਣ ਭੱਤਾ ਹੈ ਉਹ ਵੀ ਟਾਈਮ ਸਿਰ ਦੇਵੇ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਇਸ ਲਈ ਜਥੇਬੰਦੀ ਦਾ ਸੰਘਰਸ਼ ਜਾਰੀ ਹੈ।
ਉਹਨਾਂ ਕਿਹਾ ਕਿ ਇਸ ਸੰਘਰਸ਼ ਦੀ ਅਗਲੀ ਕੜੀ ਵਿੱਚ ਦੋ ਅਕਤੂਬਰ ਨੂੰ ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਦੇ ਵਿੱਚ ਹਜ਼ਾਰਾਂ ਆਂਗਣਵਾੜੀ ਵਰਕਰ ਹੈਲਪਰਾਂ ਭਾਗ ਲੈਣਗੀਆਂ। ਇਸ ਮੀਟਿੰਗ ਵਿੱਚ ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਗੋਨੇਆਣਾ ਸੂਬਾ ਜਨਰਲ ਸਕੱਤਰ, ਬਲਵੀਰ ਕੌਰ ਮਾਨਸਾ ਵਿਤ ਸਕੱਤਰ, ਸਿੰਦਰਪਾਲ ਕੌਰ ਥਾਂਦੇਵਾਲਾ ਦਫਤਰ ਸਕੱਤਰ, ਸ਼ੀਲਾ ਦੇਵੀ ਆਦਿ ਆਗੂਆਂ ਨੇ ਭਾਗ ਲਿਆ।
















