Join WhatsApp

Join Now

ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ ਲੇਡੀ ਇੰਸਪੈਕਟਰ 50,000 ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ

On: ਸਤੰਬਰ 27, 2026 12:06 ਬਾਃ ਦੁਃ

 

ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ: 50 ਹਜ਼ਾਰ ਦੀ ਰਿਸ਼ਵਤ ਲੈਂਦੀ ਥਾਣਾ ਮੁੱਖ ਅਫਸਰ ਸੁਨੀਤਾ ਬਾਵਾ ਗੰਨਮੈਨ ਸਮੇਤ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਦਾ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ: ਕੋਟ ਈਸੇ ਖਾਂ ਦੀ ਥਾਣਾ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸ ਦਾ ਗੰਨਮੈਨ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

ਚੰਡੀਗੜ੍ਹ, 27 ਸਤੰਬਰ 2026- ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਟੀਮ ਨੇ ਦੇਰ ਰਾਤ ਛਾਪੇਮਾਰੀ ਕਰਕੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ (SHO) ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਨਾਲ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ।

ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕੋਟ ਈਸੇ ਖਾਂ ਪੁਲਿਸ ਨੇ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਉਕਤ ਵਿਅਕਤੀ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਨੇ ਪਿੰਡ ਨੂਰਪੁਰ ਹਕੀਮਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਉਲਝਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੁਨੀਤਾ ਬਾਵਾ ਵਲੋਂ ਰਾਜਵਿੰਦਰ ਸਿੰਘ ਨੂੰ ਕੇਸ ‘ਚੋਂ ਬਾਹਰ ਕੱਢਣ ਅਤੇ ਉਸ ‘ਤੇ ਕੋਈ ਕਾਰਵਾਈ ਨਾ ਕਰਨ ਦੇ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਮੁਖੀ ਸੁਨੀਤਾ ਬਾਵਾ ਪਹਿਲਾਂ ਹੀ ਰਾਜਵਿੰਦਰ ਸਿੰਘ ਕੋਲੋਂ 50,000 ਰੁਪਏ ਦੀ ਰਿਸ਼ਵਤ ਵਸੂਲ ਕਰ ਚੁੱਕੀ ਸੀ। ਇਸ ਦੇ ਬਾਵਜੂਦ ਉਸ ਦਾ ਮਨ ਨਹੀਂ ਭਰਿਆ ਅਤੇ ਉਹ ਰਾਜਵਿੰਦਰ ਸਿੰਘ ‘ਤੇ 50,000 ਰੁਪਏ ਹੋਰ ਦੇਣ ਲਈ ਲਗਾਤਾਰ ਦਬਾਅ ਪਾ ਰਹੀ ਸੀ। ਥਾਣਾ ਇੰਚਾਰਜ ਦੀਆਂ ਧਮਕੀਆਂ ਅਤੇ ਬਾਰ-ਬਾਰ ਪੈਸੇ ਮੰਗਣ ਤੋਂ ਤੰਗ ਆ ਕੇ ਰਾਜਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਦਰਜ ਕਰਵਾਈ।

ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਫਿਰੋਜ਼ਪੁਰ ਰੇਂਜ ਦੀ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਯੋਜਨਾ ਦੇ ਮੁਤਾਬਕ ਵਿਜੀਲੈਂਸ ਟੀਮ ਨੇ ਦੇਰ ਰਾਤ ਲਗਭਗ 9 ਵਜੇ ਜੀਰਾ ਰੋਡ ‘ਤੇ ਇੱਕ ਖਾਸ ਜਗ੍ਹਾ ‘ਤੇ ਜਾਲ ਵਿਛਾਇਆ। ਜਿਵੇਂ ਹੀ ਸ਼ਿਕਾਇਤਕਰਤਾ ਨੇ 50,000 ਰੁਪਏ ਦੀ ਰਿਸ਼ਵਤ ਦੀ ਰਕਮ ਥਾਣਾ ਮੁਖੀ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਗੁਰਅਵਤਾਰ ਸਿੰਘ ਨੂੰ ਸੌਂਪੀ, ਤਾਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਿਜੀਲੈਂਸ ਦੀ ਟੀਮ ਨੇ ਦੋਹਾਂ ਨੂੰ ਰੰਗੇ ਹੱਥੀਂ ਦਬੋਚ ਲਿਆ।

ਪਹਿਲਾਂ ਤੋਂ ਹੀ ਵਿਜੀਲੈਂਸ ਦੀ ਰਾਡਾਰ ‘ਤੇ ਸੀ ਮਹਿਲਾ ਥਾਣਾ ਇੰਚਾਰਜ

ਦੱਸਿਆ ਜਾ ਰਿਹਾ ਹੈ ਕਿ ਥਾਣਾ ਮੁਖੀ ਸੁਨੀਤਾ ਬਾਵਾ ਕੋਈ ਪਹਿਲੀ ਵਾਰ ਵਿਜੀਲੈਂਸ ਦੇ ਘੇਰੇ ‘ਚ ਨਹੀਂ ਆਈ ਸੀ, ਬਲਕਿ ਉਹ ਪਹਿਲਾਂ ਤੋਂ ਹੀ ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ ਚੱਲ ਰਹੀ ਸੀ। ਉਸ ਉੱਤੇ ਆਪਣੇ ਗੰਨਮੈਨ ਰਾਹੀਂ ਲੋਕਾਂ ਕੋਲੋਂ ਮੋਟੀਆਂ ਰਕਮਾਂ ਰਿਸ਼ਵਤ ਵਜੋਂ ਵਸੂਲਣ ਦੇ ਗੰਭੀਰ ਦੋਸ਼ ਲਗਾਤਾਰ ਲੱਗ ਰਹੇ ਸਨ।

ਜ਼ਿਕਰਯੋਗ ਹੈ ਕਿ ਕੋਟ ਈਸੇ ਖਾਂ ਥਾਣਾ ਪਹਿਲਾਂ ਵੀ ਅਜਿਹੇ ਮਾਮਲਿਆਂ ਕਰਕੇ ਚਰਚਾ ਵਿੱਚ ਰਹਿ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਇਸੇ ਥਾਣੇ ਦੀ ਇੱਕ ਹੋਰ ਮਹਿਲਾ ਮੁੱਖ ਅਫਸਰ ਨੂੰ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ ਤਹਿਤ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਵਿਜੀਲੈਂਸ ਬਿਊਰੋ ਨੇ ਦੋਹਾਂ ਦੋਸ਼ੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Comment