Good News: ਪ੍ਰੀਪੇਡ ਮੋਬਾਈਲ ਰੀਚਾਰਜ ਪਲਾਨ ‘ਚ ਵੱਡਾ ਬਦਲਾਅ! ਹੁਣ 28 ਨਹੀਂ, ਪੂਰੇ 30 ਦਿਨਾਂ ਦੀ ਮਿਲੇਗੀ ਵੈਲੀਡਿਟੀ
ਨਵੀਂ ਦਿੱਲੀ/ਚੰਡੀਗੜ੍ਹ, 27 ਸਤੰਬਰ 2026: ਦੇਸ਼ ਦੇ ਕਰੋੜਾਂ ਪ੍ਰੀਪੇਡ ਮੋਬਾਈਲ ਉਪਭੋਗਤਾਵਾਂ ਲਈ ਰੀਚਾਰਜ ਪਲਾਨਾਂ ਨੂੰ ਲੈ ਕੇ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਲਗਾਤਾਰ ਵਧ ਰਹੀਆਂ ਰੀਚਾਰਜ ਕੀਮਤਾਂ ਅਤੇ 28 ਦਿਨਾਂ ਦੀ ਵੈਧਤਾ ਵਾਲੇ ਪਲਾਨਾਂ ਨੂੰ ਲੈ ਕੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਵਿਚਕਾਰ ਟੈਲੀਕੌਮ ਖੇਤਰ ਵਿੱਚ ਖਪਤਕਾਰਾਂ ਦੇ ਹਿੱਤਾਂ ਨਾਲ ਜੁੜੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਤਹਿਤ ਟੈਲੀਕੌਮ ਕੰਪਨੀਆਂ ਨੂੰ 30 ਦਿਨਾਂ ਦੀ ਵੈਧਤਾ ਵਾਲੇ ਰੀਚਾਰਜ ਵਿਕਲਪ ਉਪਲਬਧ ਕਰਵਾਉਣੇ ਹੋਣਗੇ।
ਇਸ ਸਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ‘ਟੈਲੀਕੌਮ ਕੰਜ਼ਿਊਮਰ ਪ੍ਰੋਟੈਕਸ਼ਨ (13ਵਾਂ ਸੰਸ਼ੋਧਨ) ਰੈਗੂਲੇਸ਼ਨਜ਼, 2026’ ਤਹਿਤ ਉਪਭੋਗਤਾਵਾਂ ਨੂੰ ਹੁਣ 28 ਦਿਨਾਂ ਦੀ ਬਜਾਏ ਪੂਰੇ 30 ਦਿਨਾਂ ਦੀ ਵੈਧਤਾ ਵਾਲੇ ਪਲਾਨ ਮਿਲਣਗੇ।
28 ਦਿਨਾਂ ਦੇ ਰੀਚਾਰਜ ਸਾਈਕਲ ਕਾਰਨ ਉਪਭੋਗਤਾਵਾਂ ਨੂੰ ਇੱਕ ਸਾਲ ਵਿੱਚ 12 ਦੀ ਬਜਾਏ 13 ਵਾਰ ਰੀਚਾਰਜ ਕਰਵਾਉਣ ਦੀ ਲੋੜ ਪੈ ਸਕਦੀ ਸੀ। 30 ਦਿਨਾਂ ਦੀ ਵੈਧਤਾ ਵਾਲੇ ਪਲਾਨਾਂ ਨਾਲ ਮਹੀਨਾਵਾਰ ਰੀਚਾਰਜ ਦਾ ਚੱਕਰ ਕੈਲੰਡਰ ਮਹੀਨੇ ਦੇ ਨੇੜੇ ਹੋਵੇਗਾ ਅਤੇ ਗਾਹਕਾਂ ਨੂੰ ਸਾਲਾਨਾ ਰੀਚਾਰਜ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ।
ਨਵੇਂ ਨਿਯਮਾਂ ਵਿੱਚ ਸਿਰਫ਼ ਵੈਧਤਾ ਹੀ ਨਹੀਂ, ਸਗੋਂ ਪਲਾਨਾਂ ਦੀ ਚੋਣ ਨਾਲ ਸਬੰਧਤ ਵੀ ਮਹੱਤਵਪੂਰਨ ਪ੍ਰਬੰਧ ਕੀਤਾ ਗਿਆ ਹੈ। ਹੁਣ ਟੈਲੀਕੌਮ ਕੰਪਨੀਆਂ ਨੂੰ ਸਿਰਫ਼ ਵੌਇਸ ਕਾਲਿੰਗ ਅਤੇ ਐਸਐਮਐਸ ਦੀ ਲੋੜ ਵਾਲੇ ਗਾਹਕਾਂ ਲਈ ਵੱਖਰੇ ਪਲਾਨ ਉਪਲਬਧ ਕਰਵਾਉਣੇ ਹੋਣਗੇ। ਇਸ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਫਾਇਦਾ ਹੋ ਸਕਦਾ ਹੈ ਜਿਨ੍ਹਾਂ ਨੂੰ ਮੋਬਾਈਲ ਡਾਟਾ ਦੀ ਨਿਯਮਤ ਲੋੜ ਨਹੀਂ ਹੁੰਦੀ। ਖਾਸ ਕਰਕੇ ਘੱਟ ਡਾਟਾ ਵਰਤਣ ਵਾਲੇ ਗਾਹਕਾਂ ਨੂੰ ਆਪਣੀ ਲੋੜ ਮੁਤਾਬਕ ਪਲਾਨ ਚੁਣਨ ਦਾ ਵਿਕਲਪ ਮਿਲੇਗਾ।
ਰਾਘਵ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰੀਪੇਡ ਮੋਬਾਈਲ ਉਪਭੋਗਤਾਵਾਂ ਵੱਲੋਂ ਰੀਚਾਰਜ ਦੀਆਂ ਵਧਦੀਆਂ ਕੀਮਤਾਂ ਅਤੇ 28 ਦਿਨਾਂ ਦੀ ਵੈਧਤਾ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਮੁੱਦੇ ਨੂੰ ਉਨ੍ਹਾਂ ਨੇ 11 ਮਾਰਚ 2026 ਨੂੰ ਰਾਜ ਸਭਾ ਵਿੱਚ ਵੀ ਉਠਾਇਆ ਸੀ।
ਉਨ੍ਹਾਂ ਨੇ ਸਰਕਾਰ ਅਤੇ ਟੈਲੀਕੌਮ ਰੈਗੂਲੇਟਰੀ ਅਥਾਰਟੀ ਵੱਲੋਂ ਕੀਤੇ ਗਏ ਇਨ੍ਹਾਂ ਬਦਲਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਨਿਯਮਾਂ ਨਾਲ ਮੋਬਾਈਲ ਗਾਹਕਾਂ ਨੂੰ ਆਪਣੀ ਵਰਤੋਂ ਅਤੇ ਬਜਟ ਅਨੁਸਾਰ ਪਲਾਨ ਚੁਣਨ ਵਿੱਚ ਵਧੇਰੇ ਸਹੂਲਤ ਮਿਲੇਗੀ।
















