ਖਾਲਿਸਤਾਨ ਮੁੱਦੇ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ; “ਪੰਜਾਬੀ ਨਹੀਂ ਚਾਹੁੰਦੇ ਕੱਟੜਵਾਦ, ਅਜਨਾਲਾ ਕਾਂਡ ਗੁੰਡਾਗਰਦੀ ਦਾ ਸਬੂਤ
ਚੰਡੀਗੜ੍ਹ, 27 ਸਤੰਬਰ 2026- ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਖਾਲਿਸਤਾਨ ਦੇ ਮੁੱਦੇ ਅਤੇ ਰਾਜ ਵਿੱਚ ਵਧ ਰਹੀ ਕੱਟੜਪੰਥੀ ਵਿਚਾਰਧਾਰਾ ਨੂੰ ਲੈ ਕੇ ਇੱਕ ਬਹੁਤ ਹੀ ਤਿੱਖਾ ਅਤੇ ਵੱਡਾ ਬਿਆਨ ਦਿੱਤਾ ਹੈ। ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਜਾਖੜ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੱਟੜਵਾਦ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਕੱਟੜਵਾਦ ਅਤੇ ਅੱਤਵਾਦ ਦੇ ਕਾਲੇ ਦੌਰ ਦੇ ਬੁਰੇ ਨਤੀਜੇ ਭੁਗਤ ਚੁੱਕੇ ਹਨ।
ਸੁਨੀਲ ਜਾਖੜ ਨੇ “ਵਾਰਸ ਪੰਜਾਬ ਦੇ” ਜਥੇਬੰਦੀ ਅਤੇ ਇਸ ਦੇ ਮੁਖੀ MP ਅੰਮ੍ਰਿਤਪਾਲ ਸਿੰਘ ਉੱਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਜਥੇਬੰਦੀ ਦੀ ਮੂਲ ਵਿਚਾਰਧਾਰਾ ਪੂਰੀ ਤਰ੍ਹਾਂ ਖਾਲਿਸਤਾਨੀ ਹੈ। ਉਨ੍ਹਾਂ ਅਜਨਾਲਾ ਥਾਣੇ ‘ਤੇ ਹੋਏ ਹਮਲੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੱਟੜਵਾਦੀ ਵਿਚਾਰਧਾਰਾ ਤਹਿਤ ਪੁਲਿਸ ਥਾਣਿਆਂ ‘ਤੇ ਕਬਜ਼ੇ ਕੀਤੇ ਗਏ, ਉਹ ਬੇਹੱਦ ਚਿੰਤਾਜਨਕ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ‘ਚੋਂ ਛੁਡਵਾਉਣ ਲਈ ਪੂਰੇ ਥਾਣੇ ‘ਤੇ ਕਬਜ਼ਾ ਕੀਤਾ ਅਤੇ ਕਾਨੂੰਨ ਨੂੰ ਸ਼ਰੇਆਮ ਆਪਣੇ ਹੱਥਾਂ ਵਿੱਚ ਲਿਆ। ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਅਜਿਹੇ ਅੰਸਰਾਂ ਦੇ ਪੱਲੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ।
ਜਾਖੜ ਨੇ ਕਿਹਾ ਕਿ ਪਹਿਲਾਂ ਜਿਹੜੇ ਲੋਕ ਖੁੱਲ੍ਹੇਆਮ ਖਾਲਿਸਤਾਨ ਦੀ ਗੱਲ ਕਰਦੇ ਹੁੰਦੇ ਸੀ, ਅੱਜ-ਕੱਲ੍ਹ ਉਹ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕੁਝ ਸਿਆਸੀ ਅਤੇ ਕੱਟੜਪੰਥੀ ਧਿਰਾਂ, ਵੋਟਾਂ ਬਟੋਰਨ ਅਤੇ ਆਪਣੇ ਰਾਜਨੀਤਿਕ ਹਿੱਤ ਲਈ ਆਮ ਲੋਕਾਂ ਨੂੰ ਇਮੋਸ਼ਨਲ ਤੌਰ ‘ਤੇ ਬਲੈਕਮੇਲ ਕਰ ਰਹੀਆਂ ਹਨ। ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਦੇ ਅੰਦਰ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਦੁਬਾਰਾ ਅੱਗੇ ਲਿਆਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜੋ ਕਿ ਰਾਜ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਬੇਹੱਦ ਖ਼ਤਰਨਾਕ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ, ਵਿਕਾਸ ਅਤੇ ਭਾਈਚਾਰਕ ਸਾਂਝ ਚਾਹੁੰਦੇ ਹਨ। ਪੰਜਾਬ ਨੇ ਅਤੀਤ ਵਿੱਚ ਹਿੰਸਾ ਅਤੇ ਅਸ਼ਾਂਤੀ ਦਾ ਬਹੁਤ ਸੰਤਾਪ ਹੰਢਾਇਆ ਹੈ, ਇਸ ਲਈ ਹੁਣ ਸੂਬੇ ਨੂੰ ਦੁਬਾਰਾ ਉਸ ਕਾਲੇ ਦੌਰ ਵਿੱਚ ਧੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਾਖੜ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਗੁੰਡਾਗਰਦੀ ਜਾਂ ਕੱਟੜਵਾਦ ਨੂੰ ਬੜ੍ਹਾਵਾ ਦੇਣ ਵਾਲੇ ਅੰਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਇਮੋਸ਼ਨਲ ਬਲੈਕਮੇਲਿੰਗ ਕਰਨ ਵਾਲੀਆਂ ਸ਼ਕਤੀਆਂ ਤੋਂ ਸਚੇਤ ਰਹਿਣ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਬਣਾਏ ਰੱਖਣ ਵਿੱਚ ਯੋਗਦਾਨ ਪਾਉਣ।
















