ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨਾਲ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ
ਸੰਗਰੂਰ, 28 ਸਤੰਬਰ 2026- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨਾਲ ਗੁੰਡਾਗਰਦੀ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਮੰਚ ਅਤੇ ਸੰਗਰੂਰ ਜ਼ਿਲ੍ਹੇ ਦੀਆਂ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਸਾਂਝਾ ਵਫ਼ਦ ਐੱਸ.ਐੱਸ.ਪੀ. ਸੰਗਰੂਰ ਰਵਜੋਤ ਕੌਰ ਗਰੇਵਾਲ ਨੂੰ ਮਿਲਿਆ।
ਜਾਣਕਾਰੀ ਦਿੰਦਿਆਂ ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਬੀਤੀ 20 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਾਲੇ ਦਿਨ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਦੋ ਵਿਅਕਤੀਆਂ ਵੱਲੋਂ ਰਾਕੇਸ਼ ਕੁਮਾਰ ਨਾਲ ਸ਼ਹੀਦ ਊਧਮ ਸਿੰਘ ਸਬੰਧੀ ਉਹਨਾਂ ਦੀਆਂ ਲਿਖਤਾਂ ਨੂੰ ਲੈ ਕੇ ਗੱਲਬਾਤ ਕਰਨ ਦੀ ਆੜ ਵਿੱਚ ਬੁਲਾ ਕੇ ਬਦਤਮੀਜ਼ੀ ਕੀਤੀ ਗਈ। ਉਹਨਾਂ ਦੇ ਥੱਪੜ ਮਾਰਨ ਅਤੇ ਭਵਿੱਖ ਵਿੱਚ ਕੁੱਟ ਕੁਟਾਪਾ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਮੰਚ ਦੇ ਵਿੱਤ ਸਕੱਤਰ ਲਾਭ ਛਾਜਲਾ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਵਫ਼ਦ ਵੱਲੋਂ ਮੰਗ ਪੱਤਰ ਅਤੇ ਗੱਲਬਾਤ ਰਾਹੀਂ ਐੱਸ.ਐੱਸ.ਪੀ. ਨੂੰ ਦੱਸਿਆ ਗਿਆ ਕਿ ਰਾਕੇਸ਼ ਕੁਮਾਰ ਨੇ ਵੱਖ ਵੱਖ ਵਿਸ਼ਿਆਂ ‘ਤੇ 19 ਖੋਜੀ ਕਿਤਾਬਾਂ ਲਿਖੀਆਂ ਹਨ। ਉਹਨਾਂ ਦੀਆਂ ਪੁਸਤਕਾਂ ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਮਿਲੇ ਹਨ। ਇਹਨਾਂ ਨੂੰ ਬਾਬਾ ਫ਼ਰੀਦ ਇਮਾਨਦਾਰੀ ਪੁਰਸਕਾਰ ਦੇ ਨਾਲ ਨਾਲ ਪੰਜਾਬ ਦੀਆਂ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਇਤਿਹਾਸਕ ਖੋਜ ਕਰਨਾ ਅਤੇ ਪੁਸਤਕਾਂ ਲਿਖਣਾ ਪ੍ਰਗਟਾਵੇ ਦੀ ਅਜ਼ਾਦੀ ਦੇ ਮੁਢਲੇ ਸੰਵਿਧਾਨਕ ਅਧਿਕਾਰ ਦਾ ਹਿੱਸਾ ਹੈ। ਇਸ ਤਰ੍ਹਾਂ ਉਕਤ ਗੁੰਡਾ ਅਨਸਰਾਂ ਨੇ ਇਸ ਅਪਰਾਧਕ ਕਾਰਵਾਈ ਨਾਲ ਇਹਨਾਂ ਦੇ ਮੌਲਿਕ ਅਧਿਕਾਰ ਦਾ ਵੀ ਉਲੰਘਣ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਊਧਮ ਸਿੰਘ ਜਾਂ ਕਿਸੇ ਵੀ ਹੋਰ ਵਿਸ਼ੇ ਬਾਰੇ ਪ੍ਰਮਾਣਿਕ ਤੱਥ ਹਨ ਤਾਂ ਮੰਚ ਸਾਰਥਕ ਵਿਚਾਰ ਚਰਚਾ ਲਈ ਹਮੇਸ਼ਾ ਤਿਆਰ ਹੈ ਤੇ ਮੰਚ ਨੇ ਸਮੇਂ ਸਮੇਂ ‘ਤੇ ਅਜਿਹੇ ਪਲੇਟਫਾਰਮ ਮੁਹੱਈਆ ਕਰਵਾਏ ਹਨ ਪ੍ਰੰਤੂ ਉਕਤ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਫ਼ਦ ਨੇ ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ਼ ਫੌਰੀ ਤੌਰ ‘ਤੇ ਕਾਨੂੰਨ ਅਧੀਨ ਬਣਦੀ ਸਖ਼ਤ ਕਾਰਵਾਈ ਕਰਕੇ ਕਰੜਾ ਸਬਕ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਬੁੱਧੀਜੀਵੀ ਲੋਕ ਨਿੱਡਰ ਹੋ ਕੇ ਆਪਣਾ ਕੰਮ ਕਰ ਸਕਣ।
ਐੱਸ.ਐੱਸ.ਪੀ. ਨੇ ਭਰੋਸਾ ਦਿੱਤਾ ਕਿ ਜਲਦ ਹੀ ਉੱਚ ਪੱਧਰ ਦੇ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਫ਼ਦ ਵਿੱਚ ਉਕਤ ਤੋਂ ਇਲਾਵਾ ਬੀ.ਕੇ. ਯੂ. ਉਗਰਾਹਾਂ ਦੇ ਦਰਬਾਰਾ ਸਿੰਘ ਛਾਜਲਾ ਤੇ ਗੁਰਚਰਨ ਖੋਖਰ,ਪੀ.ਐੱਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਰਾਮਬੀਰ ਸਿੰਘ, ਡੀ.ਟੀ.ਐੱਫ. ਦੇ ਹਰਭਗਵਾਨ ਗੁਰਨੇ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਰਾਕੇਸ਼ ਕੁਮਾਰ,ਪਵਨ ਛਾਜਲਾ,ਰਾਮਪਾਲ ਸ਼ਰਮਾ,ਹਰਗੋਬਿੰਦ ਸ਼ੇਰਪੁਰ,ਜਗਦੇਵ ਵਰਮਾ,ਭੀਮ ਰਾਜ, ਨਿਰਭੈ ਸਿੰਘ ਤੇ ਸੁਖਜਿੰਦਰ ਸਿੰਘ ਸ਼ਾਮਿਲ ਸਨ।
















