ਸੋਸ਼ਲ ਮੀਡੀਆ ਸਟਾਰ ਨੇ ਕੀਤੀ ਖੁਦਕੁਸ਼ੀ; ਪੱਖੇ ਨਾਲ ਲਟਕਦੀ ਮਿਲੀ ਲਾਸ਼
ਮੱਧ ਪ੍ਰਦੇਸ਼ ਦੇ ਸਿੰਗਰੌਲੀ ਤੋਂ ਦਿਲ ਦਹਿਲਾਉਣ ਵਾਲੀ ਘਟਨਾ, ਪੰਜਾਬ ਦੇ ਨੌਜਵਾਨ ਨਾਲ ਫੋਨ ‘ਤੇ ਹੋਈ ਬਹਿਸ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ
ਸਿੰਗਰੌਲੀ, 28 ਸਤੰਬਰ 2026- ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਲੱਖਾਂ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ 30 ਸਾਲਾ ਮਸ਼ਹੂਰ ਇਨਫਲੂਐਂਸਰ ਅਤੇ ਬਿਊਟੀ ਕੁਈਨ ਨਿਧੀ ਤਿਵਾਰੀ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 16 ਲੱਖ ਤੋਂ ਵੱਧ ਫਾਲੋਅਰਜ਼ ਵਾਲੀ ਇਸ ਸੋਸ਼ਲ ਮੀਡੀਆ ਸਟਾਰ ਦੀ ਮੌਤ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਇੱਕ ਬਹੁਤ ਹੀ ਭਾਵੁਕ ਅਤੇ ਅਹਿਮ ਮੋੜ ਸਾਹਮਣੇ ਆਇਆ ਹੈ। ਆਪਣੇ ਘਰ ਵਿੱਚ ਫਾਹਾ ਲੈਣ ਤੋਂ ਕੁੱਝ ਸਮਾਂ ਪਹਿਲਾਂ ਨਿਧੀ ਦੁਆਰਾ ਲਗਾਇਆ ਗਿਆ ਵਟਸਐਪ ਸਟੇਟਸ (WhatsApp Status) ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਉਸ ਦੇ ਅੰਦਰ ਚੱਲ ਰਹੀ ਮਾਨਸਿਕ ਉਲਝਣ ਅਤੇ ਇਕੱਲੇਪਣ ਵੱਲ ਸਪੱਸ਼ਟ ਇਸ਼ਾਰਾ ਕਰ ਰਿਹਾ ਹੈ।
ਨਿਧੀ ਤਿਵਾਰੀ ਦੁਆਰਾ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਅੰਤਿਮ ਸਟੇਟਸ ਹੁਣ ਉਸ ਦੇ ਪ੍ਰਸ਼ੰਸਕਾਂ ਲਈ ਦੁਖਦਾਈ ਅਤੇ ਪੁਲਿਸ ਜਾਂਚ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਹਾ ਹੈ। ਇਸ ਵਾਇਰਲ ਪੋਸਟ ਵਿੱਚ ਨਿਧੀ ਨੇ ਲਿਖਿਆ ਸੀ, “ਇਸ ਅਧੂਰੇ ਦਿਲ ਕੋ ਕਿਸੇ ਨੇ ਪੂਰਾ ਨਹੀਂ ਕੀਆ, ਮੈਂਨੇ ਖੁਦ ਸੇ ਪੂਰਾ ਕਰ ਦੀਆ… ਇਸਲੀਏ ਕਹਾ ਜਾਤਾ ਹੈ ਖੁਦ ਸੇ ਪਿਆਰ ਕਰੋ, ਕਿਸੇ ਔਰ ਸੇ ਨਹੀਂ। ਖੁਦ ਮੇਂ ਖੁਦ ਕੋ ਤਲਾਸ਼ ਕਰੋ, ਕਿਸੇ ਔਰ ਮੇਂ ਆਖਿਰ ਕਬ ਤਕ ਤਲਾਸ਼ੋਗੇ ਖੁਦ ਕੋ…”। ਉਸ ਦੀਆਂ ਇਹ ਲਾਈਨਾਂ ਬਿਆਨ ਕਰਦੀਆਂ ਹਨ ਕਿ ਗਲੈਮਰ ਦੀ ਦੁਨੀਆ ਦੇ ਪਿੱਛੇ ਉਹ ਅੰਦਰੋਂ ਕਿਸ ਕਦਰ ਟੁੱਟ ਚੁੱਕੀ ਸੀ।

ਕਮਰੇ ਵਿੱਚੋਂ ਲਟਕਦੀ ਮਿਲੀ ਲਾਸ਼, ਪੰਜਾਬ ਦੇ ਨੌਜਵਾਨ ਨਾਲ ਹੋਈ ਸੀ ਤਕਰਾਰ
ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਲਗਭਗ 8:20 ਵਜੇ ਨਿਧੀ ਆਪਣੇ ਕਮਰੇ ਵਿੱਚ ਸੀ ਅਤੇ ਪੰਜਾਬ ਦੇ ਰਹਿਣ ਵਾਲੇ ਸੋਨੂ ਸਿੰਘ ਨਾਮਕ ਨੌਜਵਾਨ ਨਾਲ ਫੋਨ ‘ਤੇ ਗੱਲਬਾਤ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਦੇ ਦਾਅਵੇ ਮੁਤਾਬਕ, ਗੱਲਬਾਤ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਅਤੇ ਨਾਰਾਜ਼ਗੀ ਹੋ ਗਈ।
ਇਸ ਤਕਰਾਰ ਤੋਂ ਤੁਰੰਤ ਬਾਅਦ ਸੋਨੂ ਸਿੰਘ ਨੇ ਨਿਧੀ ਦੀ ਮਾਂ ਹੇਮਲਤਾ ਤਿਵਾਰੀ ਦੇ ਮੋਬਾਈਲ ‘ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਨਿਧੀ ਕਮਰੇ ਵਿੱਚ ਫਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸੁਣਦਿਆਂ ਹੀ ਨਿਧੀ ਦੀ ਮਾਂ ਅਤੇ ਭੈਣਾਂ ਤੁਰੰਤ ਉੱਪਰਲੇ ਕਮਰੇ ਵੱਲ ਭੱਜੀਆਂ, ਪਰ ਅੰਦਰੋਂ ਦੋਵੇਂ ਦਰਵਾਜ਼ੇ ਬੰਦ ਸਨ। ਘਬਰਾਹਟ ਵਿੱਚ ਪਰਿਵਾਰ ਨੇ ਆਪਣੇ ਜਵਾਈ ਨੀਲੇਸ਼ ਮਿਸ਼ਰਾ ਨੂੰ ਬੁਲਾਇਆ। ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਨਿਧੀ ਛੱਤ ਵਾਲੇ ਪੱਖੇ ਨਾਲ ਦੁਪੱਟੇ ਦੇ ਸਹਾਰੇ ਲਟਕ ਰਹੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
30 ਸਾਲਾ ਨਿਧੀ ਤਿਵਾਰੀ ਆਪਣੇ ਇਲਾਕੇ ਦਾ ਇੱਕ ਚਰਚਿਤ ਚਿਹਰਾ ਸੀ। ਇੰਸਟਾਗ੍ਰਾਮ ‘ਤੇ ਉਸ ਦੇ 7 ਲੱਖ ਅਤੇ ਫੇਸਬੁੱਕ ‘ਤੇ 9 ਲੱਖ ਤੋਂ ਵੱਧ ਫਾਲੋਅਰਜ਼ ਸਨ। ਉਹ ਸਥਾਨਕ ਸੱਭਿਆਚਾਰਕ ਮੰਚਾਂ ਦੀ ਸਟਾਰ ਹੋਣ ਦੇ ਨਾਲ-ਨਾਲ ਕਈ ਬਿਊਟੀ ਮੁਕਾਬਲਿਆਂ ਦੀ ਜੇਤੂ ਵੀ ਰਹਿ ਚੁੱਕੀ ਸੀ। ਮੋਰਵਾ ਥਾਣਾ ਇੰਚਾਰਜ ਡਾ. ਗਿਆਨੋਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਸਟੇਟਸ, ਕਾਲ ਰਿਕਾਰਡਸ ਅਤੇ ਸੋਨੂ ਸਿੰਘ ਨਾਲ ਹੋਈ ਗੱਲਬਾਤ ਦੇ ਆਧਾਰ ‘ਤੇ ਖੁਦਕੁਸ਼ੀ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।
















