ਬਹਿਰੀਨ ਵਾਲੀ ਬੀਬੀ ਮਾਮਲੇ ‘ਚ AAP ਦੇ ਗੰਭੀਰ ਦੋਸ਼! SGPC ਫੰਡਾਂ ਦੀ ਵਰਤੋਂ ਬਾਰੇ ਕੀਤੇ ਵੱਡੇ ਖ਼ੁਲਾਸੇ
ਚੰਡੀਗੜ੍ਹ / ਅੰਮ੍ਰਿਤਸਰ, 29 ਸਤੰਬਰ 2026- ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਲੀਡਰ ਅਤੇ ਬੁਲਾਰੇ ਬਲਤੇਜ ਪੰਨੂ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਉੱਤੇ ਬੇਹਦ ਗੰਭੀਰ ਇਲਜ਼ਾਮ ਲਗਾਏ ਹਨ। ਪੰਨੂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ਉੱਤੇ ਹੀ ‘ਬਹਿਰੀਨ ਵਾਲੀ ਬੀਬੀ’ ਨੂੰ ਪੰਜਾਬ ਲਿਆਂਦਾ ਗਿਆ ਸੀ ਅਤੇ ਉਸ ਨੂੰ ਐਸਜੀਪੀਸੀ ਦੇ ਸਾਧਨਾਂ ਰਾਹੀਂ ਸੁਖ-ਸਹੂਲਤਾਂ ਦਿੱਤੀਆਂ ਗਈਆਂ।
ਦੂਜੇ ਪਾਸੇ, ਇਸ ਮਾਮਲੇ ਨਾਲ ਜੁੜੀ ਇੱਕ ਹੋਰ ਵੱਡੀ ਗਤੀਵਿਧੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਬੁਲਾਰਾ ਰੂਪ ਕੌਰ ਸੰਧੂ ਨੂੰ ਇੱਕ ਫੇਸਬੁੱਕ ਪੋਸਟ ਤੋਂ ਬਾਅਦ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਦਸਤਾਵੇਜ਼ ਅਤੇ ਬੈਂਕ ਰਿਕਾਰਡ ਸਾਂਝੇ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਨੈਸ਼ਨਲ ਬੈਂਕ (PNB) ਦੇ ਇੱਕ ਖਾਤੇ ਤੋਂ ਬਹਿਰੀਨ ਵਾਲੀ ਬੀਬੀ ਦੇ ਖਾਤੇ ਵਿੱਚ 1 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਇਹ 1 ਲੱਖ ਰੁਪਿਆ ਸਿਰਫ਼ ਇੱਕ “ਟੋਕਨ ਮਨੀ” ਸੀ ਅਤੇ ਬਾਕੀ ਦਿੱਤੇ ਗਏ ਪੈਸੇ ਵੀ ਜਲਦ ਸਾਹਮਣੇ ਆਉਣਗੇ।
ਪੰਨੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ, ਬਹਿਰੀਨ ਵਾਲੀ ਬੀਬੀ ਨੂੰ ਐਸਜੀਪੀਸੀ ਦੀ ਗੱਡੀ ਅਤੇ ਡਰਾਈਵਰ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਤੇਲ ਵੀ ਐਸਜੀਪੀਸੀ ਦੇ ਖਾਤੇ ‘ਚੋਂ ਹੀ ਪਵਾਇਆ ਜਾਂਦਾ ਰਿਹਾ। ਉਕਤ ਔਰਤ ਪਿਛਲੇ 8 ਮਹੀਨਿਆਂ ਤੋਂ ਐਸਜੀਪੀਸੀ ਦੀ ਸਰਾਂ ਵਿੱਚ ਠਹਿਰੀ ਹੋਈ ਸੀ, ਪਰ ਕਿਸੇ ਨੇ ਵੀ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਿਆ। ਅਕਾਲੀ ਦਲ ਦੀਆਂ ਰੈਲੀਆਂ ਵਿੱਚ ਐਸਜੀਪੀਸੀ ਵੱਲੋਂ ਲੰਗਰ ਲਗਾਏ ਜਾਂਦੇ ਹਨ ਅਤੇ ਧਾਰਮਿਕ ਸੰਸਥਾ ਦਾ ਹਸ਼ਰ ਖ਼ਰਾਬ ਕਰ ਦਿੱਤਾ ਗਿਆ ਹੈ। ਐਸਜੀਪੀਸੀ ਉੱਤੇ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹੈ ਅਤੇ ਪ੍ਰਧਾਨ ਵੀ ਉਹੀ ਬਣਦਾ ਹੈ ਜੋ ਬਾਦਲ ਦਾ ਵਫ਼ਾਦਾਰ ਹੁੰਦਾ ਹੈ।
ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹਨਾਂ ਘਪਲਿਆਂ ਦੀ ਜਾਣਕਾਰੀ ਨਹੀਂ ਹੈ, ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੇ ਗਏ ਦੋ ਬੈਗ ਖੋਲ੍ਹ ਕੇ ਦੇਖਣ, ਜਿਨ੍ਹਾਂ ਵਿੱਚ ਇਹਨਾਂ ਗੜਬੜੀਆਂ ਬਾਰੇ ਪੂਰਾ ਵੇਰਵਾ ਸੀ। ਉਨ੍ਹਾਂ ਨੇ ਸੁਖਬੀਰ ਬਾਦਲ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਉਹ ਸੰਗਤ ਦੇ ਸਾਹਮਣੇ ਆ ਕੇ ਇਸ ਪੂਰੇ ਮਾਮਲੇ ਦਾ ਜਵਾਬ ਦੇਣ।
ਇਸ ਵਿਵਾਦ ਦਰਮਿਆਨ ਅਕਾਲੀ ਦਲ ਦੀ ਬੁਲਾਰਾ ਰੂਪ ਕੌਰ ਸੰਧੂ ਵੱਲੋਂ ਇੱਕ ਫੇਸਬੁੱਕ ਪੋਸਟ ਪਾਈ ਗਈ ਸੀ। ਆਪਣੀ ਪੋਸਟ ਵਿੱਚ ਰੂਪ ਕੌਰ ਨੇ ਦਾਅਵਾ ਕੀਤਾ ਸੀ ਕਿ ਕੁਝ ਪੀੜਤ ਮਹਿਲਾਵਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਕੋਲ ਨਿਹੰਗ ਸਿੰਘ ਦੇ ਬਾਣੇ ਵਿੱਚ ਘੁੰਮ ਰਹੇ ਵਿਅਕਤੀਆਂ ਅਤੇ ਰੋਪੜ ਨਾਲ ਸੰਬੰਧਿਤ ਕਈ ਪੰਥਕ ਆਗੂਆਂ ਦੇ ਖ਼ਿਲਾਫ਼ ਸਬੂਤ ਹਨ, ਜਿਨ੍ਹਾਂ ਨੂੰ ਉਹ ਜਲਦ ਹੀ ਜਥੇਦਾਰ ਸਾਹਿਬ ਅਤੇ ਡੀਜੀਪੀ ਸਾਹਮਣੇ ਬੇਨਕਾਬ ਕਰਨਗੇ। ਇਸ ਪੋਸਟ ਦੇ ਕੁਝ ਹੀ ਘੰਟਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ। ਇਸ ਪੂਰੇ ਮਸਲੇ ‘ਤੇ ਇਸਤਰੀ ਅਕਾਲੀ ਦਲ (ਅੰਮ੍ਰਿਤਸਰ) ਦੀ ਜ਼ਿਲ੍ਹਾ ਪ੍ਰਧਾਨ ਜਗਰੂਪ ਕੌਰ ਸੰਧੂ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਫੈਸਲੇ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, ਰੂਪ ਕੌਰ ਇੱਕ ਬਲੈਕਮੇਲਰ ਔਰਤ ਹੈ ਅਤੇ ਉਸ ਨੂੰ ਬਹੁਤ ਸਮਾਂ ਪਹਿਲਾਂ ਹੀ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ 3 ਸਾਲ ਪਹਿਲਾਂ ਹੀ ਪਾਰਟੀ ਹਾਈਕਮਾਨ ਨੂੰ ਰੂਪ ਕੌਰ ਬਾਰੇ ਜਾਣਕਾਰੀ ਦਿੱਤੀ ਸੀ, ਪਰ ਸੁਖਬੀਰ ਸਿੰਘ ਬਾਦਲ ਨੇ “ਦਿਲ ਦਰਿਆ” ਦਿਖਾਉਂਦੇ ਹੋਏ ਉਸ ਨੂੰ ਸੁਧਰਨ ਦੇ ਕਈ ਮੌਕੇ ਦਿੱਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਇਸ ਮਾਮਲੇ ‘ਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਜਾਂਚ ਕਰ ਰਹੀ ਹੈ। ਜਗਰੂਪ ਕੌਰ ਨੇ ਕਿਹਾ ਕਿ ਜੇਕਰ ਰੂਪ ਕੌਰ ਕੋਲ ਕੋਈ ਸਬੂਤ ਹਨ ਤਾਂ ਉਹ ਸਾਹਮਣੇ ਲਿਆਵੇ, ਪਾਰਟੀ ਕੋਲ ਵੀ ਉਸ ਦੀਆਂ ਕਰਤੂਤਾਂ ਦੇ ਬਹੁਤ ਸਾਰੇ ਸਬੂਤ ਅਤੇ ਵੀਡੀਓਜ਼ ਮੌਜੂਦ ਹਨ ਜਿਨ੍ਹਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ।
‘ਆਪ’ ਦੇ ਗੰਭੀਰ ਇਲਜ਼ਾਮਾਂ ਅਤੇ ਅਕਾਲੀ ਦਲ ਵੱਲੋਂ ਆਪਣੇ ਹੀ ਆਗੂ ‘ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਪੰਥਕ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਜਾਂ ਐਸਜੀਪੀਸੀ ਵੱਲੋਂ ਇਹਨਾਂ ਇਲਜ਼ਾਮਾਂ ‘ਤੇ ਕੀ ਅਧਿਕਾਰਤ ਸਪੱਸ਼ਟੀਕਰਨ ਆਉਂਦਾ ਹੈ।
















