ਵੱਡੀ ਖ਼ਬਰ: ਕਰੋੜੀ ਡਰੱਗ ਮਾਮਲੇ ‘ਚ SIT ਵੱਲੋਂ ਬਿਕਰਮ ਮਜੀਠੀਆ ਨੂੰ ਸੰਮਨ ਜਾਰੀ, 5 ਅਕਤੂਬਰ ਨੂੰ ਹੋਵੇਗੀ ਸਖ਼ਤੀ ਨਾਲ ਪੁੱਛਗਿੱਛ
ਡਰੱਗ ਕੇਸ ‘ਚ ਵੱਡੀ ਕਾਰਵਾਈ: ਮਜੀਠੀਆ ਅਤੇ ਜਗਦੀਸ਼ ਭੋਲਾ ਦਾ ਹੋ ਸਕਦਾ ਹੈ ਆਹਮੋ-ਸਾਹਮਣਾ, SIT ਨੇ ਕੀਤਾ ਤਲਬ
ਮਜੀਠੀਆ ਨੂੰ SIT ਦੇ ਸੰਮਣ ‘ਤੇ ਸਿਆਸਤ ਗਰਮਾਈ: ਅਕਾਲੀ ਦਲ ਨੇ ਦੱਸਿਆ ‘ਬਦਲਾਖੋਰੀ’, ਆਪ ਬੋਲੀ- ‘ਕਾਨੂੰਨ ਕਰ ਰਿਹਾ ਆਪਣਾ ਕੰਮ’
ਚੰਡੀਗੜ੍ਹ, 30 ਸਤੰਬਰ 2026- ਪੰਜਾਬ ਦੇ ਚਰਚਿਤ ਅਤੇ ਬਹੁ-ਕਰੋੜੀ ਡਰੱਗਜ਼ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਇੱਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਗਈ ਹੈ। SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਸੰਮਣ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਮਜੀਠੀਆ ਨੂੰ 5 ਅਕਤੂਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ।
ਇਸ ਮਾਮਲੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ SIT ਨੇ ਬਰਖਾਸਤ ਪੁਲਿਸ ਡੀ.ਐੱਸ.ਪੀ. ਅਤੇ ਡਰੱਗ ਮਾਮਲੇ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ (5 ਅਕਤੂਬਰ) ਹੀ ਪੁੱਛਗਿੱਛ ਲਈ ਤਲਬ ਕੀਤਾ ਹੈ। ਸੂਤਰਾਂ ਅਨੁਸਾਰ ਜਾਂਚ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਸਕਦਾ ਹੈ ਜਦੋਂ SIT ਬਿਕਰਮ ਸਿੰਘ ਮਜੀਠੀਆ ਅਤੇ ਜਗਦੀਸ਼ ਭੋਲਾ ਨੂੰ ਇੱਕੋ ਸਮੇਂ ਤਿੱਖੇ ਸਵਾਲ-ਜਵਾਬ ਕਰੇਗੀ।
ਮਜੀਠੀਆ ਨੂੰ ਜਾਰੀ ਸੰਮਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਇੱਕ ਵਾਰ ਫਿਰ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ।
ਅਕਾਲੀ ਬੁਲਾਰੇ ਨੇ ਦਾਅਵਾ ਕੀਤਾ ਕਿ AAP ਸਰਕਾਰ ਪਹਿਲਾਂ ਵੀ ਸੁਪਰੀਮ ਕੋਰਟ ਵਿੱਚ ਨਵੇਂ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ, ਜਿੱਥੇ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ ਸੀ। ਹੁਣ ਚੋਣਾਂ ਨੇੜੇ ਦੇਖ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਮੁੜ ਸੰਮਨ ਦਾ ਡਰਾਮਾ ਰਚਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਅਤੇ ਅਫ਼ਸਰਸ਼ਾਹੀ ਦੀ ਹੋ ਰਹੀ ਦੁਰਵਰਤੋਂ ਨੂੰ ਲਗਾਤਾਰ ਜਨਤਾ ਸਾਹਮਣੇ ਐਕਸਪੋਜ਼ ਕਰ ਰਹੇ ਹਨ। ਅਕਾਲੀ ਦਲ ਅਜਿਹੇ ਫ਼ੋਕੇ ਸੰਮਣਾਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਕਾਨੂੰਨੀ ਤੇ ਸਿਆਸੀ ਮੈਦਾਨ ਵਿੱਚ ਡਟ ਕੇ ਮੁਕਾਬਲਾ ਕਰੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਸ ਕਾਰਵਾਈ ਵਿੱਚ ਕੋਈ ਬਦਲਾਖੋਰੀ ਨਹੀਂ ਹੈ। ‘ਆਪ’ ਬੁਲਾਰੇ ਅਨੁਸਾਰ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਈ ਹੋਈ ਹੈ ਅਤੇ SIT ਬਿਨਾਂ ਕਿਸੇ ਸਿਆਸੀ ਦਖਲਅੰਦਾਜ਼ੀ ਦੇ ਨਿਯਮਾਂ ਅਨੁਸਾਰ ਕੰਮ ਕਰ ਰਹੀ ਹੈ।
ਪਾਰਟੀ ਨੇ ਤਰਕ ਦਿੱਤਾ ਕਿ ਜਦੋਂ ਜਗਦੀਸ਼ ਭੋਲਾ ਫੜਿਆ ਗਿਆ ਸੀ, ਉਸ ਵੇਲੇ ਉਸ ਨੇ ਖੁੱਲ੍ਹ ਕੇ ਮਜੀਠੀਆ ਦਾ ਨਾਮ ਲਿਆ ਸੀ। ਪਿਛਲੀਆਂ ਸਰਕਾਰਾਂ ਦੌਰਾਨ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ, ਪਰ ਹੁਣ SIT ਡਰੱਗਜ਼ ਦੇ ਪੂਰੇ ਨੈੱਟਵਰਕ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ‘ਆਪ’ ਆਗੂ ਨੇ ਅਕਾਲੀ ਦਲ ਨੂੰ ਸਲਾਹ ਦਿੱਤੀ ਕਿ ਹੋ-ਹੱਲਾ ਮਚਾਉਣ ਦੀ ਬਜਾਏ ਮਜੀਠੀਆ SIT ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ।















