Join WhatsApp

Join Now

PSEB ਦਾ ਵਿਦਿਆਰਥੀਆਂ ਦੇ ਹੱਕ ‘ਚ ਵੱਡਾ ਫ਼ੈਸਲਾ

On: ਅਕਤੂਬਰ 1, 2026 7:54 ਬਾਃ ਦੁਃ

 

ਸਰਕਾਰੀ ਸੇਵਾਵਾਂ ਨੂੰ ਹੋਰ ਪਾਰਦਰਸ਼ੀ ਅਤੇ ਸਮਾਂਬੱਧ ਬਣਾਉਣ ਵੱਲ PSEB ਦਾ ਅਹਿਮ ਕਦਮ, ਸਰਟੀਫਿਕੇਟ ਸੋਧ ਲਈ ਘਰ ਬੈਠੇ ਆਨਲਾਈਨ ਸਹੂਲਤ

PSEB ਵੱਲੋਂ ਸਰਟੀਫਿਕੇਟ ਸੋਧ ਸੇਵਾ ਡਿਜੀਟਲ, ਬਿਨੈਕਾਰਾਂ ਨੂੰ ਦਫ਼ਤਰਾਂ ਦੇ ਚੱਕਰਾਂ ਤੋਂ ਮਿਲੇਗੀ ਰਾਹਤ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਵਿੱਚ ਵੇਰਵਿਆਂ ਦੀ ਸੋਧ ਲਈ ਆਨਲਾਈਨ ਸੇਵਾ ਦੀ ਸ਼ੁਰੂਆਤ

ਹੁਣ ਘਰ ਬੈਠੇ ਹੋਵੇਗੀ PSEB ਸਰਟੀਫਿਕੇਟਾਂ ਵਿੱਚ ਨਾਮ, ਜਨਮ ਮਿਤੀ ਤੇ ਹੋਰ ਵੇਰਵਿਆਂ ਦੀ ਸੋਧ

ਸਰਟੀਫਿਕੇਟ ਸੋਧ ਸੇਵਾ ਹੋਈ ਡਿਜੀਟਲ: 45 ਦਿਨਾਂ ਦੀ ਪ੍ਰਕਿਰਿਆ ਹੁਣ 21 ਦਿਨਾਂ ਵਿੱਚ ਪੂਰੀ ਕਰਨ ਦਾ ਟੀਚਾ

Punjab Network 

ਐਸ.ਏ.ਐਸ. ਨਗਰ, 01 ਅਕਤੂਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਸਰਟੀਫਿਕੇਟ ਸਬੰਧੀ ਸੇਵਾਵਾਂ ਨੁੰ ਹੋਰ ਸੁਖਾਲਾ, ਪਾਰਦਰਸ਼ੀ ਅਤੇ ਬਿਨੈਕਾਰ-ਪੱਖੀ ਬਨਾਉਣ ਲਈ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਸਬੰਧੀ ਆਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਪਹਿਲਕਦਮੀ ਤਹਿਤ ਬਿਨੈਕਾਰ ਹੁਣ ਘਰ ਬੈਠੇ ਹੀ ਸਰਟੀਫਿਕੇਟ ਵਿੱਚ ਦਰਜ ਨਾਮ, ਪਿਤਾ/ਮਾਤਾ ਦਾ ਨਾਮ, ਜਨਮ ਮਿਤੀ ਆਦਿ ਵਿੱਚ ਸੋਧ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਣਗੇ।

ਪਹਿਲਾਂ ਸਰਟੀਫਿਕੇਟ ਵਿੱਚ ਦਰਜ ਵੇਰਵਿਆਂ ਵਿੱਚ ਸੋਧ ਕਰਵਾਉਣ ਲਈ ਬਿਨੈਕਾਰਾਂ ਨੂੰ ਲੋੜੀਂਦੇ ਸਹਾਇਕ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਅਤੇ ਕੇਸ ਜਮ੍ਹਾਂ ਕਰਵਾਉਣ ਲਈ ਬੋਰਡ ਦੇ ਖੇਤਰੀ ਦਫਤਰਾਂ ਜਾਂ ਮੁੱਖ ਦਫਤਰ ਵਿਖੇ ਨਿੱਜੀ ਤੌਰ ’ਤੇ ਪਹੁੰਚ ਕਰਨੀ ਪੈਂਦੀ ਸੀ। ਇਸ ਤੋਂ ਇਲਾਵਾ ਆਪਣੇ ਕੇਸ ਦੀ ਪ੍ਰਗਤੀ ਜਾਂ ਸਥਿਤੀ ਜਾਣਨ ਲਈ ਵੀ ਬਿਨੈਕਾਰਾਂ ਨੂੰ ਵਾਰ-ਵਾਰ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਇਸ ਕਾਰਨ ਬਿਨੈਕਾਰਾਂ ਦਾ ਸਮਾਂ ਅਤੇ ਆਵਾਜਾਈ ਦਾ ਖਰਚ ਵੀ ਹੁੰਦਾ ਸੀ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਡਾ. ਅਮਰਪਾਲ ਸਿੰਘ (IAS Retd.) ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਉਣ ਲਈ ਲਾਗੂ Punjab Transparency and Accountability in Delivery of Public Services Act ਅਧੀਨ ਬੋਰਡ ਵੱਲੋਂ ਸਰਟੀਫਿਕੇਟ ਵਿੱਚ ਸੋਧਾਂ ਸਬੰਧੀ ਸੇਵਾਵਾਂ ਨੂੰ ਡਿਜੀਟਲ ਕਰਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਨਿਰਧਾਰਤ ਪ੍ਰਕਿਰਿਆ ਅਧੀਨ ਅਜਿਹੇ ਕੇਸਾਂ ਨੂੰ ਨਿਪਟਾਉਣ ਲਈ 45 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਸੀ, ਹੁਣ 21 ਦਿਨਾਂ ਦੇ ਅੰਦਰ ਸੋਧ ਉਪਰੰਤ ਸਰਟੀਫਿਕੇਟ ੳਮੀਦਵਾਰ ਨੂੰ ਮਿਲ ਜਾਵੇਗਾ।

ਇਸ ਸਬੰਧੀ ਬੋਰਡ ਵੱਲੋਂ certificate.pseb.ac.in ਨਾਂ ਦਾ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਹਰੇਕ ਸੇਵਾ ਲਈ ਲੋੜੀਂਦੇ ਦਸਤਾਵੇਜ਼ਾਂ, ਸ਼ਰਤਾਂ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਉਪਲਬਧ ਕਰਵਾਈਆਂ ਗਈਆਂ ਹਨ। ਬਿਨੈਕਾਰ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਮਿਲ ਜਾਵੇਗੀ, ਜਿਸ ਨਾਲ ਅਧੂਰੀਆਂ ਅਰਜ਼ੀਆਂ ਅਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਨਵੇਂ ਪੋਰਟਲ ਰਾਹੀਂ ਬਿਨੈਕਾਰ ਨੂੰ ਸੇਵਾ ਪ੍ਰਾਪਤ ਕਰਨ ਲਈ ਬੋਰਡ ਦੇ ਦਫਤਰ ਆਉਣ ਦੀ ਲੋੜ ਨਹੀਂ ਰਹੇਗੀ। ਬਿਨੈਕਾਰ ਘਰ ਬੈਠੇ ਪੋਰਟਲ ’ਤੇ ਆਪਣੀ ਅਰਜ਼ੀ ਭਰ ਕੇ ਲੋੜੀਂਦੇ ਸਹਾਇਕ ਦਸਤਾਵੇਜ਼ ਅਪਲੋਡ ਕਰ ਸਕੇਗਾ ਅਤੇ ਆਨਲਾਈਨ ਫੀਸ ਵੀ ਜਮ੍ਹਾਂ ਕਰਵਾ ਸਕੇਗਾ। ਇਸ ਨਵੀਂ ਪ੍ਰਣਾਲੀ ਰਾਹੀਂ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਲੈ ਕੇ ਕੇਸ ਦੀ ਸਥਿਤੀ ਜਾਣਨ ਤੱਕ ਦੀ ਸੇਵਾ ਘਰ ਬੈਠੇ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਬਿਨੈਕਾਰ ਨੂੰ ਆਪਣੇ ਕੇਸ ਦੀ ਸਥਿੱਤੀ ਸਬੰਧੀ ਜਾਣਕਾਰੀ ਲਈ ਬੋਰਡ ਦੇ ਦਫਤਰਾਂ ਵਿੱਚ ਨਿੱਜੀ ਤੌਰ ’ਤੇ ਪਹੁੰਚ ਕਰਨ ਦੀ ਲੋੜ ਨਹੀਂ ਰਹੇਗੀ।

ਆਨਲਾਈਨ ਪ੍ਰਣਾਲੀ ਨਾਲ ਸਰਟੀਫਿਕੇਟ ਸੋਧ ਸਬੰਧੀ ਕੇਸਾਂ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਨਿਸ਼ਚਿਤ ਹੋਵੇਗੀ। ਬਿਨੈਕਾਰ ਨੂੰ ਇਸ ਨਾਲ ਅਣਅਧਿਕਾਰਤ ਵਿਚੋਲਿਆਂ ਜਾਂ ਏਜੰਟਾਂ ਦੇ ਚੁੰਗਲ ਵਿੱਚ ਫਸਣਾ ਨਹੀਂ ਪਵੇਗਾ। PSEB ਵੱਲੋਂ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਟੀਫਿਕੇਟ ਸਬੰਧੀ ਸੋਧ ਜਾਂ ਹੋਰ ਉਪਲਬਧ ਸੇਵਾਵਾਂ ਲਈ ਸਿਰਫ਼ ਅਧਿਕਾਰਤ ਆਨਲਾਈਨ ਪੋਰਟਲ ਦੀ ਵਰਤੋਂ ਹੀ ਕੀਤੀ ਜਾਵੇ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਹ ਪਹਿਲ ਨਾਗਰਿਕ-ਕੇਂਦਰਿਤ ਡਿਜੀਟਲ ਸੇਵਾਵਾਂ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਨਾਲ ਸਰਟੀਫਿਕੇਟ ਸਬੰਧੀ ਸੇਵਾਵਾਂ ਨੂੰ ਹੋਰ ਸਰਲ, ਸੁਵਿਧਾਜਨਕ, ਸਮਾਂਬੱਧ ਅਤੇ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਬਿਨੈਕਾਰਾਂ ਨੂੰ ਘਰ ਬੈਠੇ ਸੇਵਾ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ।

 

Leave a Comment