Punjab News: ਸਰਵ ਆਂਗਣਵਾੜੀ ਯੂਨੀਅਨ ‘ਚ 50 ਵਰਕਰਾਂ ਅਤੇ ਹੈਲਪਰਾਂ ਨੇ ਕੀਤੀ ਸ਼ਮੂਲੀਅਤ
Punjab News: ਮਲੇਰਕੋਟਲਾ, 3 ਅਕਤੂਬਰ 2026- ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਜ਼ਿਲ੍ਹਾ ਮਲੇਰਕੋਟਲਾ, ਬਲਾਕ ਮਲੇਰਕੋਟਲਾ-1 ਵਿਖੇ ਪਹੁੰਚ ਕੇ ਕੀਤੀ। ਬਲਾਕ ਪ੍ਰਧਾਨ ਹਰਪਾਲਜੀਤ ਕੌਰ ਅਤੇ ਗੁਰਦੀਪ ਕੌਰ ਦੀ ਅਗਵਾਈ ਵਿੱਚ ਉੱਪਲ ਖੇੜੀ ਅਤੇ ਦੁੱਗਣੀ ਸਰਕਲ ਦੇ ਲਗਭਗ 50 ਵਰਕਰ ਹੈਲਪਰ ਯੂਨੀਅਨ ਵਿੱਚ ਸ਼ਾਮਲ ਹੋਏ। ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕਰਕੇ ਸਰਵ ਆਂਗਣਵਾੜੀ ਯੂਨੀਅਨ ਦਾ ਪੱਲਾ ਫੜਿਆ ਅਤੇ ਮੈਡਮ ਛੀਨਾ ਦੀ ਦੂਰਦਰਸ਼ੀ ਸੋਚ ਤੇ ਭਰੋਸਾ ਪ੍ਰਗਟ ਕੀਤਾ। ਮੈਡਮ ਛੀਨਾ ਨੇ ਮੈਂਬਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਪੰਜਾਬ ਪ੍ਰਧਾਨ ਮੈਡਮ ਛੀਨਾ ਨੇ ਦੱਸਿਆ ਕਿ 2026 ਵਿੱਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਅਖੀਰਲਾ ਸਾਲ ਹੈ; ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ। ਅਸੀਂ ਸਰਕਾਰ ਕੋਲੋਂ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਘੱਟੋ-ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਦੀ ਮੰਗ ਕਰਦੇ ਹਾਂ।
ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਜਥੇਬੰਦੀ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਜੇਕਰ ਸਰਕਾਰ ਨੇ ਉਪਰੋਕਤ ਮਸਲਿਆਂ ਉੱਪਰ ਆਪਣਾ ਯੋਗ ਫੈਸਲਾ ਨਾ ਦਿੱਤਾ ਤਾਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਜਥੇਬੰਦੀ ਹਮੇਸ਼ਾ ਤਿਆਰ ਰਹੇਗੀ ਅਤੇ 18 ਅਕਤੂਬਰ ਨੂੰ ਅਣਮਿਥੇ ਸਮੇਂ ਲਈ ਸੰਗਰੂਰ ਵਿਖੇ ਧਰਨਾ ਲਗਾਇਆ ਜਾਵੇਗਾ ਅਤੇ ਵਿਸ਼ਾਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।





















