Jantar Mantar Protest! ਹਾਲ-ਏ-ਦਿੱਲੀ ਪੁਲਿਸ; 3 ਮਹਿਲਾ ਪੱਤਰਕਾਰਾਂ ਨੇ ਪੁਲਿਸ ‘ਤੇ ਲਾਏ ਜਿਨਸੀ ਸ਼ੋਸ਼ਣ ਅਤੇ ਬਦਸਲੂਕੀ ਦੇ ਦੋਸ਼
ਜੰਤਰ-ਮੰਤਰ ਪ੍ਰਦਰਸ਼ਨ ਕਵਰੇਜ ਦੌਰਾਨ ਮਹਿਲਾ ਪੱਤਰਕਾਰਾਂ ਨਾਲ ਧੱਕਾਮੁੱਕੀ ਅਤੇ ਸ਼ੋਸ਼ਣ ਦਾ ਮਾਮਲਾ ਆਇਆ ਸਾਹਮਣੇ- ਦਿੱਲੀ ਦੇ ਜੰਤਰ-ਮੰਤਰ ‘ਤੇ ਮਹਿਲਾ ਪੱਤਰਕਾਰਾਂ ਨਾਲ ਬਦਸਲੂਕੀ ਦੇ ਦੋਸ਼, ਦਿੱਲੀ ਪੁਲਿਸ ਨੇ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ
ਨਵੀਂ ਦਿੱਲੀ, 4 ਅਕਤੂਬਰ 2026- ਦੇਸ਼ ਦੀ ਰਾਜਧਾਨੀ ਦਿੱਲੀ ਦੇ ਇਤਿਹਾਸਕ ਜੰਤਰ-ਮੰਤਰ (Jantar Mantar Protest) ਵਿਖੇ 3 ਅਕਤੂਬਰ 2026 ਨੂੰ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ‘ਤੇ ਬਹੁਤ ਹੀ ਗੰਭੀਰ ਦੋਸ਼ ਲੱਗੇ ਹਨ। ਪ੍ਰਦਰਸ਼ਨ ਦੀ ਕਵਰੇਜ ਕਰਨ ਗਈਆਂ 3 ਮਹਿਲਾ ਪੱਤਰਕਾਰਾਂ ਨੇ ਪੁਲਿਸ ਵਾਲਿਆਂ ‘ਤੇ ਜਿਨਸੀ ਸ਼ੋਸ਼ਣ ਅਤੇ ਬਦਸਲੂਕੀ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਸੰਬੰਧੀ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਨੇ ਇਹ ਪੂਰਾ ਕੇਸ ਕ੍ਰਾਈਮ ਬ੍ਰਾਂਚ (Crime Branch) ਹਵਾਲੇ ਕਰ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਸੀ.ਪੀ. (DCP) ਨੇਹਾ ਯਾਦਵ ਨੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕੇਸ ਦੀ ਜਾਂਚ ਹੁਣ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਨਵੀਂ ਦਿੱਲੀ ਖੇਤਰ ਵਿੱਚ ਧਾਰਾ 163 BNSS (ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ) ਲਾਗੂ ਸੀ। ਇਸ ਦੇ ਬਾਵਜੂਦ ‘ਆਇਸਾ’ (AISA) ਅਤੇ ਹੋਰ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸੰਗਠਨਾਂ ਵੱਲੋਂ 3 ਅਕਤੂਬਰ ਨੂੰ SIR ਦੇ ਵਿਰੋਧ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ।
ਡੀ.ਸੀ.ਪੀ. ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਬਾਰ-ਬਾਰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਉੱਥੋਂ ਚਲੇ ਜਾਣ ਕਿਉਂਕਿ ਧਾਰਾ 163 ਲਾਗੂ ਹੋਣ ਕਰਕੇ ਇਕੱਠ ਕਰਨ ਦੀ ਮਨਾਹੀ ਸੀ। ਪੁਲਿਸ ਅਧਿਕਾਰੀਆਂ ਅਨੁਸਾਰ, ਵਾਰ-ਵਾਰ ਦਿੱਤੀਆਂ ਗਈਆਂ ਚੇਤਾਵਨੀਆਂ ਦੇ ਬਾਵਜੂਦ ਜਦੋਂ ਪ੍ਰਦਰਸ਼ਨਕਾਰੀ ਮੌਕੇ ਤੋਂ ਨਹੀਂ ਹਟੇ, ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ।
ਸ਼ਾਮ ਲਗਭਗ 6 ਵਜੇ ਦੇ ਕਰੀਬ 3 ਔਰਤਾਂ ਨੇ ਖੁਦ ਨੂੰ ਪੱਤਰਕਾਰ ਦੱਸਦਿਆਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਈ। ਉਹਨਾਂ ਦੋਸ਼ ਲਗਾਇਆ ਕਿ ਹਿਰਾਸਤ ਦੀ ਪ੍ਰਕਿਰਿਆ ਦੌਰਾਨ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਬਹਾਨੇ ਨਾਲ ਬਦਸਲੂਕੀ ਅਤੇ ਜਿਨਸੀ ਸ਼ੋਸ਼ਣ ਕੀਤਾ ਹੈ। ਪੁਲਿਸ ਨੇ ਸ਼ਿਕਾਇਤਾਂ ਦਰਜ ਕਰਨ ਤੋਂ ਬਾਅਦ ਤੁਰੰਤ ਤਿੰਨਾਂ ਮਹਿਲਾ ਪੱਤਰਕਾਰਾਂ ਦਾ ਮੈਡੀਕਲ ਜਾਂਚ ਕਰਵਾਇਆ ਅਤੇ ਮਾਮਲੇ ਦੀਆਂ ਫਾਈਲਾਂ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤੀਆਂ।
ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਤਿੰਨਾਂ ਸ਼ਿਕਾਇਤਕਰਤਾਵਾਂ ਦੇ ਬਿਆਨ, ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਹੋਰ ਚਸ਼ਮਦੀਦਾਂ ਦੇ ਬਿਆਨ ਦਰਜ ਕਰੇਗੀ। ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਇੱਕ ਮਹਿਲਾ ਪੱਤਰਕਾਰ ਨੇ ਪੂਰੀ ਘਟਨਾ ਦਾ ਵੇਰਵਾ ਸਾਂਝਾ ਕੀਤਾ ਹੈ। ਉਸਨੇ ਦੱਸਿਆ ਕਿ ਉਹ ਜੰਤਰ-ਮੰਤਰ ‘ਤੇ ਹੋ ਰਹੇ ਪ੍ਰਦਰਸ਼ਨ ਦੀ ਕਵਰੇਜ ਲਈ ਗਈ ਸੀ। ਕਵਰੇਜ ਦੌਰਾਨ ਜਦੋਂ ਪੁਲਿਸ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਰਹੇ ਸਨ, ਤਾਂ ਮੌਕੇ ‘ਤੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਫੜਨ ਲਈ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਨਹੀਂ ਸਨ।
ਮਹਿਲਾ ਪੱਤਰਕਾਰ ਅਨੁਸਾਰ, ਜਦੋਂ ਉਸਨੇ ਉੱਥੇ ਤਾਇਨਾਤ ਏ.ਸੀ.ਪੀ. (ACP) ਵਿਵੇਕ ਭਗਤ ਤੋਂ ਪੁੱਛਿਆ ਕਿ ਮੌਕੇ ‘ਤੇ ਮਹਿਲਾ ਪੁਲਿਸ ਕਿਉਂ ਨਹੀਂ ਹੈ, ਤਾਂ ਗੱਲਬਾਤ ਦੌਰਾਨ ਉਸ ਨਾਲ ਬਦਸਲੂਕੀ ਕੀਤੀ ਗਈ। ਪੱਤਰਕਾਰ ਦਾ ਦੋਸ਼ ਹੈ ਕਿ ਏ.ਸੀ.ਪੀ. ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਉਸਨੂੰ ਧੱਕਾ ਦੇ ਕੇ ਪਿੱਛੇ ਧੱਕ ਦਿੱਤਾ। ਪੱਤਰਕਾਰਾਂ ਦਾ ਕਹਿਣਾ ਹੈ ਕਿ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਾਰਨ ਉਹਨਾਂ ਵਿੱਚ ਭਾਰੀ ਰੋਸ ਹੈ।















