Join WhatsApp

Join Now

ਵੱਡੀ ਖ਼ਬਰ: ਸਿੱਖਿਆ ਕ੍ਰਾਂਤੀ ਅਤੇ ਅਧਿਆਪਕਾਂ ਦੀ ਕਮੀ ਬਾਰੇ ਸਵਾਲ ਚੁੱਕਣ ਵਾਲਾ AAP ਵਿਧਾਇਕ ਸੁਖਵੀਰ ਮੈਸਰਖਾਨਾ ਨੂੰ ਪਾਰਟੀ ‘ਚੋਂ ਕੱਢਿਆ!

On: October 3, 2026 7:43 PM

 

AAP Action: ਸਿੱਖਿਆ ਕ੍ਰਾਂਤੀ ਅਤੇ ਅਧਿਆਪਕਾਂ ਦੀ ਕਮੀ ਬਾਰੇ ਸਵਾਲ ਕਰਨ ਵਾਲਾ AAP ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਪਾਰਟੀ ‘ਚੋਂ ਕੱਢਿਆ!

‘ਆਪ’ ਦੀ ਵੱਡੀ ਕਾਰਵਾਈ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਵਿਧਾਇਕ ਮੈਸਰਖਾਨਾ ਮੁਅੱਤਲ- ਮੌੜ ਹਲਕੇ ਦੇ ਵਿਧਾਇਕ ਸੁਖਵੀਰ ਮੈਸਰਖਾਨਾ ‘ਤੇ ਡਿੱਗੀ ਗਾਜ, ਪਾਰਟੀ ਤੋਂ ਕੀਤੇ ਗਏ ਬਾਹਰ

ਚੰਡੀਗੜ੍ਹ, 3 ਅਕਤੂਬਰ 2026- ਪੰਜਾਬ ਦੀ ਰਾਜਨੀਤੀ ਵਿੱਚੋਂ ਅੱਜ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਮ ਆਦਮੀ ਪਾਰਟੀ (AAP) ਨੇ ਪਾਰਟੀ ਦੇ ਅਨੁਸ਼ਾਸਨ ਨੂੰ ਬਣਾਏ ਰੱਖਣ ਲਈ ਇੱਕ ਸਖ਼ਤ ਕਦਮ ਚੁੱਕਿਆ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਮੌੜ ਵਿਧਾਨ ਸਭਾ ਹਲਕੇ ਤੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ।

ਦੱਸ ਦਈਏ ਕਿ ਅੱਜ ਹੀ ਦੁਪਹਿਰੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੇ ਲਾਈਵ ਹੋ ਕੇ ਸਿੱਖਿਆ ਕ੍ਰਾਂਤੀ ਬਾਰੇ ਸਵਾਲ ਚੁੱਕੇ ਸਨ ਅਤੇ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਿਆ ਸੀ। ਉਸ ਤੋਂ ਬਾਅਦ AAP ਨੇ ਉਕਤ ਵਿਧਾਇਕ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਉੱਚ ਆਗੂਆਂ ਅਤੇ ਅਨੁਸ਼ਾਸਨੀ ਕਮੇਟੀ ਵਲੋਂ ਸੁਖਵੀਰ ਸਿੰਘ ਮੈਸਰਖਾਨਾ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਆਗੂ ਜਾਂ ਵਿਧਾਇਕ ਵਲੋਂ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਜਾਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਉਹ ਕਿੰਨਾ ਵੀ ਸੀਨੀਅਰ ਕਿਉਂ ਨਾ ਹੋਵੇ। ਇਸੇ ਅਧਾਰ ‘ਤੇ ਹੀ ਮੈਸਰਖਾਨਾ ਖ਼ਿਲਾਫ਼ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਜ਼ਿਕਰਯੋਗ ਹੈ ਕਿ ਸੁਖਵੀਰ ਸਿੰਘ ਮੈਸਰਖਾਨਾ ਨੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੌੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਇੱਕ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਇਕ ਵਜੋਂ ਵਿਧਾਨ ਸਭਾ ਪਹੁੰਚੇ ਸਨ। ਆਪਣੀ ਜਿੱਤ ਤੋਂ ਬਾਅਦ ਉਹ ਆਪਣੇ ਇਲਾਕੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰਦੇ ਰਹੇ ਹਨ।

ਸਾਲ 2026 ਦੌਰਾਨ ਵੀ ਉਹ ‘ਆਪ’ ਦੇ ਵਿਧਾਇਕ ਵਜੋਂ ਪੂਰੀ ਤਰ੍ਹਾਂ ਸਰਗਰਮ ਰਹੇ ਹਨ। ਮਾਰਚ 2026 ਵਿੱਚ ਉਹ ਉਦੋਂ ਕਾਫ਼ੀ ਚਰਚਾ ਵਿੱਚ ਆਏ ਸਨ, ਜਦੋਂ ਮੀਡੀਆ ਰਿਪੋਰਟਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਸ ਕਦਮ ਦੀ ਪਾਰਟੀ ਦੇ ਨਾਲ-ਨਾਲ ਆਮ ਲੋਕਾਂ ਵਲੋਂ ਵੀ ਕਾਫ਼ੀ ਸ਼ਲਾਘਾ ਕੀਤੀ ਗਈ ਸੀ ਅਤੇ ਇਸ ਨੂੰ ਸਰਕਾਰੀ ਸਿੱਖਿਆ ਪ੍ਰਣਾਲੀ ‘ਤੇ ਵਿਸ਼ਵਾਸ ਵਧਾਉਣ ਵਾਲੀ ਪਹਿਲਕਦਮੀ ਵਜੋਂ ਵੇਖਿਆ ਗਿਆ ਸੀ।

ਹਾਲਾਂਕਿ, ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਇਹ ਸੰਕੇਤ ਮਿਲ ਰਹੇ ਸਨ ਕਿ ਸੁਖਵੀਰ ਸਿੰਘ ਮੈਸਰਖਾਨਾ ਅਤੇ ਪਾਰਟੀ ਹਾਈਕਮਾਨ ਵਿਚਕਾਰ ਕੁਝ ਮੁੱਦਿਆਂ ‘ਤੇ ਮਤਭੇਦ ਚੱਲ ਰਹੇ ਸਨ। ਇਨ੍ਹਾਂ ਮਤਭੇਦਾਂ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੀ ਪਾਰਟੀ ਨੇ ਇਹ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਫਿਲਹਾਲ ‘ਆਪ’ ਨੇ ਉਨ੍ਹਾਂ ਨੂੰ ਸਸਪੈਂਡ ਕਰਨ ਦਾ ਕਾਰਨ ਪਾਰਟੀ ਵਿਰੋਧੀ ਕੰਮ ਹੀ ਦੱਸਿਆ ਹੈ, ਜਦਕਿ ਇਸ ਮਾਮਲੇ ‘ਤੇ ਸੁਖਵੀਰ ਸਿੰਘ ਮੈਸਰਖਾਨਾ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਅਹਿਮ ਹੋਵੇਗਾ ਕਿ ਮੈਸਰਖਾਨਾ ਆਪਣੇ ਬਚਾਅ ਵਿੱਚ ਕੀ ਬਿਆਨ ਦਿੰਦੇ ਹਨ।

 

Leave a Comment