Join WhatsApp

Join Now

Chawla Rape Case ਦੀ ਜਾਂਚ ਅੱਗੇ ਵਧੀ! ਚਾਰ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਭਲਕੇ 12 ਵਜੇ ਹੋਵੇਗੀ ਜਨਤਕ

On: October 5, 2026 5:34 PM

 

 Chawla Rape Case ਦੀ ਜਾਂਚ ਅੱਗੇ ਵਧੀ! ਚਾਰ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਭਲਕੇ 12 ਵਜੇ ਹੋਵੇਗੀ ਜਨਤਕ

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ: ਜਾਂਚ ਰਿਪੋਰਟ ਦੇ ਆਧਾਰ ‘ਤੇ ਹਰ ਤੱਥ ਮੀਡੀਆ ਸਾਹਮਣੇ ਰੱਖਿਆ ਜਾਵੇਗਾ- ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਸੰਜੀਦਾ ਮਾਮਲੇ ‘ਚ ਜਾਂਚ ਕਮੇਟੀ ਦੀ ਕਾਰਵਾਈ ਮੁਕੰਮਲ

ਅੰਮ੍ਰਿਤਸਰ, 5 ਅਕਤੂਬਰ 2026- ( Chawla Rape Case ) ਐਸ.ਜੀ.ਪੀ.ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਦਰਜ ਕਰਵਾਏ ਗਏ ਬਲਾਤਕਾਰ ਦੇ ਮਾਮਲੇ ਦੇ ਸਬੰਧ ਵਿੱਚ ਜਿੱਥੇ ਅਕਾਲੀ ਸਿਆਸਤ ਪੂਰੀ ਤਰ੍ਹਾਂ ਡਗਮਗਾ ਗਈ ਹੈ, ਉੱਥੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਵੱਡੇ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਭਲਕੇ ਬਹੁਤ ਵੱਡਾ ਖੁਲਾਸਾ ਹੋਣ ਵਾਲਾ ਹੈ। ਕਿਉਂਕਿ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਚਾਰ ਮੈਂਬਰ ਜਾਂਚ ਕਮੇਟੀ ਕੱਲ੍ਹ 6 ਅਕਤੂਬਰ ਨੂੰ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਕਰਕੇ ਸਬੂਤਾਂ ਸਮੇਤ ਆਪਣੀ ਰਿਪੋਰਟ ਮੀਡੀਆ ਅੱਗੇ ਜਨਤਕ ਕਰੇਗੀ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਹੋਇਆ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ, ਇਹ ਮਾਮਲਾ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਅਤਿ ਗੰਭੀਰ ਅਤੇ ਸੰਜੀਦਾ ਹੋਣ ਕਾਰਨ ਐਸਜੀਪੀਸੀ ਦੀ ਜਿੰਮੇਵਾਰੀ ਵੱਧ ਜਾਂਦੀ ਹੈ ਕਿ, ਕਿਸੇ ਵੀ ਧਾਰਮਿਕ ਸਥਾਨ ਦੇ ਅੰਦਰ ਅਜਿਹੀ ਘਟਨਾ ਨਾ ਵਾਪਰੇ, ਜਿਸ ਨਾਲ ਕੌਮ ਨੂੰ ਨੁਕਸਾਨ ਪੁੱਜੇ। ਉਨ੍ਹਾਂ ਕਿਹਾ ਕਿ, ਉਕਤ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਇਸ ਜਾਂਚ ਟੀਮ ਵੱਲੋਂ ਸੌਂਪੀ ਗਈ ਰਿਪੋਰਟ ਨੂੰ ਭਲਕੇ ਦੁਪਹਿਰ 12 ਵਜੇ ਮੀਡੀਆ ਦੇ ਮਾਧਿਅਮ ਰਾਹੀਂ ਸੰਗਤ ਅਤੇ ਜਨਤਾ ਦੇ ਸਾਹਮਣੇ ਜਨਤਕ ਕੀਤਾ ਜਾਵੇਗਾ।

ਪ੍ਰਧਾਨ ਧਾਮੀ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਬੇਹੱਦ ਸੰਵੇਦਨਸ਼ੀਲ, ਗੰਭੀਰ ਅਤੇ ਸੰਜੀਦਾ ਹੈ। ਇਸੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਜਾਂਚ ਟੀਮ ਨੂੰ ਸਮਾਂਬੱਧ ਕਰਦਿਆਂ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਪੂਰੀ ਪੜਤਾਲ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੀ ਹਦਾਇਤ ਕੀਤੀ ਗਈ ਸੀ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਾਂਚ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਬਹੁਤ ਹੀ ਗੰਭੀਰਤਾ ਅਤੇ ਬਾਰੀਕੀ ਨਾਲ ਘੋਖ ਕੀਤੀ ਗਈ ਹੈ। ਘਟਨਾ ਦੀ ਤਹਿ ਤੱਕ ਜਾਣ ਲਈ ਹਰ ਛੋਟੇ-ਵੱਡੇ ਤੱਥ, ਗਵਾਹੀਆਂ ਅਤੇ ਦਸਤਾਵੇਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ‘ਤੇ ਜੋ ਵੀ ਸੱਚਾਈ ਅਤੇ ਜਾਣਕਾਰੀ ਸਾਹਮਣੇ ਆਵੇਗੀ, ਉਸ ਨੂੰ ਬਿਨ੍ਹਾਂ ਕਿਸੇ ਝਿਜਕ ਦੇ ਪੂਰੀ ਪਾਰਦਰਸ਼ਤਾ ਨਾਲ ਮੀਡੀਆ ਰਾਹੀਂ ਜਨਤਕ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸਿੱਖ ਸੰਸਥਾ ਹਮੇਸ਼ਾ ਪਾਰਦਰਸ਼ਤਾ, ਨਿਰਪੱਖਤਾ ਅਤੇ ਇਨਸਾਫ਼ ਦੇ ਪੱਖ ਵਿੱਚ ਖੜ੍ਹਦੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜੇ ਇਸ ਮਾਮਲੇ ‘ਚ ਸੰਗਤ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਸਨ, ਜਿਨ੍ਹਾਂ ਦਾ ਸੱਚ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਸੀ। ਜਾਂਚ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਦਿੱਤੇ ਗਏ 15 ਦਿਨਾਂ ਦੇ ਸਮੇਂ ਦੇ ਅੰਦਰ ਆਪਣੀ ਕਾਰਵਾਈ ਪੂਰੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਲਕੇ 12 ਵਜੇ ਹੋਣ ਵਾਲੀ ਪ੍ਰੈੱਸ ਕਾਨਫਰੰਸ ਦੌਰਾਨ ਜਾਂਚ ਰਿਪੋਰਟ ਦੇ ਹਰ ਇੱਕ ਪੱਖ ਨੂੰ ਵਿਸਥਾਰ ਪੂਰਵਕ ਉਜਾਗਰ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਜਾਂ ਸ਼ੰਕਾ ਬਾਕੀ ਨਾ ਰਹੇ।

 

Leave a Comment