Punjab Cabinet! ਸਿੱਖਿਆ ਕ੍ਰਾਂਤੀ ਮਹਿਜ਼ ਡਰਾਮਾ: ਪੰਜਾਬ ਕੈਬਨਿਟ ਮੀਟਿੰਗ ‘ਚ ਭਰਤੀ ਦਾ ਐਲਾਨ ਨਾ ਹੋਣ ‘ਤੇ ਭੜਕੇ ਬੇਰੁਜ਼ਗਾਰ ਅਧਿਆਪਕ; ਮੁੱਖ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਤਾਂ ਤਿੱਖਾ ਸੰਘਰਸ਼ ਕਰਾਂਗੇ: ਬੇਰੁਜ਼ਗਾਰ ਸਾਂਝਾ ਮੋਰਚਾ
ਦਲਜੀਤ ਕੌਰ
ਸੰਗਰੂਰ, 5 ਅਕਤੂਬਰ, 2026: ਪੰਜਾਬ ਸਰਕਾਰ ਦੀ ਕੈਬਨਿਟ (Punjab Cabinet) ਮੀਟਿੰਗ ਵਿੱਚ ਅਧਿਆਪਕਾਂ ਦੀ ਨਵੀਂ ਭਰਤੀ ਦਾ ਐਲਾਨ ਨਾ ਹੋਣ ‘ਤੇ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸਬ-ਕਮੇਟੀ ਦੀਆਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਆਗਾਮੀ ਕੈਬਨਿਟ ਮੀਟਿੰਗ ਵਿੱਚ ਨਵੀਂ ਭਰਤੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਵਿਧਾਨ ਸਭਾ ‘ਚ ਇਸ਼ਤਿਹਾਰ ਜਲਦੀ ਜਾਰੀ ਕਰਨ ਬਾਰੇ ਬੋਲ ਚੁੱਕੇ ਹਨ।
ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਕਿਹਾ ਕਿ ਪਿਛਲੀ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਪਰਸੋਨਲ ਸਕੱਤਰ, ਸਿੱਖਿਆ ਅਤੇ ਸਿਹਤ ਸਕੱਤਰ ਨਾਲ 6 ਅਕਤੂਬਰ ਨੂੰ ਕਰਵਾਉਣ ਦੀ ਲਿਖਤੀ ਪੱਤ੍ਰਿਕਾ ਸੌਂਪੀ ਸੀ। ਜਿਸ ਵਿੱਚ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੇ ਬੈਠਣ ਦਾ ਵੀ ਵਾਅਦਾ ਕੀਤਾ ਸੀ।
ਬੇਰੁਜ਼ਗਾਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੀਟਿੰਗ ਰੱਦ ਕੀਤੀ ਜਾਂ ਮੰਗਾਂ ਨਾ ਮੰਨੀਆਂ ਤਾਂ ਮੁੜ ਤਿੱਖਾ ਸੰਘਰਸ਼ ਕੀਤਾ ਜਾਵੇ। ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਮੰਗਦੇ ਅਤੇ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਤੁਰੰਤ ਸਿੱਧੀ ਭਰਤੀ ਦੀਆਂ 15000 ਅਸਾਮੀਆਂ ਦਾ ਇਸ਼ਤਿਹਾਰ 55% ਫੀਸਦੀ ਅੰਕਾਂ ਦੀ ਸ਼ਰਤ ਖਤਮ ਕਰਕੇ ਅਤੇ ਉਮਰ ਹੱਦ ਵਿੱਚ ਛੋਟ ਦੇ ਕੇ ਜਾਰੀ ਕਰੇ।
ਪੰਜਾਬ ਅੰਦਰ ਭਰਤੀ ਕੈਲੰਡਰ ਲਾਗੂ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ। ਜਦੋਂਕਿ ਉਹ ਪਿਛਲੇ 285 ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਸੰਗਰੂਰ ਵਿਖੇ ਪੱਕੇ ਧਰਨੇ ‘ਤੇ ਬੈਠੇ ਹੋਏ ਹਨ। ਹੁਣ ਜਦੋਂ ਚੋਣ ਜ਼ਾਬਤਾ ਲਾਗੂ ਹੋਣ ਲਈ ਕੁਝ ਮਹੀਨੇ ਬਚੇ ਹਨ ਤਾਂ ਬੇਰੁਜ਼ਗਾਰਾਂ ਨੂੰ ਬਹੁਤ ਵੱਡੀ ਫ਼ਿਕਰਮੰਦੀ ਹੋ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਸਕੂਲ ਲੈਕਚਰਾਰ ਦੀਆਂ ਮਾਮੂਲੀ ਅਸਾਮੀਆਂ ਨੇ ਬੇਰੁਜ਼ਗਾਰਾਂ ਪੱਲੇ ਨਿਰਾਸ਼ਾ ਪਾਈ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-
1. ਮਾਸਟਰ ਕੇਡਰ ਦੀਆਂ ਘੱਟੋ ਘੱਟ 15000 ਅਸਾਮੀਆਂ ਜਾਰੀ ਕੀਤੀਆਂ ਜਾਣ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ।
3. ਉਪਰਲੀ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ
5. 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ।
6. ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।
















