Join WhatsApp

Join Now

Punjab News: ਔਰਤ ਦਾ ਗੋਲੀਆਂ ਮਾਰ ਕੇ ਕਤਲ, ਜਨਮ ਦਿਨ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲੀਆਂ!

On: October 12, 2026 10:58 AM

 

Punjab News: ਔਰਤ ਦਾ ਗੋਲੀਆਂ ਮਾਰ ਕੇ ਕਤਲ, ਜਨਮ ਦਿਨ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲੀਆਂ!

ਜਲੰਧਰ ਕੈਂਟ ਲਾਗੇ ਹਵਾਈ ਫਾਇਰਿੰਗ ਕਾਰਨ ਹਾਹਾਕਾਰ: ਨਸ਼ੇ ਦੀ ਲੋਰ ‘ਚ ਚਲਾਈਆਂ ਗੋਲ਼ੀਆਂ ਨੇ ਉਜਾੜੀਆਂ ਖ਼ੁਸ਼ੀਆਂ: ਪਿੰਡ ਢੱਡਾ ‘ਚ ਬੱਚੇ ਦੀ ਪਾਰਟੀ ਦੌਰਾਨ ਵੱਡਾ ਹਾਦਸਾ, ਮੁਲਜ਼ਮ ਫ਼ਰਾਰ, ਪੁਲਿਸ ਵੱਲੋਂ ਪਰਚਾ ਦਰਜ

ਜਲੰਧਰ/ਚੰਡੀਗੜ੍ਹ, 12 ਅਕਤੂਬਰ 2026-

Punjab News: ਜਲੰਧਰ ਕੈਂਟ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਢੱਡਾ ਵਿਖੇ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰ ਵਿੱਚ ਬੱਚੇ ਦੇ ਜਨਮ ਦਿਨ ਦੀਆਂ ਮਨਾਈਆਂ ਜਾ ਰਹੀਆਂ ਖ਼ੁਸ਼ੀਆਂ ਪਲਕ ਝਪਕਦਿਆਂ ਹੀ ਮਾਤਮ ਵਿੱਚ ਤਬਦੀਲ ਹੋ ਗਈਆਂ। ਦੇਰ ਰਾਤ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਕੀਤੀ ਗਈ ਅੰਧਾਧੁੰਦ ਹਵਾਈ ਫਾਇਰਿੰਗ ਕਾਰਨ ਇੱਕ 42 ਸਾਲਾ ਔਰਤ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਮਾਸੂਮ ਬੱਚਾ ਅਤੇ ਪਾਰਟੀ ਦਾ ਫੋਟੋਗ੍ਰਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਢੱਡਾ ਦੇ ਰਹਿਣ ਵਾਲੇ ਮੋਤਾ ਸਿੰਘ ਦੀ ਧੀ ਜਰਮਨੀ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਨਵਜੰਮੇ ਬੱਚੇ ਨਾਲ ਵਿਦੇਸ਼ ਤੋਂ ਪਿੰਡ ਢੱਡਾ ਵਿਖੇ ਆਪਣੇ ਪੇਕੇ ਘਰ ਪਰਤੀ ਹੋਈ ਸੀ। ਦੋਹਤੇ ਦੇ ਜਨਮ ਅਤੇ ਆਗਮਨ ਦੀ ਖ਼ੁਸ਼ੀ ਵਿੱਚ ਮੋਤਾ ਸਿੰਘ ਨੇ ਆਪਣੇ ਘਰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਹੋਇਆ ਸੀ। ਇਸ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ, ਨੇੜਲੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਸੀ। ਪਾਰਟੀ ਵਿੱਚ ਡੀਜੇ ‘ਤੇ ਗਾਣੇ ਚੱਲ ਰਹੇ ਸਨ ਅਤੇ ਸਾਰੇ ਰਿਸ਼ਤੇਦਾਰ ਨੱਚ-ਗਾ ਕੇ ਖ਼ੁਸ਼ੀਆਂ ਮਨਾ ਰਹੇ ਸਨ।

ਮੋਤਾ ਸਿੰਘ ਦੇ ਜਵਾਈ ਦਾ ਮਾਮਾ ਰਾਜਿੰਦਰ ਸਿੰਘ (ਪੁੱਤਰ ਜਰਨੈਲ ਸਿੰਘ, ਵਾਸੀ ਪਿੰਡ ਪਲਾਹੀ, ਥਾਣਾ ਰਾਵਲਪਿੰਡੀ) ਵੀ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਦੱਸਿਆ ਜਾ ਰਹਾ ਹੈ ਕਿ ਰਾਜਿੰਦਰ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਡਾਂਸ ਕਰਦੇ ਹੋਏ ਉਸ ਨੇ ਅਚਾਨਕ ਆਪਣੀ ਪਿਸਤੌਲ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਲਗਭਗ ਰਾਤ 9:30 ਵਜੇ ਦੇ ਕਰੀਬ ਉਸ ਵੱਲੋਂ ਚਲਾਈਆਂ ਗਈਆਂ ਚਾਰ ਗੋਲ਼ੀਆਂ ਵਿੱਚੋਂ ਗੋਲ਼ੀਆਂ ਦੇ ਛਰੇ ਸਿੱਧੇ ਪਾਰਟੀ ‘ਚ ਮੌਜੂਦ ਲੋਕਾਂ ਨੂੰ ਜਾ ਲੱਗੇ।

ਇਸ ਫਾਇਰਿੰਗ ਦੌਰਾਨ ਹੁਸ਼ਿਆਰਪੁਰ ਤੋਂ ਪਰਿਵਾਰ ਦੀ ਰਿਸ਼ਤੇਦਾਰ ਅਮਨਦੀਪ ਕੌਰ (42), ਸਮਾਗਮ ਦੀਆਂ ਤਸਵੀਰਾਂ ਖਿੱਚ ਰਿਹਾ ਫੋਟੋਗ੍ਰਾਫ਼ਰ ਮਨੀਸ਼ ਅਤੇ ਇੱਕ ਮਾਸੂਮ ਬੱਚਾ ਕੇਸਰੀ ਲਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਗੋਲ਼ੀ ਲੱਗਦਿਆਂ ਹੀ ਪਾਰਟੀ ਵਿੱਚ ਭਗਦੜ ਮਚ ਗਈ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅਮਨਦੀਪ ਕੌਰ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਬਾਕੀ ਜ਼ਖ਼ਮੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਹਾ ਹੈ। ਘਟਨਾ ਤੋਂ ਬਾਅਦ ਮੁਲਜ਼ਮ ਰਾਜਿੰਦਰ ਸਿੰਘ ਮੌਕੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ।

ਘਟਨਾ ਦੀ ਇਤਲਾਹ ਮਿਲਦੇ ਹੀ ਥਾਣਾ ਪਤਾਰਾ ਦੇ ਐੱਸਐੱਚਓ ਨਰਿੰਦਰ ਸਿੰਘ ਅਗਵਾਈ ਹੇਠ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਫ਼ਰਾਰ ਮੁਲਜ਼ਮ ਰਾਜਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

Leave a Comment