ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ: ਡੀ ਟੀ ਐੱਫ
ਛੋਟੇ ਦਿਨਾਂ ਅਤੇ ਦੂਰ-ਦੁਰਾਡੇ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਆਵੇਗੀ ਭਾਰੀ ਖੱਜਲ-ਖੁਆਰੀ : ਡੀ ਟੀ ਐੱਫ
ਨਿਰਧਾਰਤ ਸਮੇਂ ਵਿੱਚ ਜਨਗਣਨਾ ਦਾ ਕੰਮ ਮੁਕੰਮਲ ਕਰਨਾ ਹੋਵੇਗਾ ਮੁਸ਼ਕਲ: ਡੀ ਟੀ ਐੱਫ
Punjab News, 13 ਅਕਤੂਬਰ 2026: ਭਾਰਤ ਦੀ ਜਨਗਣਨਾ 2027 ਸਬੰਧੀ ਜਨਗਣਨਾ ਦੇ ਕੰਮ ਵਿੱਚ ਲੱਗੇ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਨਿਯਮਤ ਡਿਊਟੀ ਦੇ ਸਮੇਂ ਵਿੱਚ ਅੱਧੇ ਦਿਨ ਦੀ ਛੋਟ ਦੇਣ ਸਬੰਧੀ ਜਾਰੀ ਪੱਤਰ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਵੱਲੋਂ ਮੰਗ ਕੀਤੀ ਗਈ ਕਿ ਸਰਦੀਆਂ ਦੇ ਮੌਸਮ ਦੌਰਾਨ, ਖ਼ਾਸ ਕਰਕੇ 1 ਦਸੰਬਰ ਤੋਂ 25 ਦਸੰਬਰ ਤੱਕ, ਜਨਗਣਨਾ ਦੇ ਕੰਮ ਲਈ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰਾ ਦਿਨ ਛੋਟ ਦੇ ਕੇ ਜਨ ਗਣਨਾ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਇਹ ਸਮਾਂ ਬੱਧ ਕੰਮ ਨਿਰਧਾਰਤ ਸਮੇਂ ਅੰਦਰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।
ਅਧਿਆਪਕਾਂ ਦਾ ਕਹਿਣਾ ਹੈ ਕਿ ਦਸੰਬਰ ਦੇ ਮਹੀਨੇ ਵਿੱਚ ਦਿਨ ਬਹੁਤ ਛੋਟੇ ਹੁੰਦੇ ਹਨ ਅਤੇ ਜਲਦੀ ਸੂਰਜ ਡੁੱਬਣ ਕਾਰਨ ਹਨੇਰਾ ਵੀ ਜਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਅਧਿਆਪਕਾਂ ਨੂੰ ਅੱਧਾ ਦਿਨ ਆਪਣੇ ਸਕੂਲਾਂ ਵਿੱਚ ਡਿਊਟੀ ਕਰਨ ਤੋਂ ਬਾਅਦ ਜਨਗਣਨਾ ਦੇ ਕੰਮ ਲਈ ਜਾਣਾ ਪਵੇਗਾ, ਤਾਂ ਉਨ੍ਹਾਂ ਲਈ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਮਿਸਾਲ ਵਜੋਂ, ਜੇਕਰ ਕਿਸੇ ਅਧਿਆਪਕ ਦੇ ਪਿੱਤਰੀ ਸਕੂਲ ਤੋਂ ਜਨਗਣਨਾ ਡਿਊਟੀ ਵਾਲਾ ਸਥਾਨ 25 ਕਿਲੋਮੀਟਰ ਜਾਂ ਇਸ ਤੋਂ ਵੱਧ ਦੂਰ ਹੈ, ਤਾਂ ਅੱਧੀ ਛੁੱਟੀ ਤੋਂ ਬਾਅਦ ਉਸ ਸਥਾਨ ਤੱਕ ਪਹੁੰਚਣ, ਸਬੰਧਤ ਇਲਾਕੇ ਵਿੱਚ ਘਰਾਂ ਤੱਕ ਜਾਣ ਅਤੇ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਵੇਗਾ।
ਇਸ ਨਾਲ ਨਾ ਸਿਰਫ਼ ਅਧਿਆਪਕਾਂ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਜਨਗਣਨਾ ਦੇ ਕੰਮ ਦੀ ਰਫ਼ਤਾਰ ਅਤੇ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ। ਜਨਗਣਨਾ ਇੱਕ ਮਹੱਤਵਪੂਰਨ ਕੌਮੀ ਕਾਰਜ ਹੈ, ਜਿਸ ਲਈ ਸਹੀ ਜਾਣਕਾਰੀ ਇਕੱਠੀ ਕਰਨੀ, ਹਰ ਘਰ ਤੱਕ ਪਹੁੰਚ ਕਰਨੀ ਅਤੇ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਜਨਗਣਨਾ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਨੂੰ ਅਜਿਹੀਆਂ ਵਿਹਾਰਕ ਮੁਸ਼ਕਲਾਂ ਤੋਂ ਬਚਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਜਨਗਣਨਾ ਸਬੰਧਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਰਦੀਆਂ ਦੇ ਛੋਟੇ ਦਿਨਾਂ ਅਤੇ ਜਨਗਣਨਾ ਡਿਊਟੀ ਵਾਲੇ ਸਥਾਨਾਂ ਦੀ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ 1 ਦਸੰਬਰ ਤੋਂ 25 ਦਸੰਬਰ ਤੱਕ ਜਨਗਣਨਾ ਦੇ ਕੰਮ ਲਈ ਨਿਯੁਕਤ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰੇ ਦਿਨ ਦੀ ਜਨਗਣਨਾ ਡਿਊਟੀ ਦੇ ਕੰਮ ਲਈ ਛੋਟ ਦਿੱਤੀ ਜਾਵੇ।
ਇਸ ਨਾਲ ਕਰਮਚਾਰੀ ਬਿਨਾਂ ਕਿਸੇ ਬੇਲੋੜੀ ਭੱਜ-ਦੌੜ ਦੇ ਆਪਣੀ ਜ਼ਿੰਮੇਵਾਰੀ ਨਿਭਾ ਸਕਣਗੇ ਅਤੇ ਜਨਗਣਨਾ ਦਾ ਕੰਮ ਵੀ ਸਮੇਂ ਸਿਰ, ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਹੋ ਸਕੇਗਾ। ਡੀ.ਟੀ.ਐੱਫ ਦੇ ਆਗੂਆਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਫ਼ੈਸਲਾ ਹੀ ਜਨਗਣਨਾ ਦੇ ਇਸ ਅਹਿਮ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਸਹਾਈ ਹੋਵੇਗਾ।















