Join WhatsApp

Join Now

ਵੱਡੀ ਖ਼ਬਰ: Punjab ’ਚ ਦਿਨ-ਦਿਹਾੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

On: October 18, 2026 10:05 AM

 

ਵੱਡੀ ਖ਼ਬਰ: Punjab ’ਚ ਦਿਨ-ਦਿਹਾੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੰਗਲ, 18 ਅਕਤੂਬਰ 2026: ਨੰਗਲ ਦੇ ਮੋਜੋਵਾਲ ਇਲਾਕੇ ਵਿੱਚ ਦਿਨ-ਦਿਹਾੜੇ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੇਰ ਸ਼ਾਮ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਮੋਜੋਵਾਲ ਵਿੱਚ ਸੁਰੇਸ਼ ਗੈਸ ਏਜੰਸੀ ਨੇੜੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਸਵਾਰਾਂ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਵਿਚਕਾਰ ਤਕਰਾਰ ਹੋ ਗਈ, ਜੋ ਕਥਿਤ ਤੌਰ ’ਤੇ ਹਿੰਸਕ ਝੜਪ ਵਿੱਚ ਬਦਲ ਗਈ। ਆਪਣੀ ਜਾਨ ਬਚਾਉਣ ਲਈ ਨੌਜਵਾਨ ਨੇ ਦੁਕਾਨਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਉਸ ’ਤੇ ਹਮਲਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਚਸ਼ਮਦੀਦਾਂ ਅਤੇ ਵਾਰਡ ਨੰਬਰ 15 ਦੇ ਕੌਂਸਲਰ ਡਾ. ਰਾਜਿੰਦਰ ਕੁਮਾਰ ਮੁਤਾਬਕ, ਜ਼ਖ਼ਮੀ ਨੌਜਵਾਨ ਉੱਥੋਂ ਭੱਜ ਨਿਕਲਿਆ, ਪਰ ਕੁਝ ਦੂਰੀ ’ਤੇ ਮੋਜੋਵਾਲ-ਮਲੂਕਪੁਰ ਸੜਕ ’ਤੇ ਪੁਲ ਨੇੜੇ ਉਸ ਨੂੰ ਮੁੜ ਘੇਰ ਕੇ ਹਮਲਾ ਕੀਤਾ ਗਿਆ। ਮੌਕੇ ’ਤੇ ਪਹੁੰਚੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਪਰ ਡਾਕਟਰੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੀ ਪਛਾਣ ਅਨਮੋਲ ਪੁੱਤਰ ਕੇਸਰ ਸਿੰਘ, ਵਾਸੀ ਮਹੈਨ, ਥਾਣਾ ਸ੍ਰੀ ਅਨੰਦਪੁਰ ਸਾਹਿਬ ਵਜੋਂ ਹੋਈ ਹੈ। ਡੀਐੱਸਪੀ ਨੰਗਲ ਨਵੀਨ ਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੌਸ਼ਲ ਕੁਮਾਰ ਅਤੇ ਅਨਿਲ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੇ ਪਤੇ ਨੰਗਲ ਅਤੇ ਮੋਜੋਵਾਲ ਇਲਾਕੇ ਨਾਲ ਸਬੰਧਤ ਦੱਸੇ ਗਏ ਹਨ। ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।

ਕਤਲ ਦੇ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਮੌਕੇ ’ਤੇ ਪਹੁੰਚੇ ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਡੀਐੱਸਪੀ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਵਾਰਸਾਂ ਨੂੰ ਸੌਂਪੀ ਜਾਵੇਗੀ।

 

Leave a Comment