ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ…! ਵਿਰੋਧੀ ਧਿਰਾਂ ਅਤੇ AAP ਸਰਕਾਰ ਹੋਵੇਗੀ ਆਹਮੋ-ਸਾਹਮਣੇ
ਅਮਨ-ਕਾਨੂੰਨ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰ ਤਿਆਰ; ‘ਆਪ’ ਵੱਲੋਂ ਵੀ ਅੰਕੜਿਆਂ ਨਾਲ ਪਲਟਵਾਰ ਦੀ ਯੋਜਨਾ- ਪਹਿਲੇ ਦਿਨ ਸ਼ਰਧਾਂਜਲੀਆਂ ਅਤੇ ਧਿਆਨ ਦਿਵਾਊ ਮਤੇ ਹੋਣਗੇ ਪੇਸ਼, ਵੋਟਰ ਸੂਚੀਆਂ ਦੇ ਮੁੱਦੇ ‘ਤੇ ਵੀ ਗਰਮਾ ਸਕਦੀ ਹੈ ਸਿਆਸਤ
ਚੰਡੀਗੜ੍ਹ, 22 ਅਕਤੂਬਰ 2026- ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਵੀਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸੂਬੇ ਦੇ ਮੌਜੂਦਾ ਹਾਲਾਤ, ਕਾਨੂੰਨ ਵਿਵਸਥਾ ਅਤੇ ਆਗਾਮੀ ਚੋਣਾਂ ਦੀ ਸਰਗਰਮੀ ਦੇ ਮੱਦੇਨਜ਼ਰ ਇਹ ਸੈਸ਼ਨ ਕਾਫ਼ੀ ਹੰਗਾਮੇਦਾਰ ਅਤੇ ਗਰਮਜੋਸ਼ੀ ਭਰਿਆ ਰਹਿਣ ਦੀ ਪੂਰੀ ਸੰਭਾਵਨਾ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰਾਂ ਵੱਖ-ਵੱਖ ਭਖਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਲਈ ਆਕਰਮਕ ਰੁਖ਼ ਅਪਣਾਉਣ ਦੀ ਤਿਆਰੀ ਵਿੱਚ ਹਨ, ਉੱਥੇ ਹੀ ਹੁਕਮਰਾਨ ਧਿਰ ਵੀ ਵਿਰੋਧੀਆਂ ਦੇ ਹਰ ਸਵਾਲ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੀ ਹੈ।
ਦੋਵਾਂ ਧਿਰਾਂ ਨੇ ਸਦਨ ਦੇ ਅੰਦਰ ਆਪਣੀ-ਆਪਣੀ ਰਣਨੀਤੀ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਮੌਨਸੂਨ ਇਜਲਾਸ ਤੋਂ ਬਾਅਦ ਬੁਲਾਏ ਗਏ ਇਸ ਅਹਿਮ ਸੈਸ਼ਨ ਵਿੱਚ ਵਿਰੋਧੀ ਧਿਰਾਂ ਵੱਲੋਂ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ, ਕਥਿਤ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਵਰਗੇ ਗੰਭੀਰ ਮੁੱਦਿਆਂ ‘ਤੇ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਹੋਈ ਗ਼ੈਰ-ਕਾਨੂੰਨੀ ਮਾਈਨਿੰਗ ਦੀ ਕੇਂਦਰੀ ਜਾਂਚ ਏਜੰਸੀ (CBI) ਤੋਂ ਜਾਂਚ ਕਰਵਾਉਣ ਦੀ ਮੰਗ, ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਦਰਜ ਕੀਤੇ ਕੇਸ ਅਤੇ ਪਰਵਿੰਦਰ ਝੋਟਾ ਦੇ ਕਤਲ ਦੇ ਮਾਮਲੇ ‘ਤੇ ਵੀ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਨਿਸ਼ਾਨੇ ‘ਤੇ ਲੈਣ ਦਾ ਫ਼ੈਸਲਾ ਕੀਤਾ ਹੈ।
ਵਿਰੋਧੀ ਧਿਰਾਂ ਇਨ੍ਹਾਂ ਮੁੱਖ ਮੁੱਦਿਆਂ ਰਾਹੀਂ ਮੁੱਖ ਮੰਤਰੀ ਦੇ ਅਸਤੀਫ਼ੇ ਲਈ ਦਬਾਅ ਬਣਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀਆਂ ਹਨ। ਦੂਜੇ ਪਾਸੇ, ਪਿਛਲੇ ਕੁਝ ਦਿਨਾਂ ਤੋਂ ਵਿਰੋਧੀਆਂ ਵੱਲੋਂ ਬਣਾਏ ਜਾ ਰਹੇ ਦਬਾਅ ਦਾ ਸਾਹਮਣਾ ਕਰਨ ਲਈ ਆਮ ਆਦਮੀ ਪਾਰਟੀ ਨੇ ਵੀ ਪੁਖ਼ਤਾ ਤਿਆਰੀ ਕੀਤੀ ਹੈ। ‘ਆਪ’ ਲੀਡਰਸ਼ਿਪ ਨੇ ਆਪਣੇ ਵਿਧਾਇਕਾਂ ਨੂੰ ਵਿਰੋਧੀ ਧਿਰ ਦੇ ਹਰ ਇਲਜ਼ਾਮ ਦਾ ਤੱਥਾਂ ਅਤੇ ਅੰਕੜਿਆਂ ਸਮੇਤ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਵੱਲੋਂ ਆਪਣੇ ਵਿਧਾਇਕਾਂ ਨੂੰ ਸੂਬੇ ਵਿੱਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ, ਗੈਂਗਸਟਰਾਂ ‘ਤੇ ਕੀਤੀਆਂ ਕਾਰਵਾਈਆਂ ਅਤੇ ਹੁਣ ਤੱਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਪੂਰਾ ਵੇਰਵਾ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬੁਲਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਦਰਜ ਕੀਤੇ ਗਏ ਕਥਿਤ ਝੂਠੇ ਮਾਮਲਿਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ, ਤਾਂ ਜੋ ਉਹ ਸਦਨ ਵਿੱਚ ਵਿਰੋਧੀਆਂ ਦੇ ਦੋਸ਼ਾਂ ਨੂੰ ਨਿਰਾਧਾਰ ਸਾਬਤ ਕਰ ਸਕਣ।
ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਵੀਰਵਾਰ ਦਾ ਦਿਨ ਗ਼ੈਰ-ਸਰਕਾਰੀ ਕੰਮਕਾਜ ਲਈ ਰਾਖਵਾਂ ਹੁੰਦਾ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ, ਸੈਸ਼ਨ ਦੇ ਪਹਿਲੇ ਦਿਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਤਿੰਨ ਅਹਿਮ ਧਿਆਨ-ਦਿਵਾਊ ਮਤੇ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਸਾਲਾਨਾ ਰਿਪੋਰਟਾਂ ਸਦਨ ਦੇ ਮੇਜ਼ ‘ਤੇ ਰੱਖੀਆਂ ਜਾ ਸਕਦੀਆਂ ਹਨ। ਗ਼ੈਰ-ਸਰਕਾਰੀ ਕਾਰਵਾਈ ਦਾ ਦਿਨ ਹੋਣ ਕਰਕੇ ਕੁਝ ਵਿਧਾਇਕਾਂ ਵੱਲੋਂ ਨਿੱਜੀ ਮਤੇ ਪੇਸ਼ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਇੱਕ ਸੀਨੀਅਰ ਵਿਧਾਇਕ ਸੂਬੇ ਵਿੱਚ ਵੋਟਾਂ ਕੱਟੇ ਜਾਣ ਦੇ ਮੁੱਦੇ ‘ਤੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਪੁਰਾਣੀ ਵੋਟਰ ਸੂਚੀ (ਐੱਸ.ਆਈ.ਆਰ. ਤੋਂ ਪਹਿਲਾਂ ਦੀ ਸੂਚੀ) ਅਨੁਸਾਰ ਹੀ ਕਰਵਾਉਣ ਦੀ ਮੰਗ ਨੂੰ ਲੈ ਕੇ ਮਤਾ ਲਿਆਉਣ ਦੀ ਤਿਆਰੀ ਵਿੱਚ ਹੈ।
ਇਲਜ਼ਾਮ ਲਗਾਇਆ ਜਾ ਰਹਾ ਹੈ ਕਿ ਐੱਸ.ਆਈ.ਆਰ. ਦੇ ਨਾਂ ‘ਤੇ ਲੱਖਾਂ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਹਾਲਾਂਕਿ ਇਹ ਮਤਾ ਸਦਨ ਵਿੱਚ ਪ੍ਰਵਾਨ ਹੁੰਦਾ ਹੈ ਜਾਂ ਨਹੀਂ, ਇਹ ਸਪੀਕਰ ਦੇ ਫ਼ੈਸਲੇ ‘ਤੇ ਨਿਰਭਰ ਕਰੇਗਾ, ਪਰ ਕਿਉਂਕਿ ‘ਆਪ’ ਲੀਡਰਸ਼ਿਪ ਵੀ ਵੋਟਾਂ ਕੱਟੇ ਜਾਣ ਦੇ ਮੁੱਦੇ ਦਾ ਪਹਿਲਾਂ ਹੀ ਵਿਰੋਧ ਕਰਦੀ ਆ ਰਹੀ ਹੈ, ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਇਸ ਮਤੇ ਦਾ ਸਮਰਥਨ ਕਰਦੀ ਹੈ ਜਾਂ ਨਹੀਂ।















