Join WhatsApp

Join Now

ਪੰਜਾਬ ‘ਚ AAP ਸਰਕਾਰ ਦੀ ਛਤਰ-ਛਾਇਆ ਹੇਠ ਧੜੱਲੇ ਨਾਲ ਵਿਕ ਰਿਹੈ ਮੈਡੀਕਲ ਨਸ਼ਾ! ਪਰਗਟ ਸਿੰਘ ਦਾ ਵੱਡਾ ਹਮਲਾ

On: October 22, 2026 2:17 PM

 

ਪਰਗਟ ਸਿੰਘ ਦਾ ਵੱਡਾ ਹਮਲਾ! ਕਿਹਾ- ਪੰਜਾਬ ‘ਚ AAP ਸਰਕਾਰ ਦੀ ਛਤਰ-ਛਾਇਆ ਹੇਠ ਧੜੱਲੇ ਨਾਲ ਵਿਕ ਰਿਹੈ ਮੈਡੀਕਲ ਨਸ਼ਾ

ਪੰਜਾਬ ਵਿਧਾਨ ਸਭਾ ਤੋਂ ਬਾਹਰ ਗਰਜੇ ਪਰਗਟ ਸਿੰਘ; ਨਸ਼ਾ ਤਸਕਰਾਂ ਨੂੰ ਲਾਇਸੈਂਸ ਦੇਣ ਅਤੇ ਬਿਨਾਂ ਕਾਰਵਾਈ ਦੇ ਮੁੱਦੇ ‘ਤੇ ਘੇਰੀ ਸਰਕਾਰ- “ਪੰਜਾਬ ਦਾ ਕਾਨੂੰਨੀ ਅਤੇ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਤਬਾਹ”: ਪਰਗਟ ਸਿੰਘ ਨੇ CM ਤੋਂ ਮੰਗਿਆ ਅਸਤੀਫ਼ਾ

ਚੰਡੀਗੜ੍ਹ, 22 ਅਕਤੂਬਰ 2026- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਮਾਹੌਲ ਉਸ ਸਮੇਂ ਕਾਫ਼ੀ ਗਰਮਾ ਗਿਆ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਵਿਧਾਨ ਸਭਾ ਕੰਪਲੈਕਸ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਗਲਿੰਗ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਸਰਕਾਰ ਦੀ ਸਿੱਧੀ ਛਤਰ-ਛਾਇਆ ਅਤੇ ਸਰਪਰਸਤੀ ਹੇਠ ਚੱਲ ਰਹੀਆਂ ਹਨ।

ਮੀਡੀਆ ਨਾਲ ਮੁਲਾਕਾਤ ਕਰਦਿਆਂ MLA ਪਰਗਟ ਸਿੰਘ ਨੇ ਸਾਲ 2023 ਦੀਆਂ ਘਟਨਾਵਾਂ ਅਤੇ ਪਰਵਿੰਦਰ ਝੋਟਾ ਕੇਸ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਵਿਰੁੱਧ ਪੰਜ-ਪੰਜ ਅਪਰਾਧਿਕ ਮਾਮਲੇ ਦਰਜ ਸਨ, ਉਸ ਨੂੰ ਸਰਕਾਰ ਵੱਲੋਂ ਪਿਸਤੌਲ ਦਾ ਲਾਇਸੈਂਸ ਜਾਰੀ ਕਰ ਦਿੱਤਾ ਗਿਆ, ਜਦੋਂ ਕਿ ਦੂਜੇ ਪਾਸੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਝੋਟੇ ਨੂੰ ਤਿੰਨ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ।

ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਐੱਸ.ਐੱਸ.ਪੀ. ਅਤੇ ਡੀ.ਜੀ.ਪੀ. ਦੀ ਕਾਰਗੁਜ਼ਾਰੀ ਕਾਰਨ ਸੂਬੇ ਵਿੱਚ ਅਜਿਹੇ ਮਾੜੇ ਹਾਲਾਤ ਪੈਦਾ ਹੋਏ ਹਨ। ਮੈਡੀਕਲ ਨਸ਼ਿਆਂ ਦੇ ਗੰਭੀਰ ਮੁੱਦੇ ‘ਤੇ ਬੋਲਦਿਆਂ ਵਿਧਾਇਕ ਪਰਗਟ ਸਿੰਘ ਨੇ ਖ਼ੁਲਾਸਾ ਕੀਤਾ ਕਿ ਸਾਲ 2021 ਵਿੱਚ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦੌਰਾਨ ‘ਸਿਗਨੇਚਰ’ ਨਾਮ ਦੇ ਨਸ਼ੀਲੇ ਕੈਪਸੂਲਾਂ ‘ਤੇ ਪੂਰਨ ਪਾਬੰਦੀ ਲਗਾਈ ਗਈ ਸੀ। ਪਰ ਮੌਜੂਦਾ ਸਰਕਾਰ ਦੇ ਸਮੇਂ ਨਸ਼ਾ ਤਸਕਰਾਂ ਨੇ ਉਸੇ ਦਵਾਈ ਦਾ ਨਾਂ ਬਦਲ ਕੇ ਬਾਜ਼ਾਰ ਵਿੱਚ ਖੁੱਲ੍ਹੇਆਮ ਵੇਚਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਪੰਜ ਸਾਲਾਂ ਤੋਂ ਇਹ ਗੈਰ-ਕਾਨੂੰਨੀ ਧੰਦਾ ਬਿਨਾਂ ਕਿਸੇ ਡਰ ਤੋਂ ਚੱਲ ਰਿਹਾ ਸੀ। ਹਾਲ ਹੀ ਵਿੱਚ ਪਿਛਲੇ ਦਸ ਦਿਨਾਂ ਦੇ ਅੰਦਰ ਸਰਕਾਰ ਵੱਲੋਂ ਪੰਜ ਮੈਡੀਕਲ ਲਾਇਸੈਂਸ ਰੱਦ ਕੀਤੇ ਗਏ ਹਨ, ਜੋ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪ੍ਰਸ਼ਾਸਨ ਦੀ ਨੱਕ ਹੇਠ ਮੈਡੀਕਲ ਨਸ਼ਾ ਬੜੇ ਧੜੱਲੇ ਨਾਲ ਵੇਚਿਆ ਜਾ ਰਿਹਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ‘ਤੇ ਵਰ੍ਹਦਿਆਂ ਪਰਗਟ ਸਿੰਘ ਨੇ ਕਿਹਾ ਕਿ ਬੀਜੇਪੀ ਆਗੂ ਪੰਜਾਬ ਵਿੱਚ ਆ ਕੇ ‘ਡਬਲ ਇੰਜਨ’ ਸਰਕਾਰ ਬਣਾਉਣ ਦੇ ਦਾਅਵੇ ਕਰਦੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਵਿੱਚ 30 ਸਾਲਾਂ ਤੋਂ ਅਤੇ ਕੇਂਦਰ ਵਿੱਚ 13 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਹੈ, ਅਤੇ ਗ੍ਰਹਿ ਮੰਤਰੀ ਨੂੰ 8 ਸਾਲ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਿੰਨੀ ਵਿਗੜ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ ਅਤੇ ਉੱਚ ਅਧਿਕਾਰੀ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਰਕਰਾਂ ਵਜੋਂ ਕੰਮ ਕਰ ਰਹੇ ਹਨ।

ਕਾਂਗਰਸੀ ਆਗੂ ਪਰਗਟ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਅਤੇ ਜ਼ੁਲਮਾਂ ਕਾਰਨ ਹੀ ਪਰਵਿੰਦਰ ਝੋਟੇ ਵਰਗੇ ਵਿਅਕਤੀ ਅਤੇ ਹੋਰ ਸਮਾਜਿਕ ਸੰਸਥਾਵਾਂ ਰੋਸ ਵਿੱਚ ਆ ਕੇ ਸੜਕਾਂ ‘ਤੇ ਉੱਤਰਨ ਲਈ ਮਜ਼ਬੂਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਨਿਰਾਸ਼ ਹੈ। ਚਾਹੇ ਸਿੱਖਿਆ ਖੇਤਰ ਨਾਲ ਜੁੜੇ ਕੰਪਿਊਟਰ ਟੀਚਰ ਹੋਣ, ਈ.ਟੀ.ਟੀ. ਟੀਚਰ, 1158 ਲੈਕਚਰਾਰ ਹੋਣ, ਜਾਂ ਫਿਰ ਪਨਬਸ ਦੇ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਹੋਣ ਅੱਜ ਪੂਰਾ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ‘ਤੇ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਬਣ ਚੁੱਕਾ ਹੈ, ਜਿਸ ਕਾਰਨ ਮੌਜੂਦਾ CM ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

 

Leave a Comment