Join WhatsApp

Join Now

Punjab News: ਮੁਲਾਜ਼ਮ ਮੰਗਾਂ ‘ਤੇ ਭਗਵੰਤ ਮਾਨ ਸਰਕਾਰ ਦੇ ਝੂਠ ਦਾ ਪਰਦਾਫਾਸ਼! ਸਾਂਝੀ ਤਾਲਮੇਲ ਕਮੇਟੀ ਨੇ ਖੋਲ੍ਹੀ ਪੋਲ- ਪੰਨੂੰ, ਲਾਹੌਰੀਆ

On: November 5, 2026 6:05 PM

 

Punjab News: ਮੁਲਾਜ਼ਮ ਮੰਗਾਂ ‘ਤੇ ਸਰਕਾਰ ਦੇ ਝੂਠ ਦਾ ਪਰਦਾਫਾਸ਼: ਸਾਂਝੀ ਤਾਲਮੇਲ ਕਮੇਟੀ ਨੇ ਪ੍ਰੈੱਸ ਕਾਨਫਰੰਸ ਕਰਕੇ ਖੋਲ੍ਹੀ ਪੋਲ- ਪੰਨੂੰ, ਲਾਹੌਰੀਆ

ਸੰਗਰੂਰ ਪੱਕੇ ਮੋਰਚੇ ਲਈ ਵਿੱਢੀ ਤਿਆਰੀ: 13 ਤੋਂ 19 ਨਵੰਬਰ ਤੱਕ ਡਟਣਗੇ ਪੰਜਾਬ ਦੇ ਅਧਿਆਪਕ ਤੇ ਮੁਲਾਜ਼ਮ

ਸਰਕਾਰ ਦੇ ਗੁਮਰਾਹਕੁੰਨ ਪ੍ਰਚਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ, ਪੰਜਾਬ ਦੇ ਹਰ ਜ਼ਿਲ੍ਹੇ ਤੋਂ ਸੰਗਰੂਰ ਪਹੁੰਚਣਗੇ ਕਾਫ਼ਲੇ

ਐਲੀਮੈਂਟਰੀ ਟੀਚਰ ਯੂਨੀਅਨ ਦਾ ਵੱਡਾ ਫੈਸਲਾ: ਸੰਗਰੂਰ ਮੋਰਚੇ ਲਈ ਦਿਨ-ਰਾਤ ਦੇ ਪਹਿਰੇ ਵਾਸਤੇ ਲਗਾਏ ਗਏ ਵਿਸ਼ੇਸ਼ ਕੋਟੇ

ਚੰਡੀਗੜ੍ਹ, 5 ਨਵੰਬਰ 2026- ਪੰਜਾਬ ਦੇ ਸਰਕਾਰੀ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਨੇ ਸੂਬਾ ਸਰਕਾਰ ਵਿਰੁੱਧ ਮੋਰਚਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਤਾਲਮੇਲ ਕਮੇਟੀ ਦੇ ਆਗੂਆਂ ਨੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਕੇ ਸੂਬਾ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਸੱਚਾਈ ਜਨਤਾ ਦੇ ਸਾਹਮਣੇ ਰੱਖੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝੀ ਤਾਲਮੇਲ ਕਮੇਟੀ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਆਮ ਲੋਕਾਂ ਵਿੱਚ ਗੁਮਰਾਹਕੁੰਨ ਪ੍ਰਚਾਰ ਕਰ ਰਹੀ ਹੈ।

ਸਰਕਾਰ ਵੱਲੋਂ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਅਜਿਹਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਮੁਲਾਜ਼ਮਾਂ ਦੀਆਂ ਸਾਰੀਆਂ ਹੱਕੀ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹੋਣ, ਜਦੋਂ ਕਿ ਹਕੀਕਤ ਇਸ ਦੇ ਉਲਟ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸੇ ਬਿਆਨਬਾਜ਼ੀ ਅਤੇ ਅਸਲ ਸੱਚਾਈ ਵਿਚਕਾਰਲੇ ਫ਼ਰਕ ਨੂੰ ਨੰਗਾ ਕਰਨ ਲਈ ਹੀ ਆਗੂ ਪੰਨੂੰ ਅਤੇ ਲਾਹੌਰੀਆ ਦੀ ਅਗਵਾਈ ਹੇਠ ਇਹ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।

ਅਧਿਆਪਕ ਆਗੂਆਂ ਨੇ ਸੂਬੇ ਭਰ ਦੇ ਅਧਿਆਪਕਾਂ ਅਤੇ ਮੁਲਾਜ਼ਮ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਲਗਾਏ ਜਾ ਰਹੇ ਵਿਸ਼ਾਲ ‘ਪੱਕੇ ਮੋਰਚੇ’ ਲਈ ਅੱਜ ਤੋਂ ਹੀ ਤਿਆਰੀਆਂ ਆਰੰਭ ਦੇਣ। ਯੂਨੀਅਨ ਵੱਲੋਂ ਹਰੇਕ ਜ਼ਿਲ੍ਹੇ ਦੀਆਂ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਦਿਨ ਦੇ ਸਮੇਂ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਨਾਲ ਲੈ ਕੇ ਮੋਰਚੇ ਵਿੱਚ ਸ਼ਮੂਲੀਅਤ ਕਰਵਾਉਣ।

ਇਸ ਤੋਂ ਇਲਾਵਾ ਸੰਗਰੂਰ ਮੋਰਚੇ ਨੂੰ ਦਿਨ-ਰਾਤ ਨਿਰੰਤਰ ਜਾਰੀ ਰੱਖਣ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਵੱਲੋਂ ਰੋਜ਼ਾਨਾ ਦੋ ਵੱਖਰੀਆਂ ਗੱਡੀਆਂ (ਕਾਰਾਂ) ਰਾਹੀਂ 10-10 ਸਾਥੀਆਂ ਦਾ ਜੱਥਾ ਭੇਜਿਆ ਜਾਵੇਗਾ, ਜੋ ਰਾਤ ਦੇ ਸਮੇਂ ਮੋਰਚੇ ਵਿੱਚ ਹੀ ਠਹਿਰੇਗਾ। ਹਰੇਕ ਸਬੰਧਤ ਯੂਨੀਅਨ ਲਈ ਰਾਤ ਦੇ ਠਹਿਰਾਅ ਦੇ ਕੋਟੇ ਨਿਸ਼ਚਿਤ ਕਰ ਦਿੱਤੇ ਗਏ ਹਨ ਤਾਂ ਜੋ ਮੋਰਚੇ ਦੀ ਡਿਊਟੀ ਬਿਨਾਂ ਕਿਸੇ ਰੋਕ-ਟੋਕ ਦੇ 24 ਘੰਟੇ ਚੱਲਦੀ ਰਹੇ।

ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਪੱਕਾ ਅਤੇ ਸਾਰਥਕ ਹੱਲ ਨਹੀਂ ਕੱਢਦੀ, ਉੱਨਾ ਚਿਰ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਦੇ ਸਮੁੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਇਸ ਟਾਲ-ਮਟੋਲ ਵਾਲੇ ਰਵੱਈਏ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੰਗਰੂਰ ਦਾ ਪੱਕਾ ਮੋਰਚਾ ਸਰਕਾਰ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਵੇਗਾ।

 

Leave a Comment