ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲਣਗੇ 56000 ਕੰਪਿਊਟਰ! ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ
ਸਰਕਾਰੀ ਸਕੂਲਾਂ ਦਾ ਕਾਇਆ-ਕਲਪ: 1 ਦਸੰਬਰ ਤੱਕ 2,004 ਹੋਰ ਸਕੂਲਾਂ ਵਿੱਚ ਸਥਾਪਤ ਹੋਣਗੀਆਂ ਨਵੀਆਂ ਕੰਪਿਊਟਰ ਪ੍ਰਯੋਗਸ਼ਾਲਾਵਾਂ- ਹਰ ਬੱਚੇ ਨੂੰ ਆਧੁਨਿਕ ਤਕਨਾਲੋਜੀ ਅਤੇ ਗੁਣਵੱਤਾਪੂਰਨ ਸਿੱਖਿਆ ਦਾ ਅਧਿਕਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ, 9 ਨਵੰਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਤਬਦੀਲੀ ਲਿਆਉਣ ਲਈ ਆਪਣੀ ਪ੍ਰਮੁੱਖ ਯੋਜਨਾ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਵੱਡਾ ਉੱਦਮ ਕੀਤਾ ਹੈ। ਇਸ ਸਕੀਮ ਹੇਠ ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਅਧਾਰਿਤ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਕੰਪਿਊਟਰ ਅਤੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਯੋਜਨਾ ਦੇ ਪਹਿਲੇ ਗੇੜ ਵਿੱਚ ਲਗਭਗ 396 ਕਰੋੜ ਰੁਪਏ ਦੇ ਨਿਵੇਸ਼ ਨਾਲ 40,003 ਡੈਸਕਟਾਪ ਕੰਪਿਊਟਰ ਪਹਿਲਾਂ ਹੀ ਪ੍ਰਦਾਨ ਕੀਤੇ ਜਾ ਚੁੱਕੇ ਹਨ। ਹੁਣ ਇਸ ਦੇ ਦੂਜੇ ਗੇੜ ਦਾ ਵਿਸਥਾਰ ਕਰਦਿਆਂ 16,180 ਹੋਰ ਨਵੇਂ ਡੈਸਕਟਾਪ ਕੰਪਿਊਟਰ ਜੋੜੇ ਜਾ ਰਹੇ ਹਨ। ਇਸ ਦੇ ਨਾਲ ਹੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੁੱਲ ਕੰਪਿਊਟਰਾਂ ਦੀ ਗਿਣਤੀ 56,183 ਹੋ ਜਾਵੇਗੀ।
ਦੂਜੇ ਗੇੜ ਹੇਠ ਕੰਪਿਊਟਰਾਂ ਦੀ ਵੰਡ ਅਤੇ ਸਥਾਪਨਾ ਦਾ ਕੰਮ 2 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 1 ਦਸੰਬਰ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ। ਪੰਜਾਬ ਸਿੱਖਿਆ ਕ੍ਰਾਂਤੀ ਹੇਠ ਇਸ ਸਾਲ ਪਹਿਲਾਂ ਹੀ 5,064 ਸਕੂਲਾਂ ਤੱਕ ਪਹੁੰਚ ਕੀਤੀ ਗਈ ਸੀ, ਜਦਕਿ 1 ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ ਵਿੱਚ ਨਵੀਆਂ ਕੰਪਿਊਟਰ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ।
ਇਸ ਇਤਿਹਾਸਕ ਪਹਿਲਕਦਮੀ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬੇ ਦੇ ਹਰ ਬੱਚੇ ਨੂੰ, ਚਾਹੇ ਉਹ ਕਿਸੇ ਵੀ ਪਿਛੋਕੜ ਨਾਲ ਸਬੰਧਤ ਹੋਵੇ, ਗੁਣਵੱਤਾਪੂਰਨ ਸਿੱਖਿਆ ਅਤੇ ਆਧੁਨਿਕ ਅਵਸਰ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੇ ਮਾਧਿਅਮ ਨਾਲ ਅਸੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਾਂ ਅਤੇ ਜਮਾਤਾਂ ਵਿੱਚ ਆਧੁਨਿਕ ਤਕਨਾਲੋਜੀ ਸ਼ਾਮਲ ਕਰ ਰਹੇ ਹਾਂ। ਸਾਡਾ ਨਿਸ਼ਾਨਾ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ਦੇ ਹਰ ਬੱਚੇ ਨੂੰ ਬਿਹਤਰ ਭਵਿੱਖ ਦੇ ਨਿਰਮਾਣ ਲਈ ਲੋੜੀਂਦੇ ਸਾਧਨ, ਆਤਮ-ਵਿਸ਼ਵਾਸ ਅਤੇ ਮੌਕੇ ਮਿਲਣ।”
ਦੂਜੇ ਪਾਸੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ, “ਪੰਜਾਬ ਸਿੱਖਿਆ ਕ੍ਰਾਂਤੀ ਕੇਵਲ ਸਕੂਲਾਂ ਦੇ ਢਾਂਚੇ ਵਿੱਚ ਹੀ ਸੁਧਾਰ ਨਹੀਂ ਕਰ ਰਹੀ, ਸਗੋਂ ਇਹ ਹਰ ਵਿਦਿਆਰਥੀ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਹੀ ਹੈ। ਪਹਿਲੇ ਗੇੜ ਵਿੱਚ ਇੰਟਰਐਕਟਿਵ ਫਲੈਟ ਪੈਨਲ ਮੁਹੱਈਆ ਕਰਵਾਏ ਗਏ ਸਨ ਅਤੇ ਹੁਣ ਕੰਪਿਊਟਰ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਇਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਨੂੰ ਤਕਨਾਲੋਜੀ ਦੇ ਨੇੜੇ ਲਿਆਂਦਾ ਜਾ ਰਿਹਾ ਹੈ। ਸਾਡਾ ਮਨੋਰਥ ਪੜ੍ਹਾਈ ਨੂੰ ਵਧੇਰੇ ਰੋਚਕ ਬਣਾਉਣਾ ਅਤੇ ਸਰਕਾਰੀ ਸਕੂਲਾਂ ਨੂੰ ਹਰ ਪੰਜਾਬੀ ਲਈ ਮਾਣ ਦਾ ਸਰੋਤ ਬਣਾਉਣਾ ਹੈ।”
ਕੰਪਿਊਟਰਾਂ ਤੋਂ ਇਲਾਵਾ, ਇਸੇ ਸਾਲ ਪਹਿਲੇ ਗੇੜ ਦੌਰਾਨ 3,694 ਸਰਕਾਰੀ ਸਕੂਲਾਂ ਵਿੱਚ 8,268 ਇੰਟਰਐਕਟਿਵ ਫਲੈਟ ਪੈਨਲ (IFPs) ਵੀ ਭੇਜੇ ਗਏ ਹਨ। ਇਸ ਆਧੁਨਿਕ ਢਾਂਚੇ ਨਾਲ ਅਧਿਆਪਕ ਹੁਣ ਰੋਜ਼ਾਨਾ ਦੇ ਪਾਠਕ੍ਰਮ ਵਿੱਚ ਮਲਟੀਮੀਡੀਆ ਸਰੋਤਾਂ, ਡਿਜੀਟਲ ਸਮੱਗਰੀ ਅਤੇ ਪ੍ਰੈਕਟੀਕਲ ਉਦਾਹਰਣਾਂ ਨੂੰ ਸ਼ਾਮਲ ਕਰ ਸਕਣਗੇ, ਜਿਸ ਨਾਲ ਜਮਾਤ ਵਿੱਚ ਪੜ੍ਹਾਈ ਦਾ ਮਾਹੌਲ ਹੋਰ ਵੀ ਪ੍ਰਭਾਵਸ਼ਾਲੀ ਅਤੇ ਰੋਚਕ ਬਣੇਗਾ।
ਇਹ ਉੱਦਮ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ, ਜਿਸ ਦਾ ਮੁੱਖ ਉਦੇਸ਼ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ਕਰਨਾ, ਸਕੂਲੀ ਢਾਂਚੇ ਨੂੰ ਅਪਗ੍ਰੇਡ ਕਰਨਾ ਅਤੇ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣਾ ਹੈ। ਇਸ ਪ੍ਰੋਗਰਾਮ ਵਿੱਚ ਸਰਕਾਰੀ ਸਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ੀ ਨਿਗਰਾਨੀ ਅਤੇ ਜਵਾਬਦੇਹੀ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਦੇ ਇਸ ਕਦਮ ਨਾਲ ਸਰਕਾਰੀ ਸਕੂਲ ਡਿਜੀਟਲ ਪੜ੍ਹਾਈ ਵੱਲ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਵਿਦਿਆਰਥੀ ਉਚੇਰੀ ਸਿੱਖਿਆ, ਰੋਜ਼ਗਾਰ ਅਤੇ ਤਕਨਾਲੋਜੀ ਦੇ ਮੌਜੂਦਾ ਯੁੱਗ ਵਿੱਚ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਬਣਨਗੇ।
















