Cancer Medicine New MRP- ਕੈਂਸਰ ਮਰੀਜ਼ਾਂ ਲਈ ਵੱਡੀ ਰਾਹਤ: 1364 ਦਵਾਈਆਂ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਲਾਗੂ, 96% ਤੱਕ ਘਟੇ ਰੇਟ
ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ: 96% ਤੱਕ ਘਟੇ ਰੇਟ- ਵੱਧ ਪੈਸੇ ਵਸੂਲਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਮੋਦੀ ਸਰਕਾਰ ਦਾ ਵੱਡਾ ਕਦਮ: ਕੈਂਸਰ ਦੀਆਂ 1364 ਦਵਾਈਆਂ ‘ਤੇ ਟ੍ਰੇਡ ਮਾਰਜਿਨ ਤੈਅ, ਅੱਜ ਤੋਂ ਨਵੀਆਂ MRP ਲਾਗੂ
40 ਹਜ਼ਾਰ ਵਾਲੀ ਕੈਂਸਰ ਦੀ ਦਵਾਈ ਹੁਣ ਮਿਲੇਗੀ ਸਿਰਫ਼ 2720 ਰੁਪਏ ‘ਚ, ਲੋਕਾਂ ਦੇ ਬਚਣਗੇ 3500 ਕਰੋੜ ਤੋਂ ਵੱਧ
ਨਵੀਂ ਦਿੱਲੀ 9 ਨਵੰਬਰ 2026- ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅੱਜ ਇੱਕ ਬਹੁਤ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 1364 ਦਵਾਈਆਂ ਦੀਆਂ ਨਵੀਆਂ ਅਤੇ ਘਟਾਈਆਂ ਗਈਆਂ ਕੀਮਤਾਂ (Cancer Medicine New MRP) ਅੱਜ, 9 ਨਵੰਬਰ 2026 ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਹਨ।
ਸਰਕਾਰ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਨਵੀਂ MRP ਤੋਂ ਵੱਧ ਪੈਸੇ ਵਸੂਲਣ ਵਾਲੇ ਮੈਡੀਕਲ ਸਟੋਰਾਂ, ਕੈਮਿਸਟਾਂ ਅਤੇ ਹਸਪਤਾਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲਜ਼ ਵਿਭਾਗ ਅਧੀਨ ਆਉਂਦੀ ਨੈਸ਼ਨਲ ਫਾਰਮਾਸਿਊਟੀਕਲਜ਼ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੀਆਂ 137 ਮੁੱਖ ਦਵਾਈਆਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਉੱਤੇ ਟਰੇਡ ਮਾਰਜਿਨ ਦੀ ਸੀਮਾ ਤੈਅ ਕਰ ਦਿੱਤੀ ਹੈ।
ਇਹ ਅਹਿਮ ਫੈਸਲਾ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (Directorate General of Health Services- DGHS) ਵੱਲੋਂ 17 ਅਕਤੂਬਰ 2026 ਨੂੰ ਗਠਿਤ ਕੀਤੀ ਗਈ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਲਿਆ ਗਿਆ ਹੈ।
ਲੋਕਾਂ ਦੀ ਹੋਵੇਗੀ 3540 ਕਰੋੜ ਰੁਪਏ ਤੋਂ ਵੱਧ ਦੀ ਬੱਚਤ
ਪ੍ਰਾਪਤ ਜਾਣਕਾਰੀ ਅਨੁਸਾਰ 8 ਨਵੰਬਰ 2026 ਤੱਕ 85 ਫਾਰਮਾ ਕੰਪਨੀਆਂ ਨੇ 121 ਦਵਾਈਆਂ ਦੇ 1364 ਐਂਟੀ-ਕੈਂਸਰ ਫਾਰਮੂਲੇਸ਼ਨਾਂ ਲਈ ਨਵੀਆਂ ਕੀਮਤਾਂ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਇਹਨਾਂ ਵਿੱਚੋਂ 679 ਬ੍ਰਾਂਡਾਂ ਨੇ ਆਪਣੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ 50 ਪ੍ਰਤੀਸ਼ਤ ਤੋਂ ਵੀ ਵੱਧ ਦੀ ਕਟੌਤੀ ਕੀਤੀ ਹੈ। ਦਵਾਈਆਂ ਦੀ ਐਮ.ਆਰ.ਪੀ. ਵਿੱਚ ਸਭ ਤੋਂ ਵੱਡੀ ਕਟੌਤੀ 96.45 ਪ੍ਰਤੀਸ਼ਤ ਤੱਕ ਦਰਜ ਕੀਤੀ ਗਈ ਹੈ।
ਕੀਮਤਾਂ ਵਿੱਚ ਇਸ ਵੱਡੀ ਗਿਰਾਵਟ ਨਾਲ ਦੇਸ਼ ਦੇ ਆਮ ਨਾਗਰਿਕਾਂ ਅਤੇ ਮਰੀਜ਼ਾਂ ਨੂੰ ਸਾਲਾਨਾ ਲਗਭਗ 3540.38 ਕਰੋੜ ਰੁਪਏ ਦੀ ਵੱਡੀ ਬੱਚਤ ਹੋਣ ਦਾ ਅਨੁਮਾਨ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੋ 10-15 ਚੁਣੀਆਂ ਗਈਆਂ ਦਵਾਈਆਂ ਅਜੇ ਤੱਕ ਭਾਰਤੀ ਬਾਜ਼ਾਰ ਵਿੱਚ ਨਹੀਂ ਆਈਆਂ ਹਨ, ਉਹਨਾਂ ਦੇ ਆਉਂਦੇ ਹੀ ਟਰੇਡ ਮਾਰਜਿਨ ਦੀ ਇਹ ਸੀਮਾ ਉੱਥੇ ਵੀ ਲਾਗੂ ਹੋ ਜਾਵੇਗੀ।
40 ਹਜ਼ਾਰ ਵਾਲੀ ਦਵਾਈ ਹੁਣ ਮਿਲੇਗੀ ਮਹਿਜ਼ 2720 ਰੁਪਏ ਵਿੱਚ
ਸਰਕਾਰ ਦੇ ਇਸ ਇਤਿਹਾਸਕ ਕਦਮ ਨਾਲ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕਈ ਮਹੱਤਵਪੂਰਨ ਦਵਾਈਆਂ ਬਹੁਤ ਸਸਤੀਆਂ ਹੋ ਗਈਆਂ ਹਨ।
ਛਾਤੀ ਦੇ ਕੈਂਸਰ (Breast Cancer) ਦੀ ਦਵਾਈ: ਆਰ.ਪੀ.ਜੀ. ਲਾਈਫ ਸਾਇੰਸਜ਼ ਦੀ ‘ਪੈਲਬੋਪ੍ਰੋ’ (ਪੈਲਬੋਸਿਕਲਿਬ 125 ਮਿਲੀਗ੍ਰਾਮ) ਕੈਪਸੂਲ, ਜਿਸ ਦੀ ਕੀਮਤ ਪਹਿਲਾਂ 40,421.33 ਰੁਪਏ ਸੀ, ਹੁਣ ਘਟ ਕੇ ਮਹਿਜ਼ 2,720 ਰੁਪਏ ਰਹਿ ਗਈ ਹੈ।
ਪ੍ਰੋਸਟੇਟ ਕੈਂਸਰ (Prostate Cancer) ਦੀ ਦਵਾਈ: ਅਰਵਿਨਕੇਅਰ ਫਾਰਮਾ ਦੀ ‘ਏਬਿਰੋਨ’ (ਏਬੀਰਾਟੇਰੋਨ ਐਸੀਟੇਟ 250 ਮਿਲੀਗ੍ਰਾਮ) ਟੈਬਲੇਟ, ਜਿਸ ਦੀ ਕੀਮਤ ਪਹਿਲਾਂ 41,250 ਰੁਪਏ ਸੀ, ਹੁਣ ਘਟ ਕੇ 3,218.23 ਰੁਪਏ ਹੋ ਗਈ ਹੈ।
ਗਲਤ ਕੀਮਤ ਵਸੂਲਣ ‘ਤੇ ਇੱਥੇ ਕਰੋ ਸ਼ਿਕਾਇਤ
ਗ੍ਰਾਹਕ ਅਤੇ ਮਰੀਜ਼ ਦਵਾਈ ਦੇ ਪੈਕੇਟ ‘ਤੇ ਛਪੀ ਨਵੀਂ ਐਮ.ਆਰ.ਪੀ. ਦੇਖ ਸਕਦੇ ਹਨ। ਇਸ ਤੋਂ ਇਲਾਵਾ ‘ਫਾਰਮਾ ਸਹੀ ਦਮ’ ਮੋਬਾਈਲ ਐਪਲੀਕੇਸ਼ਨ ਜਾਂ NPPA ਦੀ ਅਧਿਕਾਰਤ ਵੈੱਬਸਾਈਟ (nppa.gov.in) ਰਾਹੀਂ ਵੀ ਦਵਾਈਆਂ ਦੀਆਂ ਸਹੀ ਕੀਮਤਾਂ ਦੀ ਤਸਦੀਕ ਕੀਤੀ ਜਾ ਸਕਦੀ ਹੈ। ਕੋਈ ਵੀ ਕੈਮਿਸਟ, ਮੈਡੀਕਲ ਸਟੋਰ ਜਾਂ ਹਸਪਤਾਲ ਦੀ ਫਾਰਮੇਸੀ ਨਵੀਂ ਕੀਮਤ ਤੋਂ ਵੱਧ ਪੈਸੇ ਨਹੀਂ ਲੈ ਸਕਦੀ।
ਜੇਕਰ ਕੋਈ ਦੁਕਾਨਦਾਰ ਜਾਂ ਹਸਪਤਾਲ ਨਵੀਂ ਐਮ.ਆਰ.ਪੀ. ਤੋਂ ਵੱਧ ਪੈਸੇ ਵਸੂਲਦਾ ਹੈ, ਤਾਂ ਗ੍ਰਾਹਕ ‘ਫਾਰਮਾ ਜਨ ਸਮਾਧਾਨ’ ਪੋਰਟਲ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ NPPA ਦੇ ਟੋਲ-ਫ੍ਰੀ ਹੈਲਪਲਾਈਨ ਨੰਬਰ 1800-111-255 ‘ਤੇ ਸੰਪਰਕ ਕਰ ਸਕਦੇ ਹਨ।
















